ਗਲੋਬਲ ਸਿੱਖ ਕੌਂਸਲ USA ਦਾ ਉਪਰਾਲਾ,"ਪਹਿਲ"ਤਹਿਤ ਪੰਜਾਬ ਦੇ ਗੁਰਦੁਆਰਿਆਂ ਵਿੱਚ ਖੋਲ੍ਹੇ ਜਾਣਗੇ ਮੁਫ਼ਤ ਸਕੂਲ
ਬੱਚਿਆਂ ਨੂੰ ਸਿੱਖਿਆ, ਸਿਹਤ ਅਤੇ ਗੁਰਬਾਣੀ ਨਾਲ ਜੋੜਨ ਲਈ ‘ਪਹਿਲ’ ਪ੍ਰੋਜੈਕਟ ਦੀ ਸ਼ੁਰੂਆਤ
ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਐਸਜੀਪੀਸੀ ਅਤੇ ਜਥੇਦਾਰ ਸਾਹਿਬ ਪ੍ਰਤੀ ਜਤਾਇਆ ਰੋਸ
ਕੁਲਵਿੰਦਰ ਸਿੰਘ
ਅੰਮ੍ਰਿਤਸਰ 10 ਅਕਤੂਬਰ
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਗਲੋਬਲ ਸਿੱਖ ਕੌਂਸਲ ਯੂਐਸਏ ਦੇ ਚੇਅਰਮੈਨ ਗੁਲਬਰਗ ਸਿੰਘ ਬਾਸੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈਸ ਵਾਰਤਾ ਵਿੱਚ ਵਾਸੀ ਨੇ ਸੰਸਥਾ ਵੱਲੋਂ ਸ਼ੁਰੂ ਕੀਤੇ ਗਏ ਪਹਿਲ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸੰਸਥਾ ਵੱਲੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ, ਪਿੰਡਾਂ ਵਿੱਚ ਸਿੱਖਿਆ ਦੇ ਪ੍ਰਸਾਰ ਲਈ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਗਲੋਬਲ ਸਿੱਖ ਕੌਂਸਲ ਦਾ ਮੁੱਖ ਉਦੇਸ਼ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਅਤੇ ਸਿੱਖਾਂ ਦੇ ਵਿਚਾਰਾਂ ਤੇ ਮਸਲਿਆਂ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਤੱਕ ਪਹੁੰਚਾਉਣਾ ਹੈ। ਗੁਲਬਰਗ ਸਿੰਘ ਬਾਸੀ ਨੇ ਦੱਸਿਆ ਕਿ ਗਲੋਬਲ ਸਿੱਖ ਕੌਂਸਲ ਵੱਲੋਂ ਸ਼ੁਰੂ ਕੀਤੇ ਗਏ ਪਹਿਲ ਪ੍ਰੋਜੈਕਟ ਦਾ ਮਕਸਦ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਸੁਨੇਹੇ ਨਾਲ ਜੋੜਨਾ ਅਤੇ ਸਿੱਖੀ ਦੇ ਸਿਧਾਂਤਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਸਿੱਖਿਆ ਸਿਰਫ਼ ਰਸਮਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਹਰ ਵਿਅਕਤੀ ਨੂੰ ਗੁਰਬਾਣੀ ਦੇ ਅਸਲ ਸੰਦੇਸ਼ ਅਤੇ ਜੀਵਨ ਜਾਂਚ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਤਹਿਤ ‘ਪਹਿਲ’"(ਪੰਜਾਬ ਐਜੂਕੇਸ਼ਨ ਹੈਲਥ ਐਂਡ ਐਮਪਾਵਰਮੈਂਟ ਲਹਿਰ") ਉਪਰਾਲਾ ਕੀਤਾ ਗਿਆ ਹੈ। ਇਸ ਦੇ ਤਹਿਤ ਪੰਜਾਬ ਦੇ ਪਿੰਡਾਂ ਵਿੱਚ ਗੁਰਦੁਆਰਾ ਸਾਹਿਬਾਨ ਦੇ ਨਾਲ ਛੋਟੇ ਸਿੱਖਿਆ ਕੇਂਦਰ ਸਥਾਪਤ ਕਰਨ ਦੀ ਯੋਜਨਾ ਹੈ, ਜਿੱਥੇ ਬੱਚਿਆਂ ਨੂੰ ਸ਼ਾਮ ਸਮੇਂ ਮੁਫ਼ਤ ਟਿਊਸ਼ਨ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ, ਸਿੱਖੀ ਦੇ ਸਿਧਾਂਤਾਂ ਅਤੇ ਸਿਹਤ ਸਬੰਧੀ ਜਾਗਰੂਕਤਾ ਵੀ ਪ੍ਰਦਾਨ ਕੀਤੀ ਜਾਵੇਗੀ। ਗੁਲਬਰਗ ਸਿੰਘ ਬਾਸੀ ਨੇ ਪੰਜਾਬ ਦੇ ਲੋਕਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਉਪਰਾਲੇ ਵਿੱਚ ਸਹਿਯੋਗ ਦੇਣ ਅਤੇ ਆਪਣੇ ਪਿੰਡਾਂ ਵਿੱਚ ਅਜਿਹੇ ਸਿੱਖਿਆ ਕੇਂਦਰ ਖੋਲ੍ਹਣ ਲਈ ਅੱਗੇ ਆਉਣ ਲਈ ਕਿਹਾ ਉਹਨਾਂ ਕਿਹਾ ਕਿਇਸ ਮੁਹਿੰਮ ਨੂੰ ਇੱਕ-ਇੱਕ ਕਰਕੇ ਪੰਜਾਬ ਦੇ ਸਾਰੇ ਪਿੰਡਾਂ ਤੱਕ ਪਹੁੰਚਾਉਣ ਦਾ ਟੀਚਾ ਹੈ, ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਗੁਰਬਾਣੀ ਅਤੇ ਚੰਗੇ ਜੀਵਨ ਦੀ ਸਿੱਖਿਆ ਵੀ ਮਿਲ ਸਕੇ।
