ਚੰਡੀਗੜ੍ਹ: ਵਕੀਲ ਨੇ ਔਰਤ ਨੂੰ ਮਾਰੀ ਗੋਲੀ; ਹਾਲਤ ਨਾਜ਼ੁਕ
ਚੰਡੀਗੜ੍ਹ, 1 ਅਗਸਤ 2026- ਚੰਡੀਗੜ੍ਹ ਦੇ ਸੈਕਟਰ-42 ਵਿੱਚ ਸ਼ਨੀਵਾਰ ਦੁਪਹਿਰ ਇੱਕ ਫਲੈਟ ਦਾ ਕਬਜ਼ਾ ਦਿਵਾਉਣ ਦੌਰਾਨ ਵੱਡੀ ਘਟਨਾ ਵਾਪਰੀ। ਫਲੈਟ ਦਾ ਕਬਜ਼ਾ ਲੈਣ ਪਹੁੰਚੀ 60 ਸਾਲਾ ਔਰਤ 'ਤੇ ਉੱਥੇ ਰਹਿ ਰਹੇ 62 ਸਾਲਾ ਵਕੀਲ ਵੱਲੋਂ ਕਥਿਤ ਤੌਰ 'ਤੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਗਈ। ਗੋਲੀ ਮਹਿਲਾ ਦੇ ਸਿਰ ਵਿੱਚ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਜ਼ਖ਼ਮੀ ਮਹਿਲਾ ਨੂੰ ਇਲਾਜ ਲਈ PGI ਚੰਡੀਗੜ੍ਹ ਪਹੁੰਚਾਇਆ। ਡਾਕਟਰਾਂ ਅਨੁਸਾਰ ਮਹਿਲਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਦੁਪਹਿਰ ਕਰੀਬ 2 ਵਜੇ ਮਨਵਿੰਦਰ ਕੌਰ ਪੁਲਿਸ ਟੀਮ ਦੇ ਨਾਲ ਸੈਕਟਰ-42 ਸਥਿਤ ਫਲੈਟ ਦਾ ਕਬਜ਼ਾ ਲੈਣ ਲਈ ਪਹੁੰਚੀ ਸੀ। ਪੁਲਿਸ ਟੀਮ ਵਿੱਚ ਇੱਕ ਏਐੱਸਆਈ, ਇੱਕ ਮਹਿਲਾ ਕਾਂਸਟੇਬਲ ਅਤੇ ਇੱਕ ਹੋਰ ਕਾਂਸਟੇਬਲ ਵੀ ਸ਼ਾਮਲ ਸਨ।
ਇਸੇ ਦੌਰਾਨ ਫਲੈਟ ਵਿੱਚ ਰਹਿ ਰਹੇ 62 ਸਾਲਾ ਵਿਅਕਤੀ ਨਾਲ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਕਥਿਤ ਤੌਰ 'ਤੇ ਉਸ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਪੁਲਿਸ ਨੇ ਤੁਰੰਤ ਮੌਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਟਨਾ ਦੇ ਸਾਰੇ ਪੱਖਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਥਿਆਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-