ਨਿਊਯਾਰਕ ਵਿੱਚ "ਚੱਲ ਮੇਲੇ ਨੂੰ ਚੱਲੀਏ" ਯਾਦਗਾਰੀ ਹੋ ਨਿਬੜਿਆ
ਪੰਜਾਬੀ ਗਾਇਕਾਂ ਦੀਆਂ ਪੇਸ਼ਕਾਰੀਆਂ ਨੇ ਬੰਨਿਆ ਰੰਗ
ਨਿਊਯਾਰਕ ਵਿੱਚ ਸਿਰਜਿਆ ਪੰਜਾਬ ਦੇ ਮੇਲੇ ਵਰਗਾ ਮਾਹੌਲ
ਹਜ਼ਾਰਾਂ ਦਰਸ਼ਕਾਂ ਨੇ ਮਾਣੀਆਂ ਪੰਜਾਬੀ ਰੌਣਕਾਂ
ਗੁਰਿੰਦਰਜੀਤ ਨੀਟਾ ਮਾਛੀਕੇ
ਨਿਊਯਾਰਕ 4 August 2026 :
ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਸੰਗੀਤ ਦੀਆਂ ਰੌਣਕਾਂ ਨੂੰ ਸਮਰਪਿਤ ਫਤਿਹ ਇੰਟਰਟੇਨਮੈਂਟ ਵੱਲੋਂ ਨਿਊਯਾਰਕ ਵਿੱਚ ਕਰਵਾਇਆ ਗਿਆ ਵਿਸ਼ਾਲ ਮੇਲਾ "ਚੱਲ ਮੇਲੇ ਨੂੰ ਚੱਲੀਏ" ਸ਼ਾਨਦਾਰ ਸਫਲਤਾ ