ਢਾਡੀ ਦੀਦਾਰ ਸਿੰਘ ਰਟੈਂਡਾ ਦੀ ਰਚਨਾ ਬਾਰੇ ਕਿਤਾਬ ‘ਪੀਰ ਮੁਰੀਦਾ ਪਿਰਹੜੀ’ ਨੂੰ ਢਾਡੀ ਨਛੱਤਰ ਸਿੰਘ ਨੇ ਕੀਤਾ ਰਿਲੀਜ਼
ਬੰਗਾ 22 ਅਗਸਤ 2026- ਪ੍ਰਸਿੱਧ ਢਾਡੀ ਦੀਦਾਰ ਸਿੰਘ ਰਟੈਂਡਾ ਦੇ ਜੀਵਨ, ਰਚਨਾਵਾਂ ਅਤੇ ਢਾਡੀ ਪਰੰਪਰਾ ਨੂੰ ਸਮਰਪਿਤ ‘ਪੀਰ ਮੁਰੀਦਾ ਪਿਰਹੜੀ’ ਅੱਜ ਪਿੰਡ ਕਲੇਰਾਂ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਹਨਾਂ ਦੇ ਸ਼ਾਗਿਰਦ ਢਾਡੀ ਸਾਰੰਗੀ ਮਾਸਟਰ ਨਛੱਤਰ ਸਿੰਘ ਪਿੰਡ ਕਲੇਰਾਂ ਦੇ ਕਰ ਕਮਲਾਂ ਨਾਲ ਰਿਲੀਜ਼ ਕੀਤੀ ਗਈ। ਇਹ ਕਿਤਾਬ ਪੰਜਾਬੀ ਲੋਕ ਧਾਰਾ ਨਾਲ ਜੁੜੇ ਉੱਘੇ ਲੇਖਕ ਹਰਦਿਆਲ ਸਿੰਘ ਥੂਹੀ ਵੱਲੋਂ ਲਿਖੀ ਗਈ ਹੈ। ਕਿਤਾਬ ਵਿੱਚ ਢਾਡੀ ਦੀਦਾਰ ਸਿੰਘ ਰਟੈਂਡਾ ਦੇ ਜੀਵਨ, ਉਨ੍ਹਾਂ ਦੀਆਂ ਰਚਨਾਵਾਂ ਅਤੇ ਢਾਡੀ ਕਲਾ ਲਈ ਪਾਏ ਯੋਗਦਾਨ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ । ਇਸ ਦੇ ਨਾਲ ਉਨ੍ਹਾਂ ਦੇ ਸ਼ਾਗਿਰਦ ਢਾਡੀ ਸਾਰੰਗੀ ਮਾਸਟਰ ਨਛੱਤਰ ਸਿੰਘ ਦੇ ਜੀਵਨ ਅਤੇ ਕਲਾ-ਸਫ਼ਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ । ਹਰਦਿਆਲ ਸਿੰਘ ਥੂਹੀ ਨੇ ਦੱਸਿਆ ਕਿ ਕਿਤਾਬ ਵਿੱਚ ਪ੍ਰਸਿੱਧ ਢਾਡੀ ਦੀਦਾਰ ਸਿੰਘ ਰਟੈਂਡਾ ਅਤੇ ਸ਼ਾਗਿਰਦ ਢਾਡੀ ਨਛੱਤਰ ਸਿੰਘ ਦੇ ਜੀਵਨ ਅਤੇ ਉਹਨਾਂ ਵੱਲੋ ਕੀਤੀਆਂ ਢਾਡੀ ਪੇਸ਼ਕਾਰੀਆਂ ਦੀ ਮਹੱਤਵਪੂਰਨ ਜਾਣਕਾਰੀ ਇਕੱਤਰ ਕੀਤੀ ਗਈ ਹੈ । ਇਹ ਪੁਸਤਕ ਸ਼ਾਗਿਰਦ ਢਾਡੀ ਨਛੱਤਰ ਸਿੰਘ ਵੱਲੋਂ ਆਪਣੇ ਉਸਤਾਦ ਦੀ ਯਾਦ ਨੂੰ ਸਮਰਪਿਤ ਕੀਤੀ ਗਈ ਹੈ। ਜਿਸ ਵਿਚ ਉਹਨਾਂ ਦੇ ਰਚੇ 8 ਧਾਰਮਿਕ ਪ੍ਰਸੰਗਾਂ ਤੋਂ ਇਲਾਵਾ ਉਨ੍ਹਾਂ ਦੀਆਂ ਸਮੁੱਚੀਆਂ ਰਿਕਾਰਡਿੰਗਾਂ ਸਬੰਧੀ ਵੇਰਵੇ ਵੀ ਸ਼ਾਮਲ ਕੀਤੇ ਗਏ ਹਨ । ਇਸ ਤੋਂ ਇਲਾਵਾ ਉਸ ਦੌਰ ਵਿੱਚ ਵਰਤੇ ਜਾਂਦੇ ਗ੍ਰਾਮੋਫੋਨ ਦੇ ਕਾਲੇ ਤਵਿਆਂ ਅਤੇ ਢਾਡੀ ਵਿਰਸੇ ਨਾਲ ਜੁੜੀ ਹੋਰ ਦੁਰਲੱਭ ਜਾਣਕਾਰੀ ਨੂੰ ਵੀ ਸੰਭਾਲਣ ਦਾ ਯਤਨ ਕੀਤਾ ਗਿਆ ਹੈ । ਇਸ ਮੌਕੇ ਸੁਲੱਖਣ ਸਿੰਘ ਗੋਸਲ ਸਰਪੰਚ ਰਟੈਂਡਾ ਨੇ ਕਿਹਾ ਕਿ ‘ਪੀਰ ਮੁਰੀਦਾ ਪਿਰਹੜੀ’ ਕਿਤਾਬ ਨਾ ਸਿਰਫ਼ ਢਾਡੀ ਦੀਦਾਰ ਸਿੰਘ ਰਟੈਂਡਾ ਅਤੇ ਉਹਨਾਂ ਦੇ ਸ਼ਾਗਿਰਦ ਦੀ ਢਾਡੀ ਸਾਰੰਗੀ ਮਾਸਟਰ ਨਛੱਤਰ ਸਿੰਘ ਪਿੰਡ ਕਲੇਰਾਂ ਦੇ ਜੀਵਨ ਅਤੇ ਉਹਨਾਂ ਦੀ ਢਾਡੀ ਕਲਾ ਨੂੰ ਪੇਸ਼ ਕਰਦੀ ਹੈ, ਸਗੋਂ ਪੰਜਾਬ ਦੀ ਪੁਰਾਤਨ ਢਾਡੀ ਪਰੰਪਰਾ, ਧਾਰਮਿਕ ਪ੍ਰਸੰਗਾਂ ਅਤੇ ਪੁਰਾਣੀਆਂ ਰਿਕਾਰਡਿੰਗਾਂ ਨਾਲ ਜੁੜੇ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਵੀ ਮਹੱਤਵਪੂਰਨ ਯਤਨ ਹੈ । ਸਮਾਗਮ ਦੌਰਾਨ ਮੋਹਨ ਬੀਕਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਬੰਗਾ, ਲੇਖਕ ਦੀਪ ਕਲੇਰ ਅਤੇ ਮਾਸਟਰ ਜੋਗਾ ਸਿੰਘ ਦੁਸਾਂਝ ਚਾਹਲ ਕਲਾਂ ਨੇ ਇਸ ਢਾਡੀ ਕਲਾ ਦੀ ਇਸ ਨਿਵੇਕਲੀ ਪੁਸਤਕ ਦਾ ਸਵਾਗਤ ਕੀਤਾ ਅਤੇ ਇਸ ਨੂੰ ਪੰਜਾਬੀ ਢਾਡੀ ਵਿਰਸੇ ਦੀ ਸੰਭਾਲ ਵੱਲ ਇੱਕ ਅਹਿਮ ਕਦਮ ਦੱਸਿਆ। ਇਸ ਮੌਕੇ ਢਾਡੀ ਨਛੱਤਰ ਸਿੰਘ, ਗੁਰਜੰਟ ਸਿੰਘ ਬਿੰਦਰਾ, ਲੇਖਕ ਹਰਦਿਆਲ ਸਿੰਘ ਥੂਹੀ, ਮੋਹਨ ਬੀਕਾ ਪ੍ਰਧਾਨ, ਸਰਪੰਚ ਸੁਲੱਖਣ ਸਿੰਘ ਗੋਸਲ, ਦੀਪ ਕਲੇਰ, ਮਾਸਟਰ ਜੋਗਾ ਸਿੰਘ ਦੁਸਾਂਝ ਅਤੇ ਗੁਰਿੰਦਰ ਸਿੰਘ ਨਾਭਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
- Download Babushahi App
-
-