ਕਿਸਾਨ ਆਗੂਆਂ ਨੂੰ ਜੇਲ੍ਹ ਵਿੱਚੋਂ ਰਿਹਾ ਕਰਵਾਉਣ ਲਈ ਦੁੱਲੇ ਭੱਟੀ ਵਾਂਗ ਸੰਘਰਸ਼ ਲੜਨ ਦਾ ਹੋਕਾ
ਅਸ਼ੋਕ ਵਰਮਾ
ਬਠਿੰਡਾ, 13 ਜਨਵਰੀ 2026 :ਬਠਿੰਡਾ ਜੇਲ੍ਹ ਵਿੱਚ 5 ਅਪ੍ਰੈਲ 2025 ਤੋਂ ਬੰਦ ਬਲਦੇਵ ਸਿੰਘ ਅਤੇ ਸਗਨਦੀਪ ਸਿੰਘ ਕਿਸਾਨ ਆਗੂਆਂ ਨੂੰ ਰਿਹਾਅ ਕਰਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਡੀਸੀ ਦਫਤਰ ਅੱਗੇ ਚੱਲ ਰਹੇ ਮੋਰਚੇ ਦੌਰਾਨ ਲੋਹੜੀ ਮੌਕੇ ਪੰਜਾਬ ਦੇ ਜੰਗਜੂ ਆਗੂ ਦੁੱਲੇ ਭੱਟੀ ਵਾਂਗ ਸੰਘਰਸ਼ ਦੇ ਰਾਹ ਪੈਣ ਦਾ ਹੋਕਾ ਦਿੱਤਾ ਗਿਆ।ਅੱਜ ਦੇ ਮੋਰਚੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਕਰਮਜੀਤ ਕੌਰ ਲਹਿਰਾਖਾਨਾ ਨੇ ਅੱਜ ਲੋਹੜੀ ਵਾਲੇ ਦਿਨ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਜਿਵੇਂ ਮੁਗਲ ਸਾਮਰਾਜ ਨੇ ਦੁੱਲਾ ਭੱਟੀ ਦੇ ਪੁਰਖਿਆਂ ਦਾ ਕਤਲ ਕਰਕੇ ਉਹਨਾਂ ਦੇ ਪਿੰਜਰਾ ਨੂੰ ਮੁੱਖ ਦਰਵਾਜਿਆਂ ਤੇ ਟੰਗ ਕਿ ਸੰਕੇਤ ਦਿੱਤਾ ਸੀ ਕਿ ਕੋਈ ਅੱਗੇ ਤੋਂ ਮੁਗਲ ਸਾਮ ਰਾਜ ਖਿਲਾਫ ਗੱਲ ਨਾ ਕਰੇ। ਉਹਨਾਂ ਕਿਹਾ ਕਿ ਉਸੇ ਤਰ੍ਹਾਂ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ, ਹੋਰ ਸੰਘਰਸ਼ੀ ਲੋਕਾਂ ਅਤੇ ਉਨਾਂ ਦੇ ਹੱਕ ਚ ਆਵਾਜ਼ ਕਰਨ ਵਾਲੇ ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਜੇਲਾਂ ਵਿੱਚ ਡੱਕ ਕੇ ਭਰਮ ਪਾਲਿਆ ਜਾ ਰਿਹਾ ਹੈ ਕਿ ਸੰਘਰਸੀ ਲੋਕਾਂ ਨੂੰ ਜੇਲਾਂ ਵਿੱਚ ਬੰਦ ਕਰਕੇ ਉਹਨਾਂ ਦੇ ਹੱਕਾਂ ਨੂੰ ਦਬਾਇਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਪਰ ਮੁਗਲ ਸਾਮਰਾਜ ਖਿਲਾਫ ਦੁੱਲੇ ਭੱਟੀ ਵੱਲੋਂ ਲੜੇ ਸੰਘਰਸ਼ ਤੋਂ ਸਰਕਾਰ ਨੂੰ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਇਹ ਆਵਾਜ਼ ਧੱਕੇ ਨਾਲ ਦਬਾਈ ਨਹੀਂ ਜਾ ਸਕਦੀ। ਕਿਸਾਨ ਆਗੂਆਂ ਨੇ ਕਿਹਾ ਕਿ ਜੇਲ ਚ ਬੰਦ ਆਗੂਆਂ ਦੀ ਰਿਹਾਈ ਤੱਕ ਮੋਰਚਾ ਜਾਰੀ ਰਹੇਗਾ ਅਤੇ ਸੰਘਰਸ਼ ਨੂੰ ਹੋਰ ਤੇਜ ਕੀਤਾ। ਅੱਜ ਦੇ ਧਰਨੇ ਨੂੰ ਮਾਲਣ ਕੌਰ ਕੋਠਾ ਗੁਰੂ, ਹਰਪ੍ਰੀਤ ਕੌਰ ਜੇਠੂਕੇ, ਜਗਦੇਵ ਸਿੰਘ ਜੋਗੇਵਾਲਾ, ਗੁਲਾਬ ਸਿੰਘ ਜਿਉਂਦ, ਜਸਪਾਲ ਸਿੰਘ ਕੋਠਾ ਗੁਰੂ, ਅਵਤਾਰ ਸਿੰਘ ਪੂਹਲਾ, ਸਿਕੰਦਰ ਸਿੰਘ ਘੁੰਮਣ ਕਲਾਂ, ਜਸਕਰਨ ਸਿੰਘ ਕੋਟਗੁਰੂ, ਡੀਟੀਐਫ ਤੋਂ ਨਵਚਰਨ ਕੌਰ , ਆਦਰਸ਼ ਸਕੂਲ ਚੌਕੇ ਤੋਂ ਬਲਵਿੰਦਰ ਸਿੰਘ, ਪੰਜਾਬ ਸਟੇਟ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਤੋਂ ਅਮਨ ਕੁਮਾਰ ਨੇ ਵੀ ਸੰਬੋਧਨ ਕੀਤਾ।