Canada ਦੇ ਕੈਬਨਿਟ ਮੰਤਰੀ ਜਗਰੂਪ ਬਰਾੜ ਵੱਲੋਂ ਸਪੀਕਰ ਸੰਧਵਾਂ ਦੇ ਨਿਮਰਤਾ ਵਾਲੇ ਸੁਭਾਅ ਦੀ ਪ੍ਰਸੰਸਾ
ਕੋਟਕਪੂਰਾ, 1 ਜਨਵਰੀ 2026- ਪੰਜਾਬ ਵਿਧਾਨ ਸਭਾ ਦਾ ਲਾਈਵ ਸ਼ੈਸ਼ਨ ਦੇਖਣ ਲਈ ਚੰਡੀਗੜ੍ਹ ਵਿਖੇ ਪੁੱਜੇ ਬਿ੍ਰਟਿਸ਼ ਕੋਲੰਬੀਆ (ਕੈਨੇਡਾ) ਦੇ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ (ਸਰੀ) ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਹਿਜ, ਸੰਜਮ, ਸੰਤੋਖ, ਧੀਰਜ, ਸ਼ਹਿਣਸ਼ੀਲਤਾ ਅਤੇ ਨਿਮਰਤਾ ਵਾਲੇ ਸੁਭਾਅ ਦੀ ਭਰਪੂਰ ਪ੍ਰਸੰਸਾ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਫਤਰ ਵਿੱਚ ਸਪੀਕਰ ਸੰਧਵਾਂ ਵਲੋਂ ਜਗਰੂਪ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਵੀ ਹਾਜਰ ਸਨ।
ਡਾ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੁੱਡ ਮੌਰਨਿੰਗ ਕਲੱਬ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਯਤਨਸ਼ੀਲ ਰਹਿਣ ਕਰਕੇ ਕਲੱਬ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਦਫਤਰ ਵਿੱਚ ਹਾਜਰ ਸਿਹਤ ਮੰਤਰੀ ਡਾ ਬਲਬੀਰ ਸਿੰਘ, ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਅਤੇ ਹੋਰ ਅਨੇਕਾਂ ਵਿਧਾਇਕਾਂ ਅਤੇ ਉੱਘੀਆਂ ਸ਼ਖਸ਼ੀਅਤਾਂ ਦੀ ਹਾਜਰੀ ਵਿੱਚ ਜਗਰੂਪ ਸਿੰਘ ਬਰਾੜ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਸਿਰਫ ਉਹ ਵਿਦਿਆਰਥੀ-ਵਿਦਿਆਰਥਣਾ ਹੀ ਕਾਮਯਾਬ ਹੁੰਦੇ ਹਨ, ਜਿੰਨਾ ਨੂੰ ਵੱਖ ਵੱਖ ਤਰ੍ਹਾਂ ਦੇ ਹੁਨਰ ਦੀ ਕਾਬਲੀਅਤ ਅਤੇ ਤਜਰਬਾ ਹੁੰਦਾ ਹੈ।
ਉਹਨਾਂ ਆਖਿਆ ਕਿ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਲੈਣ ਤੋਂ ਪਹਿਲਾਂ ਪੰਜਾਬੀ ਵਿਦਿਆਰਥੀ ਨੂੰ ਕੈਨੇਡਾ ਦੇ ਕਾਨੂੰਨ ਅਤੇ ਸੱਭਿਆਚਾਰ ਪ੍ਰਤੀ ਜਾਣੂ ਅਤੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ, ਕਿਉਂਕਿ ਕਈ ਏਜੰਟਾਂ ਵੱਲੋਂ ਗਲਤ ਜਾਣਕਾਰੀ ਪੇਸ਼ ਕਰਕੇ ਬੇਲੋੜੀਂਦੇ ਕੋਰਸਾਂ ਵਿੱਚ ਦਾਖਲਾ ਕਰਵਾ ਦਿੰਦੇ ਹਨ, ਜਿੰਨਾ ਨਾਲ ਵਿਦਿਆਰਥੀ ਦੇ ਸਮੇਂ ਅਤੇ ਪੈਸੇ ਦਾ ਨੁਕਸਾਨ ਹੁੰਦਾ ਹੈ। ਡਾ ਮਨਜੀਤ ਸਿੰਘ ਢਿੱਲੋਂ ਨੇ ਕੈਨੇਡਾ ਦੇ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ ਨੂੰ 11 ਜਨਵਰੀ ਦਿਨ ਐਤਵਾਰ ਨੂੰ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਕੋਟਕਪੂਰਾ ਵਿਖੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ, ਜੋ ਉਹਨਾ ਤੁਰਤ ਪ੍ਰਵਾਨ ਕਰ ਲਿਆ। ਡਾ ਢਿੱਲੋਂ ਨੇ ਦੱਸਿਆ ਕਿ ਉਕਤ ਸਮਾਗਮ ਵਿੱਚ ਕਾਲਜ ਦੇ ਕੰਪਲੈਕਸ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਹੋਰ ਵੀ ਕੈਬਨਿਟ ਮੰਤਰੀ ਅਤੇ ਵਿਧਾਇਕ ਸ਼ਿਰਕਤ ਕਰਨਗੇ।