ਨਬਾਲਗ ਲੜਕੀ ਦੇ ਅਗਵਾ ਮਾਮਲੇ 'ਚ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਕਿੱਲਿਆਂਵਾਲੀ ਥਾਣੇ ਅੱਗੇ ਧਰਨਾ
ਥਾਣਾ ਮੁਖੀ ਵੱਲੋਂ ਇਨਸਾਫ਼ ਦਾ ਭਰੋਸਾ
ਅਸ਼ੋਕ ਵਰਮਾ
ਲੰਬੀ ,3 ਅਗਸਤ 2026 : ਮੰਡੀ ਕਿੱਲਿਆਂਵਾਲੀ ਵਿਖੇ ਰਹਿੰਦੇ ਮਜ਼ਦੂਰ ਪਰਿਵਾਰ ਦੀ ਲਾਪਤਾ ਨਾਬਾਲਗ ਲੜਕੀ ਸਬੰਧੀ ਪੀੜਤ ਪਰਿਵਾਰ ਵੱਲੋਂ ਥਾਣਾ ਕਿੱਲਿਆਂਵਾਲੀ ਵਿਖੇ ਇੱਕ ਕਾਂਗਰਸੀ ਆਗੂ ਦੇ ਪੁੱਤਰ ਨਵਜੋਤ ਸਿੰਘ ਖਿਲਾਫ਼ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਸਿਆਸੀ ਦਬਾਅ ਕਾਰਨ ਢੁਕਵੀਂ ਕਾਰਵਾਈ ਨਾਂ ਕਰਨ ਸਦਕਾ ਅੱਜ ਪੁਲਿਸ ਥਾਣਾ ਮੰਡੀ ਕਿੱਲਿਆਂਵਾਲੀ ਵਿਖੇ ਧਰਨਾ ਦਿੱਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਲਾ ਸਿੰਘ ਖੂਨਣ ਖੁਰਦ, ਮਹਿਲਾ ਮਜ਼ਦੂਰ ਆਗੂ ਤਾਰਾਵੰਤੀ ,ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਤੇ ਬਲਾਕ ਸਕੱਤਰ ਰਾਮਪਾਲ ਸਿੰਘ ਗੱਗੜ ਨੇ ਦੋਸ਼ ਲਾਇਆ ਕਿ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਨਬਾਲਗ ਲੜਕੀ 28 ਜੁਲਾਈ ਤੋਂ ਲਾਪਤਾ ਹੋਣ ਅਤੇ ਪੁਲਿਸ ਵੱਲੋਂ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੇ ਪੁੱਤਰ ਨਵਜੋਤ ਸਿੰਘ ਨਿੱਪੀ ਨੂੰ ਇਸ ਮਾਮਲੇ ਚ ਨਾਮਜ਼ਦ ਕਰਨ ਦੇ ਬਾਵਜੂਦ ਅਜੇ ਤੱਕ ਲੜਕੀ ਨੂੰ ਲੱਭਣ ਚ ਪੁਲਿਸ ਨਾਕਾਮ ਸਿੱਧ ਹੋਈ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਜਥੇਬੰਦੀ ਦੇ ਆਗੂਆਂ ਵੱਲੋਂ ਨਾਮਜ਼ਦ ਦੋਸ਼ੀ ਦੇ ਪਿਤਾ ਗੁਰਜੰਟ ਸਿੰਘ ਬਰਾੜ ਦਾ ਪੱਖ ਜਾਣਨ ਦੇ ਲਈ ਸੰਪਰਕ ਕੀਤਾ ਗਿਆ ਪ੍ਰੰਤੂ ਉਹਦੇ ਨੇ ਕੋਈ ਸਾਰਥਿਕ ਹੁੰਗਾਰਾ ਨਹੀਂ ਭਰਿਆ। ਖੇਤ ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਆਪ ਸਰਕਾਰ ਦੇ ਰਾਜ਼ ਦੌਰਾਨ ਦਲਿਤਾਂ 'ਤੇ ਜ਼ਬਰ ਜ਼ੁਲਮ ਦੀਆਂ ਘਟਨਾਵਾਂ 'ਚ ਕਈ ਗੁਣਾਂ ਵਾਧਾ ਹੋਇਆ ਹੈ ਅਤੇ ਇਸ ਰਾਜ਼ 'ਚ ਲੋਕਾਂ ਦੀ ਸੁਰੱਖਿਆ ਆਏ ਦਿਨ ਖ਼ਤਰੇ ਮੂੰਹ ਆਈ ਰਹਿੰਦੀ ਹੈ। ਮਜ਼ਦੂਰ ਆਗੂਆਂ ਨੇ ਆਖਿਆ ਕਿ ਵੀ ਆਈ ਪੀ ਕਲਚਰ ਖ਼ਤਮ ਕਰਨ ਵਰਗੇ ਦਾਅਵੇ ਕਰਕੇ ਸਤਾ 'ਚ ਆਈ ਭਗਵੰਤ ਮਾਨ ਸਰਕਾਰ ਦੇ ਨੁਮਾਇੰਦੇ ਵੱਡੀ ਪੱਧਰ 'ਤੇ ਗੰਨਮੈਨ ਲਈ ਫਿਰਦੇ ਹਨ ਅਤੇ ਨਿੱਤ ਦਿਨ ਅਗਵਾ, ਫ਼ਿਰੌਤੀਆਂ,ਕਤਲ ਤੇ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਉਹਨਾਂ ਦੋਸ਼ ਲਾਇਆ ਕਿ ਗੁਰਜੰਟ ਸਿੰਘ ਬਰਾੜ ਦੇ ਸਿਆਸੀ ਤੇ ਵਿੱਤੀ ਅਸਰ ਰਖੂਸ ਕਾਰਨ ਪੁਲੀਸ ਵੱਲੋਂ ਕੇਸ 'ਚ ਜਾਣਬੁੱਝ ਕੇ ਬਣਦੀਆਂ ਧਾਰਾਵਾਂ ਨਹੀਂ ਲਾਈਆਂ ਗਈਆਂ ਅਤੇ ਲਾਪਤਾ ਨਾਬਾਲਗ ਮਜ਼ਦੂਰ ਲੜਕੀ ਨੂੰ ਲੱਭਣ ਵਿੱਚ ਕੋਈ ਦਿਲਚਸਪੀ ਨਹੀਂ ਲਈ ਜਾ ਰਹੀ। ਧਰਨੇ ਦੌਰਾਨ ਥਾਣਾ ਮੁਖੀ ਵੱਲੋਂ ਜਥੇਬੰਦੀ ਦੇ ਵਫ਼ਦ ਨਾਲ ਗੱਲਬਾਤ ਕਰਨ ਉਪਰੰਤ ਧਰਨੇ 'ਚ ਪਹੁੰਚ ਕੇ ਜਲਦੀ ਹੀ ਨਾਮਜ਼ਦ ਦੋਸ਼ੀ ਨੂੰ ਗਿਰਫ਼ਤਾਰ ਕਰਨ, ਨਾਬਾਲਗ ਲੜਕੀ ਨੂੰ ਬਰਾਮਦ ਕਰਨ ਅਤੇ ਕੇਸ 'ਚ ਐਸ ਸੀ /ਐਸ ਟੀ ਐਕਟ ਅਤੇ ਪੋਕਸੋ ਐਕਟ ਸਮੇਤ ਬਣਦੀਆਂ ਧਾਰਾਵਾਂ ਦਾ ਵਾਧਾ ਕਰਨ ਦਾ ਭਰੋਸਾ ਦਿੱਤਾ ਗਿਆ। ਖੇਤ ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾਂ ਦਿੱਤਾ ਗਿਆ ਤਾਂ ਆਉਂਦੇ ਦਿਨਾਂ ਦੌਰਾਨ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
- Download Babushahi App
-
-