ਜਸਵੰਤ ਸਿੰਘ ਖਾਲੜਾ ਦੀ ਸੋਚ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਟਕਪੂਰਾ ਵਿਖੇ ਪੈਦਲ ਮਾਰਚ ਕੱਢਿਆ
ਪੰਜਗਰਾਈਂ ਕਲਾਂ/ਕੋਟਕਪੂਰਾ, 15 ਜੁਲਾਈ (ਸੁਖਜਿੰਦਰ ਸਿੰਘ ਪੰਜਗਰਾਈਂ) : ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦਾ ਇਸ ਕਰਕੇ ਕਤਲ ਕਰ ਦਿੱਤਾ, ਕਿਉਂਕਿ ਭਾਈ ਖਾਲੜਾ ਜੀ ਨੇ ਅਣਪਛਾਤੀਆਂ ਲਾਸ਼ਾਂ ਦਾ ਸੱਚ ਉਜਾਗਰ ਕਰਕੇ ਇਨਸਾਫ ਦੀ ਮੰਗ ਕੀਤੀ ਸੀ। ਭਾਈ ਗੁਰਸੇਵਕ ਸਿੰਘ ਭਾਣਾ ਦੀ ਟੀਮ ਵਿੱਚ ਸ਼ਾਮਲ ਵੱਖ ਵੱਖ ਪੰਥਕ ਪ੍ਰਚਾਰਕਾਂ, ਵਿਦਵਾਨਾਂ ਅਤੇ ਪੰਥਦਰਦੀਆਂ ਨੇ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਅਰਦਾਸ ਬੇਨਤੀ ਅਤੇ ਪਵਿੱਤਰ ਹੁਕਮਨਾਮਾ ਲੈਣ ਤੋਂ ਬਾਅਦ ਪੈਦਲ ਮਾਰਚ ਦੀ ਆਰੰਭਤਾ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਮਾਰਨ ਮੌਕੇ ਨਾ ਤਾਂ ਉਹਨਾਂ ਦੀ ਉਮਰ ਦੇਖੀ ਗਈ ਅਤੇ ਨਾ ਹੀ ਕੋਈ ਤਰਸ ਕਰਨ ਦੀ ਜਰੂਰਤ ਸਮਝੀ ਗਈ। ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਗੁਰਨੇਕ ਸਿੰਘ ਸੰਗਰਾਹੂਰ ਅਤੇ ਭਾਈ ਸ਼ਰਨਜੀਤ ਸਿੰਘ ਸਰਾਂ ਸਮੇਤ ਵੱਖ ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਘਰੋਂ ਕਿਸੇ ਵੀ ਕੰਮ ਲਈ ਬਾਹਰ ਗਏ ਸਿੱਖ ਨੌਜਵਾਨਾ ਨੂੰ ਲਾਪਤਾ ਕਰਨ ਉਪਰੰਤ ਝੂਠੇ ਪੁਲਿਸ ਮੁਕਾਬਲੇ ਬਣਾਉਣ ਤੋਂ ਪਹਿਲਾਂ ਉਹਨਾਂ ਉਪਰ ਢਾਹਿਆ ਗਿਆ ਅੰਨ੍ਹਾ ਤਸ਼ੱਦਦ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਅਣਪਛਾਤੇ ਆਖ ਕੇ ਸਸਕਾਰ ਕਰਵਾਉਣ, ਵਾਰਸਾਂ ਨੂੰ ਸੂਚਿਤ ਕਰਨ ਦੀ ਜਰੂਰਤ ਨਾ ਸਮਝਣ, ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਖਤਰੇ ਵਿੱਚ ਪਾਉਣ ਵਰਗੀਆਂ ਅਨੇਕਾਂ ਸੱਚਾਈਆਂ ਹਨੀ ਤ੍ਰੇਹਣ ਅਤੇ ਦਲਜੀਤ ਦੋਸਾਂਝ ਨੇ ਸਾਹਮਣੇ ਲਿਆਂਦੀਆਂ ਹਨ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਸ ਤੋਂ ਬਾਅਦ ਬਣਨ ਵਾਲੀਆਂ ਸਰਕਾਰਾਂ ਨੇ ਵੀ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਜਰੂਰਤ ਨਾ ਸਮਝੀ ਅਤੇ ਉਹਨਾ ਸਰਕਾਰਾਂ ਬਣਾਉਣ ਵਾਲਿਆਂ ਵਿੱਚ ਉਹ ਪਾਰਟੀਆਂ ਵੀ ਸ਼ਾਮਲ ਸਨ, ਜਿੰਨਾ ਨੇ ਪੰਥ ਦੇ ਨਾਮ ’ਤੇ ਵੋਟਾਂ ਬਟੋਰ ਕੇ ਉਸ ਤੋਂ ਬਾਅਦ ਵੀ ਤਿੰਨ ਵਾਰ ਸੱਤਾ ਦਾ ਆਨੰਦ ਮਾਣਿਆ। ਪੈਦਲ ਮਾਰਚ ਗੁਰਦਵਾਰਾ ਸਾਹਿਬ ਤੋਂ ਰਵਾਨਾ ਹੋ ਕੇ ਵੱਖ ਵੱਖ ਬਜਾਰਾਂ ਰਾਹੀਂ ਹੁੰਦਾ ਹੋਇਆ ਬੱਤੀਆਂ ਵਾਲਾ ਚੋਂਕ ਵਿਖੇ ਪੁੱਜਾ, ਜਿੱਥੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸਪੀਚ ਵੀ ਸੰਗਤਾਂ ਨੂੰ ਸੁਣਾਈ ਗਈ।
- Download Babushahi App
-
-