ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਪੰਜਾਬ ਦੇ ਹਿੱਤਾਂ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ
ਪਿੰਡ ਜੌਲਾ 'ਚ ਜ਼ਿਲ੍ਹਾ ਪ੍ਰਧਾਨਾਂ ਦਾ ਕੀਤਾ ਸਵਾਗਤ
ਮਲਕੀਤ ਸਿੰਘ ਮਲਕਪੁਰ
ਲਾਲੜੂ, 23 ਅਗਸਤ 2026: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਨਿਰਮੈਲ ਸਿੰਘ ਜੌਲਾ ਵੱਲੋਂ ਆਪਣੇ ਗ੍ਰਹਿ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਜਗਦੀਪ ਸਿੰਘ ਕੰਸਾਲਾ ਅਤੇ ਯੂਥ ਵਿੰਗ ਮੋਹਾਲੀ ਦੇ ਪ੍ਰਧਾਨ ਹਰਜਿੰਦਰ ਸਿੰਘ ਦੇਸੂਮਾਜਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਸੁਰਿੰਦਰ ਸਿੰਘ ਧਰਮਗੜ੍ਹ ਨੇ ਨਿਭਾਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਸੱਤਾ ’ਚ ਰਹੀਆਂ ਵੱਖ-ਵੱਖ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਨਾਲੋਂ ਦਿੱਲੀ ਦੇ ਹਿੱਤਾਂ ਨੂੰ ਤਰਜੀਹ ਦਿੱਤੀ, ਜਿਸ ਕਾਰਨ ਪੰਜਾਬੀਆਂ ਦਾ ਇਨ੍ਹਾਂ ਪਾਰਟੀਆਂ ਤੋਂ ਮੋਹ ਭੰਗ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਲੰਮੇ ਸਮੇਂ ਤੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭੁਗਤਦੇ ਰਹੇ ਸਨ, ਪਰ ਭਾਜਪਾ ਨਾਲ ਗੱਠਜੋੜ ਤੋਂ ਬਾਅਦ ਪਾਰਟੀ ਵੱਲੋਂ ਪੰਜਾਬ ਦੇ ਹੱਕਾਂ ਦੀ ਅਣਦੇਖੀ ਕੀਤੇ ਜਾਣ ਕਾਰਨ ਲੋਕਾਂ ਨੇ ਬਦਲ ਵਜੋਂ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਵੀ ਪੰਜਾਬੀਆਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਮੁੜ ਅਜਿਹੀ ਖੇਤਰੀ ਪਾਰਟੀ ਦੀ ਭਾਲ ਵਿੱਚ ਹਨ, ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਉਮੀਦ ਨਾਲ ਲੋਕ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜ ਰਹੇ ਹਨ। ਨਿਰਮੈਲ ਸਿੰਘ ਜੌਲਾ ਨੇ ਆਏ ਹੋਏ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਹਲਕੇ ਦੇ ਲੋਕਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਉਣ ਅਤੇ ਸੂਬੇ ਦੇ ਹੱਕਾਂ ਦੀ ਰਾਖੀ ਲਈ ਮਜ਼ਬੂਤ ਖੇਤਰੀ ਸਿਆਸੀ ਤਾਕਤ ਦੀ ਲੋੜ ਹੈ। ਸਰਦਾਰ ਜੌਲਾ ਨੇ ਅੱਗੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਬਣਨ ‘ਤੇ ਸਾਰੇ ਧਰਮਾਂ ਦੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਵੇਗਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦਿੱਤਾ ਜਾਵੇਗਾ। ਇਸ ਮੌਕੇ ਗੁਰਮੁੱਖ ਸਿੰਘ ਦੇਵੀ ਨਗਰ, ਜਗਜੀਤ ਸਿੰਘ ਜਵਾਹਪੁਰ, ਸੁਰਿੰਦਰ ਸਿੰਘ ਧਰਮਗੜ੍ਹ, ਜਸਵਿੰਦਰ ਸਿੰਘ ਧੀਰੇਮਾਜਰਾ, ਹਰਵਿੰਦਰ ਸਿੰਘ ਕਸੌਲੀ, ਦਵਿੰਦਰ ਸਿੰਘ ਹਮਾਂਯੂਪੁਰ,ਨੈਬ ਸਿੰਘ ਤਸਿੰਬਲੀ,ਮਨਜੀਤ ਸਿੰਘ ਜੰਡਲੀ, ਸੁਰਿੰਦਰ ਸਿੰਘ ਡੇਰਾਬੱਸੀ, ਡਾਕਟਰ ਮੋਹਨ ਸਿੰਘ ਰਾਜੂ ਮਾਜਰਾ, ਬਲਜਿੰਦਰ ਸਿੰਘ ਲੈਹਲੀ,ਮਹਿੰਦਰ ਸਿੰਘ ਜੌਲਾ, ਅਮਨਦੀਪ ਸਿੰਘ ਧਰਮਗੜ੍ਹ, ਅਮਰਜੀਤ ਸਿੰਘ ਰੁੜਕੀ ਤੇ ਸੁਰਜੀਤ ਸਿੰਘ ਤਸਿੰਬਲੀ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
- Download Babushahi App
-
-