ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ; AK-47, 2 ਹੈਂਡ ਗ੍ਰਨੇਡ ਤੇ 9 ਲਾਈਵ ਕਾਰਤੂਸ ਬਰਾਮਦ
ਡਰੋਨ ਰਾਹੀਂ ਭੇਜਿਆ ਹਥਿਆਰਾਂ ਦਾ ਮੋਡਿਊਲ ਬੇਨਕਾਬ, 28 ਸਾਲਾ ਮੁਲਜ਼ਮ ਗ੍ਰਿਫ਼ਤਾਰ
ਕੁਲਵਿੰਦਰ ਸਿੰਘ, ਅੰਮ੍ਰਿਤਸਰ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਤ ਵਾਦ ਅਤੇ ਸੰਗਠਿਤ ਅਪਰਾਧ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਹਥਿਆਰਾਂ ਦੇ ਇੱਕ ਹੋਰ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਬਾਰਡਰ ਰੇਂਜ ਦੇ ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਭੇਜੇ ਗਏ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਐੱਸ.ਐੱਸ.ਪੀ. ਦਿਹਾਤੀ ਕਮਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਤੀਜੀ ਏ.ਕੇ.-47 ਰਾਈਫਲ, ਦੋ ਹੈਂਡ ਗ੍ਰਨੇਡ ਅਤੇ 9 ਲਾਈਵ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇੱਕ ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਵੀ ਪੁਲਿਸ ਨੇ ਕਬਜ਼ੇ ਵਿੱਚ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਨਵਜੋਤ ਸਿੰਘ ਉਰਫ਼ ਚੀਮਾ, ਵਾਸੀ ਸਰਾਏ ਅਮਾਨਤ ਖਾਨ, ਉਮਰ 28 ਸਾਲ, ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਪੇਸ਼ੇ ਤੋਂ ਟਰੱਕ ਡਰਾਈਵਰ ਹੈ ਅਤੇ ਪਹਿਲਾਂ ਵੀ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਸ ਨੂੰ ਏ.ਕੇ.-47 ਰਾਈਫਲ ਅਤੇ ਹੈਂਡ ਗ੍ਰਨੇਡ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਪੁੱਛਗਿੱਛ ਦੌਰਾਨ ਪੁਲਿਸ ਨੂੰ ਇਸ ਮੋਡਿਊਲ ਨਾਲ ਜੁੜੇ ਪਾਕਿਸਤਾਨ-ਅਧਾਰਿਤ ਅਤੇ ਮਿਡਲ ਈਸਟ ਦੇ ਹੈਂਡਲਰਜ਼ ਬਾਰੇ ਵੀ ਅਹਿਮ ਜਾਣਕਾਰੀਆਂ ਮਿਲੀਆਂ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਹਥਿਆਰਾਂ ਨੂੰ ਕਿਸੇ ਹੋਰ ਨਾਲ ਲੱਗਦੇ ਜ਼ਿਲ੍ਹੇ ਵਿੱਚ ਲਿਜਾ ਕੇ ਆਪਣੇ ਸੰਪਰਕ ਨੂੰ ਸੌਂਪਣਾ ਸੀ ਅਤੇ ਇਸ ਤੋਂ ਬਾਅਦ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਪੁਲਿਸ ਦੀ ਸਮੇਂ ਸਿਰ ਕੀਤੀ ਕਾਰਵਾਈ ਨਾਲ ਇਹ ਮਨਸੂਬਾ ਨਾਕਾਮ ਹੋ ਗਿਆ।
ਆਈ.ਜੀ. ਭੁੱਲਰ ਨੇ ਇਸ ਸਫਲ ਆਪ੍ਰੇਸ਼ਨ ਲਈ ਐੱਸ.ਐੱਸ.ਪੀ. ਦਿਹਾਤੀ ਕਮਲਪ੍ਰੀਤ ਸਿੰਘ ਚਾਹਲ, ਐੱਸ.ਪੀ. ਡੀ. ਗੁਰਿੰਦਰ ਨਾਗਰਾ, ਇੰਸਪੈਕਟਰ ਮਨਮੀਤ ਸਿੰਘ, ਸੀ.ਆਈ.ਏ. ਅਤੇ ਡੀ.ਐੱਸ.ਪੀ. ਅਟਾਰੀ ਯਾਦਵਿੰਦਰ ਸਿੰਘ ਸਮੇਤ ਪੂਰੀ ਪੁਲਿਸ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਟੀਮ ਨੂੰ ਮੁੱਖ ਮੰਤਰੀ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
- Download Babushahi App
-
-