ਤਰਨਤਾਰਨ 'ਚ ਬਗੈਰ ਜੰਗਲੇ ਵਾਲਾ ਪੁਲ ਦੇ ਰਿਹੈ ਹਾਦਸਿਆਂ ਨੂੰ ਸੱਦਾ, ਪ੍ਰਸ਼ਾਸਨ ਦੀ ਲਾਪਰਵਾਹੀ ’ਤੇ ਸਵਾਲ
ਕਈ ਸਾਲਾਂ ਤੋਂ ਪੁਲ ਦੇ ਦੋਵੇਂ ਪਾਸੇ ਲੋਹੇ ਦੇ ਜੰਗਲੇ ਗਾਇਬ, ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਵਿਭਾਗ : ਕਾਮਰੇਡ ਹੀਰਾ ਸਿੰਘ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 23 ਅਗਸਤ 2026- ਤਰਨਤਾਰਨ ਦੇ ਨੂਰਦੀ ਅੱਡੇ ਤੋਂ ਝਬਾਲ ਅਤੇ ਸਰਾਏ ਅਮਾਨਤ ਖਾਂ ਨੂੰ ਜਾਣ ਵਾਲੀ ਡਿਫੈਂਸ ਰੋਡ ’ਤੇ ਕੇ.ਡੀ. ਸਕੂਲ ਨੇੜੇ ਰੋਹੀ ਦੇ ਪੁਲ ਦੇ ਦੋਵੇਂ ਪਾਸੇ ਲੋਹੇ ਦੇ ਜੰਗਲੇ ਨਾ ਹੋਣ ਕਾਰਨ ਇਹ ਪੁਲ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਪੁਲ ਦੇ ਜੰਗਲੇ ਚੋਰੀ ਹੋਇਆਂ ਨੂੰ ਕਈ ਸਾਲ ਬੀਤ ਚੁੱਕੇ ਹਨ,ਪਰ ਸਬੰਧਿਤ ਵਿਭਾਗ ਵੱਲੋਂ ਅਜੇ ਤੱਕ ਇੱਥੇ ਨਵੇਂ ਜੰਗਲੇ ਨਹੀਂ ਲਗਾਏ ਗਏ।
ਇਸ ਸਬੰਧੀ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਤਹਿਸੀਲ ਸਕੱਤਰ ਸੀ.ਪੀ.ਆਈ. (ਐਮ) ਨੇ ਕਿਹਾ ਕਿ ਇਸ ਪੁਲ ਤੋਂ ਅਟਾਰੀ,ਝਬਾਲ,ਭਿੱਖੀਵਿੰਡ ਅਤੇ ਦਿਆਲਪੁਰਾ ਵੱਲੋਂ ਆਉਣ ਵਾਲੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਤੋਂ ਇਲਾਵਾ ਸਕੂਲੀ ਬੱਸਾਂ,ਬੈਟਰੀ ਆਟੋ,ਈ-ਬਾਈਕ,ਸਕੂਟਰ ਅਤੇ ਮੋਟਰਸਾਈਕਲ ਸਾਰਾ ਦਿਨ ਲੰਘਦੇ ਹਨ। ਪੁਲ ਦੇ ਦੋਵੇਂ ਪਾਸੇ ਜੰਗਲੇ ਨਾ ਹੋਣ ਕਾਰਨ ਕਿਸੇ ਵੀ ਸਮੇਂ ਕੋਈ ਵਾਹਨ ਰੋਹੀ ਵਿੱਚ ਡਿੱਗ ਸਕਦਾ ਹੈ,ਜਿਸ ਨਾਲ ਵੱਡਾ ਹਾਦਸਾ ਵਾਪਰਨ ਅਤੇ ਕੀਮਤੀ ਜਾਨਾਂ ਜਾਣ ਦਾ ਖਤਰਾ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਸਬੰਧਿਤ ਵਿਭਾਗ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੋਣ ਦੇ ਦਾਅਵੇ ਤਾਂ ਕਰਦਾ ਹੈ,ਪਰ ਇਸ ਪੁਲ ਦੀ ਹਾਲਤ ਇਸ ਦੇ ਉਲਟ ਤਸਵੀਰ ਪੇਸ਼ ਕਰ ਰਹੀ ਹੈ।
ਕਾਮਰੇਡ ਹੀਰਾ ਸਿੰਘ ਨੇ ਦੱਸਿਆ ਕਿ ਰੋਹੀ ਦੇ ਪੁਲ ਹੇਠਾਂ ਅਕਸਰ ਅਵਾਰਾ ਕੁੱਤਿਆਂ ਦੇ ਝੁੰਡ ਵੀ ਮੌਜੂਦ ਰਹਿੰਦੇ ਹਨ, ਜਿਸ ਕਾਰਨ ਬੱਚਿਆਂ,ਬਜ਼ੁਰਗਾਂ ਅਤੇ ਰਾਹਗੀਰਾਂ ਲਈ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ।
ਉਨ੍ਹਾਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਰੋਹੀ ਦੇ ਪੁਲ ਦੇ ਦੋਵੇਂ ਪਾਸੇ ਤੁਰੰਤ ਲੋਹੇ ਦੇ ਜੰਗਲੇ ਲਗਾਏ ਜਾਣ।ਇਸ ਤੋਂ ਇਲਾਵਾ ਰੋਹੀ ਦੇ ਦੋਵੇਂ ਪਾਸੇ ਸ਼ਹਿਰ ਵੱਲ ਆਉਂਦੀਆਂ ਲਿੰਕ ਸੜਕਾਂ ਦੇ ਕਿਨਾਰਿਆਂ ’ਤੇ ਉੱਗੀਆਂ ਵੱਡੀਆਂ ਝਾੜੀਆਂ ਨੂੰ ਵੀ ਕੱਟਿਆ ਜਾਵੇ, ਤਾਂ ਜੋ ਰਾਹਗੀਰ ਬਿਨਾਂ ਕਿਸੇ ਡਰ-ਭੈਅ ਦੇ ਇਸ ਰਸਤੇ ਤੋਂ ਲੰਘ ਸਕਣ।
ਇਸ ਮੌਕੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਪੰਜਾਬ ਦੇ ਸੂਬਾਈ ਆਗੂ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਚੇਅਰਮੈਨ ਕਾਮਰੇਡ ਜਸਵਿੰਦਰ ਸਿੰਘ ਮਾਨੋਚਾਹਲ, ਜ਼ਿਲ੍ਹਾ ਪ੍ਰਧਾਨ ਕਾਮਰੇਡ ਕਰਮ ਸਿੰਘ ਲਾਲਪੁਰਾ,ਡਾ. ਨਰਿੰਦਰ ਸਿੰਘ ਬਘਿਆੜੀ,ਕਾਮਰੇਡ ਕੁਲਵੰਤ ਸਿੰਘ ਛਾਪਾ, ਕਾਮਰੇਡ ਮਲੂਕ ਸਿੰਘ ਝਬਾਲ,ਕਾਮਰੇਡ ਅਜਮੇਰ ਸਿੰਘ ਆਦਿ ਆਗੂ ਹਾਜ਼ਰ ਸਨ।
- Download Babushahi App
-
-