ਨਗਰ ਕੌਂਸਲ ਨਵਾਂਸ਼ਹਿਰ ਦੇ ਕਰਮਚਾਰੀਆਂ ਵੱਲੋਂ ਤੀਜੇ ਦਿਨ ਵੀ ਮੁਕੰਮਲ ਹੜਤਾਲ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ 08 ਮਈ , 2026
ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਉਤੇ ਅੱਜ ਨਗਰ ਕੌਂਸਲ ਨਵਾਂਸ਼ਹਿਰ ਦੇ ਕਰਮਚਾਰੀਆਂ ਨੇ ਤੀਜੇ ਦਿਨ ਵੀ ਮੁਕੰਮਲ ਹੜਤਾਲ਼ ਕੀਤੀ।ਇਸ ਮੌਕੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ,ਕਰਮਚਾਰੀ ਸੰਗਠਨ ਦੇ ਜਿਲਾ ਪ੍ਰਧਾਨ ਸੰਨੀ ਬਘਾਨੀਆ,ਨਵਾਂਸ਼ਹਿਰ ਦੇ ਪ੍ਰਧਾਨ ਸੂਰਜ ਖੋਸਲਾ,, ਚੇਅਰਮੈਨ ਦੀਪਕ ਖੋਸਲਾ, ਭਾਵਾਧਸ ਦੇ ਪ੍ਰਧਾਨ ਵਿੱਕੀ ਗਿੱਲ ਨੇ ਸੰਬੋਧਨ ਕੀਤਾ।
ਉਹਨਾਂ ਕਿਹਾ ਕਿ ਮਿਉਂਸਪਲ ਕਰਮਚਾਰੀਆਂ ਦੀ ਪੰਜਾਬ ਭਰ 'ਚ ਤੀਜੇ ਦਿਨ ਵੀ ਮੁਕੰਮਲ ਹੜਤਾਲ ਰਹੀ।
ਪੰਜਾਬ ਭਰ ਚ ਸਫਾਈ ਕੰਮ ਦਾ ਮੁਕੰਮਲ ਬਾਈਕਾਟ ਰਿਹਾ।
ਕੱਚੇ ਕਾਮੇ ਪੱਕੇ ਕਰਨ, ਘਟੋਂ ਘੱਟ ਉਜਰਤ 40 ਹਜਾਰ ਕਰਨ ਸਮੇਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਹੋਰ ਮੰਗਾਂ ਨੂੰ ਲੈਕੇ ਪੰਜਾਬ ਭਰ ਦੇ ਨਿਗਮਾ,ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਦੇ ਅਧੀਨ 150 ਤੋਂ ਵਧ ਸਟੇਸ਼ਨਾ ਤੇ ਸਫਾਈ ਸੇਵਕਾਂ ਨੇ ਮੁਕੰਮਲ ਹੜਤਾਲ ਕਰ ਦਿੱਤੀ ਹੈ ਜੋ ਮੰਗਾਂ ਦੀ ਪੂਰਤੀ ਤਕ ਜਾਰੀ ਰਹੇਗੀ!
ਆਗੂਆਂ ਕਿਹਾ ਕਿ ਇਹ ਹੜਤਾਲ਼ ਸਾਡਾ ਕੋਈ ਸ਼ੌਕ ਨਹੀਂ ਮਜ਼ਬੂਰੀ ਹੈ! ਕਿਉਕਿ ਪੰਜਾਬ ਦਾ 90% ਮੁਲਾਜਮ ਕੱਚਾ ਹੈ ਤੇ ਮਾਤਰ 10 ਹਜਾਰ ਨਿਗੁਣੀ ਤਨਖਾਹ ਤੇ ਕੰਮ ਕਰ ਰਿਹਾ ਹੈ!ਮਹਿੰਗਾਈ ਕਰਕੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਅੱਜ ਤੋਂ ਲਗਭਗ ਸਾਢੇ 4 ਸਾਲ ਪਹਿਲਾਂ ਸੱਤਾ ਵਿਚ ਆਉਣ ਵਾਲੀ ਮਾਨ ਸਰਕਾਰ ਇਹਨਾਂ ਹੀ ਸਫ਼ਾਈ ਸੇਵਕਾ ਦਾ ਝਾੜੂ ਵਾਲਾ ਨਿਸ਼ਾਨ ਲੈ ਕੇ ਵੋਟਾਂ ਮੰਗ ਕੇ ਸੱਤਾ ਵਿਚ ਆਈ ਸੀ।ਉਸ ਵੇਲ਼ੇ ਮਾਨਯੋਗ ਮੁੱਖ ਮੰਤਰੀ ਵੱਲੋਂ ਕਿਹਾ ਸੀ ਕੇ ਸਾਡੀ ਸਰਕਾਰ ਵਿਚ ਕਿਸੇ ਨੂੰ ਵੀ ਧਰਨੇ , ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ,ਪਰ ਹੋਇਆ ਇਸ ਦੇ ਉਲਟ! ਆਗੂਆਂ ਕਿਹਾ ਕੇ ਸਫ਼ਾਈ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਦਿੱਤੀਆਂ ਜਾਣ, ਘਟੋਂ ਘੱਟ ਉਜਰਤ 40000 ਪ੍ਰਤੀ ਮਹੀਨਾ ਕੀਤੀ ਜਾਵੇ, ਕੱਚੇ ਮੁਲਾਜ਼ਮ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ!ਉਹਨਾਂ ਕਿਹਾ ਕੇ ਪੰਜਾਬ ਸਰਕਾਰ ਲੰਬੇ ਸਮੇ ਤੋਂ ਲਾਰੇ ਲਾ ਰਹੀ ਹੈ! ਮੀਟਿੰਗ ਦੇਕੇ ਮੁਕਰ ਜਾਂਦੀ! ਇਸ ਲਈ ਹੁਣ ਆਰ ਪਾਰ ਦੇ ਸੰਘਰਸ਼ ਦੀ ਅਸੀਂ ਤਿਆਰੀ ਕਰ ਲਈ ਹੈ!
ਆਗੂਆਂ ਨੇ ਕਿਹਾ ਜ਼ੇਕਰ ਉਹਨਾਂ ਦੀਆਂ ਮੰਗਾਂ ਜਲਦ ਨਾ ਮੰਨੀਆ ਗਈਆਂ ਤਾਂ ਪੰਜਾਬ ਸਰਕਾਰ ਸਿਆਸੀ ਨੁਕਸਾਨ ਝੱਲਣ ਲਈ ਤਿਆਰ ਰਹੇ!
- Download Babushahi App
-
-