ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਹੋਕਾ ਦੇਂਦਿਆ ਸਰਕਾਰੀ ਪੌਲੀਟੈਕਨਿਕ ਬਟਾਲਾ ਦੇ ਰੈਡ ਰਿਬਨ ਕਲੱਬ ਨੇ ਕੱਢੀ ਰੈਲੀ
ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਨੌਜਵਾਨਾਂ ਦੀ ਭੂਮਿਕਾ ਅਹਿਮ : ਦਵਿੰਦਰ ਸਿੰਘ ਭੱਟੀ
ਰੋਹਿਤ ਗੁਪਤਾ

ਬਟਾਲਾ, 3 ਸਤੰਬਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਰੈਡ ਰਿਬਨ ਕਲੱਬ ਅਤੇ ਐਨ.ਐਸ.ਐਸ. ਯੂਨਿਟ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਪ੍ਰਿੰ ਦਵਿੰਦਰ ਸਿੰਘ ਭੱਟੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਹੀ ਤਬਾਹ ਨਹੀਂ ਕਰਦਾ, ਸਗੋਂ ਇਸ ਦਾ ਮਾੜਾ ਪ੍ਰਭਾਵ ਪੂਰੇ ਪਰਿਵਾਰ ਅਤੇ ਸਮਾਜ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਅਤੇ ਸਮਾਜ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਜੇਕਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਊਰਜਾ ਸਿੱਖਿਆ, ਖੇਡਾਂ, ਹੁਨਰ ਵਿਕਾਸ ਅਤੇ ਸਮਾਜ ਸੇਵਾ ਵਿੱਚ ਲਗਾਉਣ ਤਾਂ ਪੰਜਾਬ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਖੁਦ ਦੂਰ ਰਹਿਣ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੇ ਨੌਜਵਾਨਾਂ ਨੂੰ ਵੀ ਇਸ ਬੁਰਾਈ ਤੋਂ ਬਚਾਉਣ ਲਈ ਜਾਗਰੂਕ ਕਰਨ ਦੀ ਅਪੀਲ ਕੀਤੀ।
ਇਸ ਉਪਰੰਤ ਮਕੈਨੀਕਲ ਵਿਭਾਗ ਦੇ ਮੁਖੀ ਹਿਤੇਸ਼ ਕੁਮਾਰ, ਸਿਵਲ ਵਿਭਾਗ ਦੇ ਇੰਚਾਰਜ ਸ਼ਿਵਰਾਜਨਪੁਰੀ, ਈ.ਸੀ.ਈ. ਵਿਭਾਗ ਦੀ ਇੰਚਾਰਜ ਮੈਡਮ ਰਮਨਦੀਪ ਕੌਰ, ਪਲੇਸਮੈਂਟ ਅਫਸਰ ਜਸਬੀਰ ਸਿੰਘ ਅਤੇ ਸਪੋਰਟਸ ਅਫਸਰ ਜਗਦੀਪ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਤ ਤੋਂ ਬਚਣ ਲਈ ਨੌਜਵਾਨਾਂ ਨੂੰ ਆਪਣਾ ਧਿਆਨ ਰਚਨਾਤਮਕ ਅਤੇ ਉਸਾਰੂ ਗਤੀਵਿਧੀਆਂ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ, ਆਪਣੀ ਪ੍ਰਤਿਭਾ ਨੂੰ ਨਿਖਾਰਨ ਅਤੇ ਆਪਣੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਰੈਡ ਰਿਬਨ ਕਲੱਬ ਦੇ ਨੋਡਲ ਅਫਸਰ ਤੇਜ ਪ੍ਰਤਾਪ ਸਿੰਘ ਕਾਹਲੋ ਨੇ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਵਿਰੁੱਧ ਕਾਲਜ ਵੱਲੋਂ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮਾਂ ਦੀ ਰੂਪ-ਰੇਖਾ ਅਤੇ ਇਨ੍ਹਾਂ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਕਰਕੇ ਉਨ੍ਹਾਂ ਦੀ ਊਰਜਾ ਨੂੰ ਸੁਚਾਰੂ ਅਤੇ ਉਸਾਰੂ ਕਾਰਜਾਂ ਵੱਲ ਮੋੜਨਾ ਰੈਡ ਰਿਬਨ ਕਲੱਬ ਅਤੇ ਐਨ.ਐਸ.ਐਸ. ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਹੀ ਨਸ਼ਿਆਂ ਵਿਰੁੱਧ ਲੜਾਈ ਦੀ ਸਭ ਤੋਂ ਮਜ਼ਬੂਤ ਨੀਂਹ ਹੈ ਅਤੇ ਨੌਜਵਾਨਾਂ ਦੀ ਸਰਗਰਮ ਭੂਮਿਕਾ ਤੋਂ ਬਿਨਾਂ ਇਸ ਮੁਹਿੰਮ ਨੂੰ ਸਫਲ ਨਹੀਂ ਬਣਾਇਆ ਜਾ ਸਕਦਾ।
ਸੈਮੀਨਾਰ ਉਪਰੰਤ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਵੀ ਕੱਢੀ ਗਈ। ਰੈਲੀ ਦੌਰਾਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਦਾ ਸੁਨੇਹਾ ਦਿੰਦੇ ਨਾਅਰੇ ਲਗਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦਾ ਸੰਕਲਪ ਲਿਆ।
ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਇੰਚਾਰਜ ਵਿਜੇ ਕੁਮਾਰ ਮਿਨਹਾਸ, ਮੈਡਮ ਰੇਖਾ, ਹਰਜਿੰਦਰਪਾਲ ਸਿੰਘ, ਸਨਿਮਰਜੀਤ ਕੌਰ, ਸ਼ਾਲਿਨੀ ਮਹਾਜਨ, ਅਤੀਸ਼ ਕੁਮਾਰ, ਬਲਵਿੰਦਰ ਸਿੰਘ, ਹਰਿੰਦਰ ਸਿੰਘ, ਸੁਪਰਡੈਂਟ ਹਰਪਾਲ ਸਿੰਘ ਭਾਂਮੜੀ, ਹੁਨਰਬੀਰ ਸਿੰਘ, ਅੰਗਦਪ੍ਰੀਤ ਸਿੰਘ, ਨਵਜੋਤ ਸਲਾਰੀਆ, ਗੁਲਜ਼ਾਰ, ਅਰਜਿੰਦਰ ਕੁਮਾਰ, ਰੋਹਿਤ ਵਾਡਰਾ, ਜਸਪ੍ਰੀਤ ਕੌਰ, ਰੰਜੂ ਓਹਰੀ, ਰਜਨੀਤ ਮੱਲੀ, ਸੁਖਵਿੰਦਰ ਸਿੰਘ ਐਫ.ਆਈ., ਸਚਿਨ ਅਠਵਾਲ, ਮਨਦੀਪ ਸਿੰਘ, ਰਮਨਦੀਪ ਸਿੰਘ, ਹਰਜਿੰਦਰ ਕੌਰ, ਕਮਲਜੀਤ ਕੌਰ, ਕਿਰਨਜੀਤ ਕੌਰ, ਜਤਿੰਦਰ ਕੁਮਾਰ, ਸੁਰਜੀਤ ਰਾਮ, ਸਤਿੰਦਰ ਕੌਰ, ਕੁਲਵਿੰਦਰ ਕੌਰ, ਰਾਮ ਸਿੰਘ, ਜਤਿੰਦਰ ਸਿੰਘ ਅਤੇ ਅਤੁਲ ਆਦਿ ਵੀ ਹਾਜ਼ਰ ਸਨ।
- Download Babushahi App
-
-