ਤਰਨ ਤਾਰਨ : 50 ਪੇਟੀਆਂ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੀ ਤੇਜ਼-ਰਫ਼ਤਾਰ ਫਾਰਚੂਨਰ ਗੱਡੀ ਡਿਵਾਈਡਰ 'ਤੇ ਚੜ੍ਹ ਕੇ ਖੇਤਾਂ 'ਚ ਪਲਟੀ
ਪੱਟੀ/ਤਰਨ ਤਾਰਨ, 16 ਨਵੰਬਰ, 2026 (ਬਲਜੀਤ ਸਿੰਘ): ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਰਹਾਲੀ ਨਜ਼ਦੀਕ ਅੱਜ ਤੜਕਸਾਰ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਨਾਜਾਇਜ਼ ਸ਼ਰਾਬ ਦੀ ਤਸਕਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਫ਼ਿਰੋਜ਼ਪੁਰ ਵਾਲੀ ਸਾਈਡ ਤੋਂ 50 ਪੇਟੀਆਂ ਨਾਜਾਇਜ਼ ਸ਼ਰਾਬ ਲੱਦ ਕੇ ਲਿਆ ਰਹੀ ਇੱਕ ਤੇਜ਼-ਰਫ਼ਤਾਰ ਫਾਰਚੂਨਰ (Fortuner) ਗੱਡੀ ਸਰਹਾਲੀ ਦੇ ਨਜ਼ਦੀਕ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ 'ਤੇ ਚੜ੍ਹ ਗਈ ਅਤੇ ਸਿੱਧੀ ਨਾਲ ਲੱਗਦੇ ਖੇਤਾਂ ਵਿੱਚ ਜਾ ਪਲਟੀ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਨੁਕਸਾਨੀ ਗਈ ਗੱਡੀ ਵਿੱਚ ਫਸੇ ਡਰਾਈਵਰ ਗੁਰਮੁਖ ਸਿੰਘ ਨੂੰ ਬਾਹਰ ਕੱਢਿਆ। ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਅਗਲੇਰੇ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਾਲੀ ਦੇ ਏ.ਐੱਸ.ਆਈ. (ASI) ਧੀਰ ਸਿੰਘ ਅਤੇ ਆਬਕਾਰੀ ਵਿਭਾਗ (Excise Department) ਤਰਨ ਤਾਰਨ ਦੇ ਈ.ਟੀ.ਓ. (ETO) ਨੇ ਦੱਸਿਆ ਕਿ ਹਾਦਸੇ ਉਪਰੰਤ ਜਦੋਂ ਪੁਲਿਸ ਵੱਲੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 50 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਫਿਲਹਾਲ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਸਮੇਤ ਫਾਰਚੂਨਰ ਗੱਡੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜ਼ਖ਼ਮੀ ਡਰਾਈਵਰ ਗੁਰਮੁਖ ਸਿੰਘ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।
- Download Babushahi App
-
-