ਅੰਮ੍ਰਿਤਸਰ : ਅਕਸ਼ੈ ਸ਼ਰਮਾ ਨੂੰ ਹਲਕਾ ਉੱਤਰੀ ਦੇ ਦਿੱਗਜ ਆਗੂਆਂ ਦਾ ਮਿਲਿਆ ਸਮਰਥਨ
ਨੌਜਵਾਨਾਂ ਦੀ ਅਗਵਾਈ ਅਤੇ ਸੀਨੀਅਰ ਆਗੂਆਂ ਦੇ ਤਜਰਬੇ ਨਾਲ ਹੋਵੇਗਾ ਹਲਕੇ ਦਾ ਵਿਕਾਸ: ਅਕਸ਼ੈ ਸ਼ਰਮਾ
ਅੰਮ੍ਰਿਤਸਰ : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਆਗੂ ਅਕਸ਼ੈ ਸ਼ਰਮਾ ਨੂੰ ਅੱਜ ਹਲਕਾ ਉੱਤਰੀ ਦੇ ਦਿੱਗਜ ਆਗੂਆਂ ਦਾ ਸਮਰਥਨ ਮਿਲਿਆ। ਵਾਰਡ ਨੰਬਰ 16 ਵਿੱਚ ਭਾਜਪਾ ਦੇ ਮਿਹਨਤੀ ਆਗੂ ਕੁੱਕੀ ਮਹਾਜਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਮੀਟਿੰਗ ਵਿੱਚ ਪੱਪੂ ਮਹਾਜਨ, ਡਾ. ਰਾਜੀਵ ਦੇਵ, ਮੰਡਲ ਪ੍ਰਧਾਨ ਚਰਨਜੀਤ ਸਿੰਘ, ਸੰਜੀਵ ਸ਼ਰਮਾ, ਟੰਡਨ ਜੀ ਅਤੇ ਬੌਬੀ ਜੀ ਸਮੇਤ ਭਾਜਪਾ ਦੇ ਕਈ ਜੁਝਾਰੂ ਆਗੂ ਮੌਜੂਦ ਰਹੇ।
ਇਸ ਮੌਕੇ ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਨੇ ਕਿਹਾ ਕਿ ਮਿਹਨਤੀ ਅਤੇ ਤਜਰਬੇਕਾਰ ਆਗੂਆਂ ਦੀ ਬਦੌਲਤ ਹੀ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਘਰ-ਘਰ ਤੱਕ ਪਹੁੰਚੀਆਂ ਹਨ ਅਤੇ ਦੇਸ਼ ਲਗਾਤਾਰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ।
ਅਕਸ਼ੈ ਸ਼ਰਮਾ ਨੇ ਕਿਹਾ ਕਿ ਹਲਕਾ ਉੱਤਰੀ ਦੇ ਮੌਜੂਦ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਅਤੇ ਉਨ੍ਹਾਂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਇਆ। ਇਸ ਲਈ ਉਹ ਇਨ੍ਹਾਂ ਸਾਰੇ ਆਗੂਆਂ ਦੇ ਦਿਲੋਂ ਧੰਨਵਾਦੀ ਹਨ ਅਤੇ ਹਮੇਸ਼ਾ ਰਹਿਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਇੱਕ ਸਥਿਰ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ, ਜੋ ਸੂਬੇ ਦੇ ਹਾਲਾਤਾਂ ਨੂੰ ਸਮਝਦਿਆਂ ਇਸ ਨੂੰ ਮੁੜ ਉਹੋ ਜਿਹਾ ਰੰਗਲਾ ਪੰਜਾਬ ਬਣਾਏ, ਜਿਸ ਦਾ ਸੁਪਨਾ ਸਾਡੇ ਬਜ਼ੁਰਗਾਂ ਨੇ ਦੇਖਿਆ ਸੀ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੀ ਮਜ਼ਬੂਤ ਅਗਵਾਈ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਨੌਜਵਾਨਾਂ ਦੇ ਜੋਸ਼ ਅਤੇ ਸੀਨੀਅਰ ਆਗੂਆਂ ਦੇ ਤਜਰਬੇ ਨਾਲ ਪੰਜਾਬ ਨੂੰ ਇੱਕ ਵਿਕਸਤ ਸੂਬਾ ਬਣਾਉਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਆਪਣਾ ਪੂਰਾ ਸਮਰਥਨ ਦੇਣ, ਤਾਂ ਜੋ ਉਹ ਹਲਕਾ ਉੱਤਰੀ ਵਿੱਚ ਬਦਲਾਅ ਲਿਆ ਸਕਣ ਅਤੇ ਲੋਕਾਂ ਨੂੰ ਬਿਹਤਰ ਤੇ ਸਫਲ ਜੀਵਨ ਦੇਣ ਲਈ ਯਤਨ ਕਰ ਸਕਣ।
- Download Babushahi App
-
-