ਕਿਸਾਨ ਮੋਰਚੇ ਦੌਰਾਨ ਕਿਸਾਨਾਂ ਨੇ ਮਾਰਿਆ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ
ਅਸ਼ੋਕ ਵਰਮਾ
ਬਠਿੰਡਾ , 4 ਸਤੰਬਰ 2026 :ਕਿਸਾਨਾਂ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਲਈ ਬਠਿੰਡਾ ਡੀਸੀ ਦਫ਼ਤਰ ਅੱਗੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਚ ਅੱਜ ਛੇਵੇਂ ਦਿਨ ਮੁਲਾਜ਼ਮਾਂ ,ਪੈਨਸ਼ਨਰਾਂ, ਠੇਕਾ ਮੁਲਾਜਮਾਂ ਅਤੇ ਮਜਦੂਰ, ਵਿਦਿਆਰਥੀ, ਨੌਜਵਾਨਾਂ ਦੀਆਂ ਜਥੇਬੰਦੀਆਂ ਦੀ ਵੱਡੀ ਗਿਣਤੀ ਮੋਰਚੇ ਵਿੱਚ ਸ਼ਾਮਿਲ ਹੋਈ ਤੇ ਸਾਰੇ ਹੀ ਵਰਗਾਂ ਦੇ ਮੁਲਾਜ਼ਮਾਂ ਨੇ ਸਾਂਝੇ ਘੋਲ ਲੜਨ ਦਾ ਅਹਿਦ ਕੀਤਾ ਅਤੇ ਇਸ ਲੋੜ ਨੂੰ ਉਭਾਰਿਆ ਕਿ ਅੱਜ ਲੋਕ ਮਾਰੂ ਨੀਤੀਆਂ, ਜਿਸ ਦੀ ਮਾਰ ਸਾਰਿਆਂ ਤੇ ਹੀ ਪੈ ਰਹੀ ਹੈ, ਦੇ ਖਿਲਾਫ ਘੋਲਾਂ ਨੂੰ ਸੇਧਤ ਕਰਨ ਦੀ ਜਰੂਰਤ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੱਲੇ ਕੱਲੇ ਦੀ ਬਜਾਏ ਸਾਰਿਆਂ ਨੂੰ ਸਾਂਝੇ ਘੋਲਾਂ ਦੇ ਰਾਹ ਪੈਣਾ ਚਾਹੀਦਾ ਹੈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਮਲਾਜ਼ਮ ਜਥੇਬੰਦੀਆਂ ਦੇ ਬੁਲਾਰਿਆਂ ਗਗਨਦੀਪ ਸਿੰਘ, ਜਸਬੀਰ ਸਿੰਘ, ਰਣਜੀਤ ਸਿੰਘ ਰਾਣਾ, ਅੰਗਰੇਜ ਸਿੰਘ, ਸੰਦੀਪ ਖਾਨ, ਗੁਰਵਿੰਦਰ ਸਿੰਘ ਪੰਨੂ, ਜਸਵਿੰਦਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੇ ਭੱਤੇ ਅਤੇ ਬਕਾਏ ਨਹੀਂ ਦਿੱਤੇ ਜਾ ਰਹੇ, ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਪੈਨਸ਼ਨ ਬੰਦ ਅਤੇ ਸਰਕਾਰੀ ਭਰਤੀ ਦੀ ਬਜਾਏ ਠੇਕਾ ਭਰਤੀ ਕੀਤੀ ਜਾ ਰਹੀ ਹੈ ਜਿਸ ਕਰਕੇ ਸਰਕਾਰ ਦਾ ਇਹ ਹਮਲਾ ਸਾਰੇ ਵਰਗਾਂ 'ਤੇ ਹੈ ਤਾਂਂ ਹ ਤਾਂ ਇਹ ਸਭ ਵਰਗਾਂ ਦੀ ਲੜਾਈ ਸਾਂਝੀ ਬਣਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਨਿੱਤ ਦਿਨ ਖੇਤੀ ਦੀ ਵਰਤੋਂ ਲਈ ਖਾਦਾਂ, ਸਪਰੇਹਾਂ ਅਤੇ ਖੇਤੀ ਮਸ਼ੀਨਰੀ ਘਲਮਹਿੰਗੀ ਕਰਕੇ ਕਿਸਾਨਾਂ ਸਿਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ ਅਤੇ ਖੇਤੀ ਵਿਰੋਧੀ ਨਵੇਂ ਕਾਨੂੰਨ ਅਤੇ ਸ਼ਰਤਾਂ ਮੜ ਕੇ ਉਹਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਪੂਰੇ ਮੁੱਲ ਤੇ ਖਰੀਦਣ ਦੀ ਬਜਾਏ ਵਪਾਰੀਆਂ ਤੋਂ ਲੁੱਟ ਕਰਾਉਣ ਲਈ ਰੋਲੀਆਂ ਜਾ ਰਹੀਆਂ ਹਨ ਅਤੇ ਮਜ਼ਦੂਰਾਂ ਦਾ ਰੁਜ਼ਗਾਰ ਸੁੰਗੇੜਿਆ ਜਾ ਰਿਹਾ ਹੈ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇ ਸਰਕਾਰ ਨੇ ਇਸੇ ਤਰ੍ਹਾਂ ਹੀ ਮੁਜਰਮਾਨਾ ਚੁੱਪ ਵੱਟੀ ਰੱਖੀ ਤਾਂ 5 ਸਤੰਬਰ ਕੱਲ੍ਹ ਨੂੰ ਸਰਕਾਰ ਤੇ ਦਬਾਅ ਵਧਾਉਣ ਵਾਲਾ ਐਕਸ਼ਨ ਕੀਤਾ ਜਾਵੇਗਾ, ਇਸ ਲਈ ਬੁਲਾਰਿਆਂ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਕੱਲ੍ਹ ਨੂੰ ਮੋਰਚੇ 'ਚ ਵੱਧ ਤੋਂ ਵੱਧ ਗਿਣਤੀ ਚ ਸ਼ਾਮਿਲ ਹੋਇਆ ਜਾਵੇ। ਇਸ ਮੌਕੇ ਮੁਲਾਜ਼ਮ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਨੇ ਸਾਂਝੇ ਤੌਰ ਤੇ ਐਲਾਨ ਕਰਦਿਆਂ ਕਿਹਾ ਕਿ 12 ਸਤੰਬਰ ਨੂੰ ਮੁਲਾਜ਼ਮਾਂ ਤੇ ਪੈਨਸਨਰਾਂ ਦੀਆਂ ਮੰਗਾਂ ਤੇ ਮੋਰਚੇ ਦੀਆਂ 13 ਮੰਗਾਂ ਦੇ ਮੰਗ ਪੱਤਰ ਲੈ ਕੇ ਮੰਤਰੀਆਂ ਦੇ ਘਰਾਂ ਅੱਗੇ ਜਾਇਆ ਜਾਵੇਗਾ ਤੇ ਕਿਸਾਨ ਆਗੂਆਂ ਨੇ ਸਾਫ ਕਿਹਾ ਕਿ ਅਸੀਂ ਮੁਲਾਜ਼ਮਾਂ ਵਾਲਾ ਮੰਗ ਪੱਤਰ ਵੀ ਲੈ ਕੇ ਜਾਵਾਂਗੇ ਤੇ ਆਹ ਮੋਰਚਿਆਂ ਦਾ 13 ਮੰਗਾਂ ਦਾ ਮੰਗ ਪੱਤਰ ਵੀ ਲੈ ਕੇ ਜਾਵਾਂਗੇ ਤੇ ਸਰਕਾਰ ਨੂੰ ਇਹਨਾਂ ਮੰਗਾਂ ਨੂੰ ਮੰਨਣ ਲਈ ਮਜਬੂਰ ਕੀਤਾ ਜਾਵੇਗਾ। ਉਪਰੋਕਤ ਬੁਲਾਰਿਆਂ ਤੋਂ ਇਲਾਵਾ ਜਗਦੇਵ ਸਿੰਘ ਜੋਗੇਵਾਲਾ, ਜੋਰਾ ਸਿੰਘ ਨਸਰਾਲੀ, ਗੁਰਮੇਲ ਸਿੰਘ, ਅਮਨ ਕੁਮਾਰ, ਸਤਵਿੰਦਰ ਸਿੰਘ, ਜਸਪ੍ਰੀਤ ਸਿੰਘ ਸਮੇਤ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ । "ਚੰਡੀਗੜ੍ਹ ਸਕੂਲ ਆਫ ਡਰਾਮਾ" ਵੱਲੋਂ ਇਕੱਤਰ ਸਿੰਘ ਦੀ ਟੀਮ ਨੇ "ਰਾਹਤ" ਨਾਟਕ ਪੇਸ਼ ਕੀਤਾ।
- Download Babushahi App
-
-