ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਕਿੰਗਜ਼ ਕੌਂਸਲ ਕਮਲਜੀਤ ਕੌਰ ਲੇਹਲ ਦਾ ਸਨਮਾਨ
ਹਰਦਮ ਮਾਨ
ਸਰੀ, 10 ਫਰਵਰੀ 2026 – ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੀਤੇ ਦਿਨ ਲੇਹਲ ਲਾਅ ਲੀਗਲ ਸਰਵਿਸਜ਼ ਦੀ ਮਾਲਕ ਤੇ ਸੰਚਾਲਕ ਕਮਲਜੀਤ ਕੌਰ ਲੇਹਲ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਪਲੈਕ ਭੇਟ ਕਰਕੇ ਉਨ੍ਹਾਂ ਵੱਲੋਂ ਕਾਨੂੰਨੀ ਖੇਤਰ ਵਿੱਚ ਕੀਤੀਆਂ ਵਰਣਨਯੋਗ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਮਾਨਯੋਗ ਅਟਾਰਨੀ ਜਨਰਲ ਦੇ ਵਿਭਾਗ ਵੱਲੋਂ ਸੂਬੇ ਵਿੱਚ ਪ੍ਰੈਕਟਿਸ ਕਰਨ ਵਾਲੇ 31 ਪ੍ਰਮੁੱਖ ਵਕੀਲਾਂ ਨੂੰ “ਕਿੰਗਜ਼ ਕਾਉਂਸਲ (KC)” ਦੀ ਮਾਨਯੋਗ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਕਮਲਜੀਤ ਕੌਰ ਲੇਹਲ ਦਾ ਨਾਮ ਵੀ ਇਸ ਮਾਣਯੋਗ ਸੂਚੀ ਵਿੱਚ ਸ਼ਾਮਲ ਹੈ। ਇਹ ਉਪਾਧੀ ਉਹਨਾਂ ਵਕੀਲਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਲੀਗਲ ਪ੍ਰੋਫੈਸ਼ਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੋਵੇ, ਨੈਤਿਕ ਮਾਪਦੰਡਾਂ ਨੂੰ ਉੱਚਾ ਰੱਖਿਆ ਹੋਵੇ ਅਤੇ ਨਿਆਂ ਪ੍ਰਣਾਲੀ ਦੀ ਬਿਹਤਰੀ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੋਵੇ।
ਇਹ ਵੀ ਜ਼ਿਕਯੋਗ ਹੈ ਕਿ ਕਮਲਜੀਤ ਕੌਰ ਲੇਹਲ ਨੇ 1990 ਵਿੱਚ ਲੇਹਲ ਲਾਅ ਲੀਗਲ ਸਰਵਿਸਜ਼ ਦੀ ਸਥਾਪਨਾ ਕੀਤੀ ਸੀ। ਤਕਰੀਬਨ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਉਹ ਕਾਨੂੰਨੀ ਖੇਤਰ ਵਿੱਚ ਸਰਗਰਮ ਹਨ ਅਤੇ ਪਰਿਵਾਰਕ ਕਾਨੂੰਨ, ਇਮੀਗ੍ਰੇਸ਼ਨ, ਸਿਵਲ ਮੁਕੱਦਮੇਬਾਜ਼ੀ ਅਤੇ ਕਮਿਊਨਿਟੀ ਸੇਵਾਵਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਵਿਸ਼ੇਸ਼ ਤਜਰਬਾ ਰੱਖਦੇ ਹਨ। ਉਹ ਆਪਣੀ ਮਿਹਨਤ, ਪੇਸ਼ਾਵਰ ਇਮਾਨਦਾਰੀ ਅਤੇ ਸਮਾਜਕ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਤੇ ਕਈ ਸਮਾਜਿਕ, ਧਾਰਮਿਕ ਅਤੇ ਭਲਾਈ ਕਾਰਜਾਂ ਵਿੱਚ ਹਮੇਸ਼ਾਂ ਅੱਗੇ ਰਹਿੰਦੇ ਹਨ। ਉਹ ਨੌਜਵਾਨਾਂ ਨੂੰ ਕਾਨੂੰਨੀ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਅਤੇ ਕਮਿਊਨਿਟੀ ਵਿਚ ਕਾਨੂੰਨੀ ਜਾਗਰੂਕਤਾ ਮੁਹਿੰਮਾਂ ਵਿੱਚ ਭਾਗ ਲੈਂਦੇ ਰਹੇ ਹਨ।
ਸਨਮਾਨ ਸਮਾਰੋਹ ਦੌਰਾਨ ਸੁਸਾਇਟੀ ਦੇ ਪ੍ਰਬੰਧਕਾਂ ਨੇ ਕਮਲਜੀਤ ਕੌਰ ਲੇਹਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਸਿਰਫ ਪਰਿਵਾਰ ਲਈ ਹੀ ਨਹੀਂ, ਸਗੋਂ ਸਾਰੀ ਕਮਿਊਨਿਟੀ ਲਈ ਗੌਰਵ ਦੀ ਗੱਲ ਹੈ। ਸਮਾਗਮ ਦੌਰਾਨ ਸੰਗਤ ਨੇ ਵੀ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖੀ ਕਾਰਜਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।