ਇਸ ਮੌਕੇ ਗੁਲਬਰਗ ਸਿੰਘ ਬਾਸੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਗਲੋਬਲ ਸਿੱਖ ਕੌਂਸਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸਾਹਿਬ ਨਾਲ ਇਸ ਮਾਮਲੇ ’ਤੇ ਸੰਪਰਕ ਕੀਤਾ ਗਿਆ ਹੈ, ਪਰ ਪ੍ਰਬੰਧਕਾਂ ਦੀ ਪ੍ਰਕਿਰਿਆ ਘੱਟ ਤੇਜ਼ ਹੋਣ ਕਰਕੇ ਇਸ ਦਾ ਕੋਈ ਵੀ ਸਟੀਕ ਜਵਾਬ ਹੁਣ ਤੱਕ ਉਹਨਾਂ ਨੂੰ ਨਹੀਂ ਮਿਲ ਸਕਿਆ ਹੈ ਉਨ੍ਹਾਂ ਦਾਅਵਾ ਕੀਤਾ ਕਿ ਕੌਂਸਲ ਵੱਲੋਂ ਇਸ ਮਸਲੇ ’ਤੇ ਵਿਦਵਾਨਾਂ ਨਾਲ ਮਿਲ ਕੇ ਵਿਚਾਰ-ਵਟਾਂਦਰਾ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਸ਼ਨਿੱਚਰਵਾਰ ਸੰਸਥਾ ਵੱਲੋਂ ਇਸ ਸਬੰਧੀ ਜ਼ੂਮ ਮੀਟਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਸਿੱਖੀ ਨਾਲ ਸਬੰਧਿਤ ਕਿਸੇ ਵੀ ਮਸਲੇ ਬਾਰੇ ਚਰਚਾ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਪੰਥ ਜਾਂ ਸਿੱਖੀ ਨੂੰ ਲੈ ਕੇ ਕੋਈ ਸਵਾਲ ਕਰਨਾ ਹੈ ਤਾਂ ਇਸ ਮੀਟਿੰਗ ਦੇ ਜਰੀਏ ਉਹ ਸੰਸਥਾ ਨਾਲ ਰਾਬਤਾ ਕਾਇਮ ਕਰ ਸਕਦਾ ਹੈ। ਇਸ ਤੋਂ ਇਲਾਵਾ ਬਾਸੀ ਵੱਲੋਂ ਮੋਬਾਈਲ ਨੰਬਰ+1 678 794 1794 ਜਾਰੀ ਕਰਦਿਆਂ ਹੋਇਆ ਕਿਹਾ ਕਿ ਜੇਕਰ ਕੋਈ ਵੀ ਸੰਸਥਾ ਇਸ ਉਪਰਾਲੇ ਵਿੱਚ ਗਲੋਬਲ ਸਿੱਖ ਦਾ ਸਹਿਯੋਗ ਕਰਨਾ ਚਾਹੁੰਦੀ ਹੈ ਤਾਂ ਵਟਸ ਐਪ ਰਾਹੀਂ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ
ਇਸ ਦੌਰਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਰਣਜੀਤ ਐਵੇਨਿਊ ਦੇ ਮੁੱਖ ਸੇਵਾਦਾਰ ਬਿਕਰਮਜੀਤ ਸਿੰਘ ਬਾਜਵਾ ਨੇ ਗਲੋਬਲ ਸਿੱਖ ਕੌਂਸਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿੱਖਿਆ, ਸਿਹਤ ਸਹੂਲਤਾਂ ਅਤੇ ਸਿੱਖੀ ਨਾਲ ਜੋੜਨ ਲਈ ਅਜਿਹੀਆਂ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਗੁਰਦੁਆਰਿਆਂ ਦੇ ਨਾਲ ਸਿੱਖਿਆ ਦੇ ਪ੍ਰਬੰਧ ਹੁੰਦੇ ਸਨ ਅਤੇ ਅਜਿਹੇ ਉਪਰਾਲਿਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਬਿਕਰਮਜੀਤ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਅਤੇ ਵਿਦੇਸ਼ ਜਾਣ ਦੇ ਰੁਝਾਨ ਵੱਲ ਵਧ ਰਹੇ ਹਨ। ਅਜਿਹੇ ਵਿੱਚ ਬੱਚਿਆਂ ਨੂੰ ਸਿੱਖੀ ਅਤੇ ਸਿੱਖਿਆ ਨਾਲ ਜੋੜਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਵੇ। ਉਨ੍ਹਾਂ ਭਰੋਸਾ ਦਿੱਤਾ ਕਿ ਗੁਰਦੁਆਰਾ ਛੇਵੀਂ ਪਾਤਸ਼ਾਹੀ ਵੱਲੋਂ ਗਲੋਬਲ ਸਿੱਖ ਕੌਂਸਲ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਅਤੇ ਹੋਰ ਚੰਗੇ ਸਮਾਜਿਕ ਤੇ ਧਾਰਮਿਕ ਉਪਰਾਲਿਆਂ ਵਿੱਚ ਵੀ ਸਹਿਯੋਗ ਜਾਰੀ ਰੱਖਿਆ ਜਾਵੇਗਾ।