ਔਝੜ ਰਾਹੇ ਪਿਆ ਪੰਜਾਬ :ਮ੍ਰਿਤਕ ਵਿਅਕਤੀ ਦੀਆਂ ਅਸਥੀਆਂ ਚੋਂ ਨਕਲੀ ਗੋਡੇ ਚੋਰੀ
ਅਸ਼ੋਕ ਵਰਮਾ
ਬਠਿੰਡਾ, 8 ਸਤੰਬਰ 2026 : ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ, ਪਰ ਬਠਿੰਡਾ ਦੇ ਪਿੰਡ ਭਾਈ ਬਖ਼ਤੌਰ ਵਿੱਚ ਇੱਕ ਮ੍ਰਿਤਕ ਵਿਅਕਤੀ ਦੀਆਂ ਅਸਥੀਆਂ ਚੋਂ ਨਕਲੀ ਗੋਡੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਨੂੰ ਲੈ ਕੇ ਹੈਰਾਨੀ ਪਾਈ ਜਾ ਰਹੀ ਹੈ। ਇੱਥੇ ਇਕ ਨੌਜਵਾਨ 'ਤੇ ਦੋਸ਼ ਲੱਗਿਆ ਹੈ ਕਿ ਉਸ ਨੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਤੋਂ ਬਾਅਦ ਮ੍ਰਿਤਕ ਦੇ ਸਰੀਰ ਵਿੱਚ ਲੱਗੇ ਦੋਵੇਂ ਨਕਲੀ ਗੋਡੇ ਕੱਢ ਕੇ ਚੋਰੀ ਕਰ ਲਏ। ਪਰਿਵਾਰ ਜਦੋਂ ਅਗਲੇ ਦਿਨ ਰਸਮ ਅਨੁਸਾਰ ਅਸਥੀਆਂ ਚੁਗਣ ਲਈ ਸ਼ਮਸ਼ਾਨ ਘਾਟਪਹੁੰਚਿਆ ਤਾਂ ਨਕਲੀ ਗੋਡੇ ਗਾਇਬ ਮਿਲੇ।
ਪਿੰਡ ਵਾਸੀਆਂ ਨੇ ਸ਼ੱਕੀ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਦੋਵੇਂ ਨਕਲੀ ਗੋਡੇ ਬਰਾਮਦ ਕਰ ਲਏ।ਜਾਣਕਾਰੀ ਅਨੁਸਾਰ ਪਿੰਡ ਭਾਈ ਬਖ਼ਤੌਰ ਦੇ ਰਹਿਣ ਵਾਲੇ ਸੁਦਾਗਰ ਸਿੰਘ (65) ਦੀ ਦੋ ਦਿਨ ਪਹਿਲਾਂ ਮੌਤ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦੋਵੇਂ ਗੋਡਿਆਂ ਦਾ ਆਪਰੇਸ਼ਨ ਹੋਇਆ ਸੀ ਅਤੇ ਨਕਲੀ ਗੋਡੇ ਲੱਗੇ ਹੋਏ ਸਨ। ਪਰਿਵਾਰ ਨੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦਾ ਤੇ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ।ਅਗਲੇ ਦਿਨ ਪਰਿਵਾਰਕ ਮੈਂਬਰ ਅਸਥੀਆਂ ਚੁਗਣ ਲਈ ਸ਼ਮਸ਼ਾਨ ਘਾਟ ਪਹੁੰਚੇ ਤਾਂ ਉਨ੍ਹਾਂ ਨੂੰ ਮ੍ਰਿਤਕ ਦੇ ਸਰੀਰ ਵਿੱਚ ਲੱਗੇ ਦੋਵੇਂ ਨਕਲੀ ਗੋਡੇ ਨਾ ਮਿਲੇ। ਇਸ ਦੌਰਾਨ ਨੇੜੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਕ ਨੌਜਵਾਨ ਡੱਕੇ ਨਾਲ ਅਸਥੀਆਂ ਦੀ ਫਰੋਲਾ-ਫਰਾਲੀ ਕਰ ਰਿਹਾ ਸੀ। ਇਸ 'ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸ਼ੱਕੀ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਇਕ ਨੌਜਵਾਨ ਕਥਿਤ ਤੌਰ 'ਤੇ ਨਕਲੀ ਗੋਡੇ ਲੈ ਕੇ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਮਿਲਿਆ। ਲੋਕਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਉਸ ਕੋਲੋਂ ਮ੍ਰਿਤਕ ਦੇ ਦੋਵੇਂ ਨਕਲੀ ਗੋਡੇ ਬਰਾਮਦ ਹੋ ਗਏ। ਪਿੰਡ ਵਾਸੀਆਂ ਮੁਤਾਬਕ ਉਸ ਵਕਤ ਇਹ ਨੌਜਵਾਨ ਨਸ਼ੇ ਵਿੱਚ ਸੀ ਅਤੇ ਹੋ ਸਕਦਾ ਹੈ ਉਸਨੇ ਨਸ਼ੇ ਦੀ ਪੂਰਤੀ ਲਈ ਹੀ ਗੋਡੇ ਚੋਰੀ ਕੀਤੇ ਹੋਣ। ਉਹਨਾਂ ਦੱਸਿਆ ਕਿ ਨੌਜਵਾਨ ਨੇ ਮੰਨਿਆ ਹੈ ਕਿ । ਉਸ ਨੇ ਇਹ ਗੋਡੇ ਵੇਚਣ ਲਈ ਚੋਰੀ ਕੀਤੇ ਸਨ। ਮ੍ਰਿਤਕ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਦਾ ਪੱਧਰ ਇੰਨਾ ਹੇਠਾਂ ਚਲਾ ਗਿਆ ਹੈ ਕਿ ਹੁਣ ਸ਼ਮਸ਼ਾਨ ਘਾਟ ਵੀ ਸੁਰੱਖਿਅਤ ਨਹੀਂ ਰਹੇ। ਉਨ੍ਹਾਂ ਕਿਹਾ ਕਿ ਅੰਤਿਮ ਸੰਸਕਾਰ ਤੋਂ ਬਾਅਦ ਮ੍ਰਿਤਕ ਨਾਲ ਜੁੜੀਆਂ ਚੀਜ਼ਾਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਥਾਣਾ ਕੋਟ ਫੱਤਾ ਪੁਲਿਸ ਮੌਕੇ ਤੇ ਪੁੱਜੀ ਜਰੂਰ ਪਰ ਅਜੇ ਕੋਈ ਕਾਰਵਾਈ ਦੀ ਗੱਲ ਸਾਹਮਣੇ ਨਹੀਂ ਆਈ ਹੈ।
- Download Babushahi App
-
-