ਏਸ਼ੀਅਨ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ 'ਚ ਪੰਜਾਬੀਆਂ ਦੀ ਝੰਡੀ
- ਜੈਵੰਤ, ਅਰਮਾਨ ਤੇ ਸਹਿਜਪ੍ਰੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚਿਆ
ਸੁਖਮਿੰਦਰ ਭੰਗੂ
ਲੁਧਿਆਣਾ, 12 ਫਰਵਰੀ 2026
ਪੰਜਾਬ ਸਾਫਟ ਟੈਨਿਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੂਜੀ ਏਸ਼ੀਅਨ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ, ਏਸ਼ੀਅਨ ਸਾਫਟ ਟੈਨਿਸ ਫੈਡਰੇਸ਼ਨ ਅਤੇ ਐਮੇਚਿਓਰ ਸਾਫਟ ਟੈਨਿਸ ਫੈਡਰੇਸ਼ਨ ਦੀ ਨਿਗਰਾਨੀ ਹੇਠ ਹਾਰਵੈਸਟ ਟੈਨਿਸ ਅਕੈਡਮੀ, ਜੱਸੋਵਾਲ ਵਿਖੇ ਆਯੋਜਿਤ ਕੀਤੀ ਗਈ ਜਿੱਥੇ ਪੰਜਾਬੀ ਨੌਜਵਾਨਾਂ ਦੀ ਝੰਡੀ ਰਹੀ ਹੈ।
ਚਾਰ ਦਿਨਾਂ ਚੈਂਪੀਅਨਸ਼ਿਪ ਵਿੱਚ, ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਤਿਹਾਸ ਰਚਿਆ। ਪੰਜਾਬ ਲਈ ਇਹ ਵੱਡੇ ਮਾਣ ਵਾਲੀ ਗੱਲ ਕਿ ਜਿੱਥੇ ਜੈਵੰਤ ਸਿੰਘ ਗਰੇਵਾਲ ਨੇ ਟੀਮ ਈਵੈਂਟ ਵਿੱਚ ਸੋਨ ਤਗਮਾ, ਸਿੰਗਲਜ਼ ਵਿੱਚ ਚਾਂਦੀ ਅਤੇ ਡਬਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਉੱਥੇ ਅਰਮਾਨ ਸਿੰਘ ਅਤੇ ਸਹਿਜਪ੍ਰੀਤ ਸਿੰਘ ਬਾਜਵਾ ਨੇ ਟੀਮ ਈਵੈਂਟ ਵਿੱਚ ਸੋਨ ਤਗਮਾ ਅਤੇ ਡਬਲਜ਼ ਵਰਗ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ।
ਮੇਜ਼ਬਾਨ ਦੇਸ਼ ਭਾਰਤ ਦੇ ਨਾਲ-ਨਾਲ ਚੀਨ, ਚੀਨੀ ਤਾਈਪੇ, ਜਾਪਾਨ, ਕੋਰੀਆ, ਕੰਬੋਡੀਆ, ਨੇਪਾਲ, ਭੂਟਾਨ, ਲਾਓਸ, ਤਿਮੋਰ, ਸ਼੍ਰੀਲੰਕਾ, ਥਾਈਲੈਂਡ ਦੀਆਂ ਟੀਮਾਂ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਤਗਮੇ ਹਾਸਲ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਇਤਿਹਾਸਕ ਪ੍ਰਾਪਤੀ 'ਤੇ ਪੰਜਾਬ ਦੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਸਕੱਤਰ ਨਰਿੰਦਰ ਸਿੰਘ, ਵਿਕਰਮਜੀਤ ਸਿੰਘ, ਪ੍ਰਧਾਨ ਅਨੁਮੀਤ ਸਿੰਘ ਹੀਰਾ ਸੋਢੀ ਅਤੇ ਡਾ. ਪ੍ਰਦੀਪ ਕੁਮਾਰ ਸਿੰਘ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।