ਉੱਘੇ ਲੇਖਕ ਡਾ. ਵਿਦਵਾਨ ਸਿੰਘ ਸੋਨੀ ਦਾ ਦਿਹਾਂਤ
ਪੰਜਾਬੀ ਵਿਚ ਭੌਤਿਕ ਵਿਗਿਆਨ ਨੂੰ ਪ੍ਰਚਲਿਤ ਕਰਨ ਲਈ ਡਾ. ਸੋਨੀ ਵੱਲੋਂ ਪਾਇਆ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ- ਡਾ. ਦਰਸ਼ਨ ਸਿੰਘ ‘ਆਸ਼ਟ’
ਪਟਿਆਲਾ, 04 ਸਤੰਬਰ, 2026, ਪੰਜਾਬੀ ਦੇ ਉੱਘੇ ਲੇਖਕ ਅਤੇ ਸਿੱਖਿਆ ਸ਼ਾਸਤਰੀ ਡਾ. ਵਿਦਵਾਨ ਸਿੰਘ ਸੋਨੀ (83) ਦਾ ਅੱਜ ਸਵੇਰੇ ਮੋਹਾਲੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ। ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਡਾ. ਸੋਨੀ ਵੱਲੋਂ ਪੰਜਾਬੀ ਭਾਸ਼ਾ ਵਿਚ ਭੌਤਿਕ ਵਿਗਿਆਨ ਨੂੰ ਪ੍ਰਚਲਿਤ ਕਰਨ ਲਈ ਜੋ ਭੂਮਿਕਾ ਨਿਭਾਈ ਗਈ ਹੈ ਉਹ ਬੇਹੱਦ ਮੁੱਲਵਾਨ ਅਤੇ ਇਤਿਹਾਸਿਕ ਹੈ। ਡਾ. ਆਸ਼ਟ ਨੇ ਉਨ੍ਹਾਂ ਦੀ ਪੰਜਾਬੀ ਸਾਹਿਤ ਸਭਾ, ਪਟਿਆਲਾ ਨਾਲ ਚਿਰੋਕਣੀ ਸਾਂਝ ਦਾ ਜ਼ਿਕਰ ਕਰਦਿਆ ਹੋਇਆ ਕਿਹਾ ਕਿ ਡਾ. ਸੋਨੀ ਨੇ ਸਾਹਿਤ ਰਚਨਾ ਲਈ ਆਪਣੀ ਮਾਤ ਭਾਸ਼ਾ ਨੂੰ ਪਹਿਲ ਦਿੱਤੀ। ਉਨ੍ਹਾਂ ਨੂੰ ਵੱਡਮੁੱਲੇ ਸਾਹਿਤਕ ਯੋਗਦਾਨ ਸਦਕਾ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਸਭਾ ਵੱਲੋਂ ਉਨ੍ਹਾਂ ਦੀ ਆਖ਼ਰੀ ਪੰਜਾਬੀ ਪੁਸਤਕ ਦਿਲਚਸਪ ਕਹਾਣੀ ‘ਧਰਤੀ ਅੰਬਰ ਦੀ’ ਵੀ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਿਲੀਜ਼ ਕੀਤੀ ਗਈ ਸੀ।
ਡਾ. ਵਿਦਵਾਨ ਸਿੰਘ ਸੋਨੀ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਅਤੇ ਸਰਕਾਰੀ ਕਾਲਜ, ਰੋਪੜ ਵਿਖੇ ਪ੍ਰਿੰਸੀਪਲ ਵਜੋਂ ਲੰਮਾ ਅਰਸਾ ਸੇਵਾਵਾਂ ਨਿਭਾਇਆ। ਉਨ੍ਹਾਂ ਨੇ ਸ਼ਿਵਾਲਿਕ ਦੇ ਖੇਤਰ ਵਿਚ ਪੁਰਾਣੇ ਪਥਰਾਟਾਂ ਅਤੇ ਪੱਥਰ ਦੇ ਸੰਦਾਂ ਦੀ ਤਲਾਸ ਕਰਕੇ ਜੀਵ-ਵਿਕਾਸ ਬਾਰੇ ਅਦਭੁੱਤ ਖੋਜ ਕੀਤੀ। ਬਾਅਦ ਵਿਚ ਉਨ੍ਹਾਂ ਨੇ ਆਪਣੀ ਇਹ ਖੋਜ ਸਮੱਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਕੀਤੇ ਗਏ ਇਕ ਜੀਵਾਸ਼ਮ ਅਜਾਇਬ ਘਰ ਨੂੰ ਭੇਂਟ ਕਰ ਦਿੱਤੀ ਸੀ। ਉਨ੍ਹਾਂ ਨੂੰ ਬਾਲ ਸਾਹਿਤ ਰਚਨਾ ਲਈ ਕੌਮੀ ਪੁਰਸਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋ ਸ਼੍ਰੋਮਣੀ ਪੁਰਸਕਾਰ ਨਾਲ ਨਿਵਾਜਿਆ ਗਿਆ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫੈਲੋ ਵੀ ਰਹੇ। ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਵਿਚ ‘ਕਿਹ ਬਿਧਿ ਸਜਾ ਪ੍ਰਿਥਮ ਸੰਸਾਰਾਂ’, ‘ਭਿਅੰਕਰ ਕਿਰਲੇ’, ‘ਇਲੈਕਟ੍ਰਾਨਿਕਸ ਦੇ ਮੁੱਲ ਤੱਤ’, ‘ਚੰਨ’, ‘ਪਹੀਆ’, ‘ਕੀਮਤੀ ਪੱਥਰ’ ਆਦਿ ਪੁਸਤਕਾਂ ਸ਼ਾਮਿਲ। ਡਾ. ਸੋਨੀ ਆਪਣੇ ਪਿੱਛੇ ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਏ ਹਨ।
ਡਾ. ਸੋਨੀ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ 3:30 ਵਜੇ ਪਟਿਆਲਾ-ਰਾਜਪੁਰਾ ਰੋਡ ਤੇ ਸਥਿਤ ਸਥਾਨਕ ਬੀਰ ਜੀ ਦੀਆਂ ਮੜ੍ਹੀਆਂ ਵਿਖੇ ਕੀਤਾ ਗਿਆ। ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਸਪੁੱਤਰ ਅਨੁਜੋਤ ਸਿੰਘ ਸੋਨੀ ਨੇ ਅਗਨੀ ਵਿਖਾਈ। ਅੱਜ ਸਭਾ ਵੱਲੋਂ ਹੋਈ ਸ਼ੋਕ ਸਭਾ ਦੌਰਾਨ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਰਪ੍ਰਸਤ ਬਾਬੂ ਸਿੰਘ ਰੈਹਲ, ਜਨਰਲ ਸਕੱਤਰ ਦਵਿੰਦਰ ਪਟਿਆਲਵੀਂ, ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਆਦਿ ਨੇ ਵੀ ਡਾ. ਸੋਨੀ ਦੇ ਦਿਹਾਂਤ ਤੋ ਸ਼ੋਕ ਪ੍ਰਗਟ ਕੀਤਾ ਹੈ।
- Download Babushahi App
-
-