ਤਰਨਜੋਤ ਸੁਸਾਇਟੀ ਬੱਲ੍ਹੋ ਦਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆ ਵੱਲੋਂ ਕਿਸਾਨ ਮੇਲੇ ਤੇ ਸਨਮਾਨ
ਅਸ਼ੋਕ ਵਰਮਾ
ਰਾਮਪੁਰਾ ਫੂਲ , 08ਅਕਤੂਬਰ 2026:ਵਾਤਾਵਰਨ ਦੀ ਸ਼ੁੱਧਤਾ ਅਤੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਨਿਰੰਤਰ ਕਾਰਜਸ਼ੀਲ 'ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ' ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਬਠਿੰਡਾ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦੌਰਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਵੱਲੋਂ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਮੰਤਰੀ ਨੇ ਸੁਸਾਇਟੀ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਅਤੇ ਵਾਤਾਵਰਨ ਪੱਖੀ ਪਹਿਲਕਦਮੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਸਮਾਜ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਕੁਦਰਤ ਅਤੇ ਵਾਤਾਵਰਨ ਦੀ ਰਾਖੀ ਲਈ ਵਿਸ਼ੇਸ਼ ਪਛਾਣ ਬਣਾ ਚੁੱਕੀ ਹੈ। ਸੁਸਾਇਟੀ ਦੇ ਸਲਾਹਕਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪਿੰਡ ਦੇ ਉਨ੍ਹਾਂ ਜਾਗਰੂਕ ਕਿਸਾਨਾਂ ਨੂੰ 500 ਰੁਪਏ ਮਾਣਭੇਟਾ ਵਜੋਂ ਦਿੱਤੇ ਗਏ ਹਨ, ਜਿਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ।
ਉਨ੍ਹਾਂ ਅੱਗੇ ਦੱਸਿਆ ਕਿ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਸਹੂਲਤ ਅਤੇ ਪਰਾਲੀ ਪ੍ਰਬੰਧਨ ਲਈ ਸੁਸਾਇਟੀ ਵੱਲੋਂ 4 ਬੇਲਰ ਮੁਫ਼ਤ ਮੁਹੱਈਆ ਕਰਵਾਏ ਗਏ ਹਨ, ਤਾਂ ਜੋ ਕਿਸਾਨ ਬਿਨਾਂ ਕਿਸੇ ਆਰਥਿਕ ਬੋਝ ਦੇ ਪਰਾਲੀ ਦਾ ਨਿਪਟਾਰਾ ਕਰ ਸਕਣ।
ਇਸ ਤੋਂ ਇਲਾਵਾ, ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਸੁਸਾਇਟੀ ਵੱਲੋਂ ਇੱਕ ਅਨੋਖੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਲੋਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੇ ਬਦਲੇ ਗੁੜ ਵੰਡ ਕੇ ਜਾਗਰੂਕ ਕੀਤਾ ਜਾਂਦਾ ਹੈ। ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਵੱਡੀ ਗਿਣਤੀ ਵਿੱਚ ਪੌਦੇ ਲਗਾ ਕੇ ਹਰਿਆਵਲ ਵਧਾਉਣ ਲਈ ਵੀ ਸੁਸਾਇਟੀ ਨਿਰੰਤਰ ਯਤਨਸ਼ੀਲ ਹੈ।
ਸੁਸਾਇਟੀ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਥਾਨਕ ਲੋਕਾਂ ਨੇ ਪ੍ਰਬੰਧਕਾਂ ਨੂੰ ਇਸ ਬਹਿਤਰੀਨ ਪਹਿਲਕਦਮੀ ਲਈ ਵਧਾਈ ਦਿੱਤੀ ਹੈ। ਇਸ ਮੋਕੇ ਸੁਸਾਇਟੀ ਦੇ ਬੁਲਾਰੇ ਭੁਪਿੰਦਰ ਸਿੰਘ ਜਟਾਣਾ ,ਚਮਕੋਰ ਸਿੰਘ .ਕਰਮਜੀਤ ਸਿੰਘ ਅਤੇ ਪਰਮਜੀਤ ਸਿੰਘ ਹਾਜ਼ਰ ਸਨ
- Download Babushahi App
-
-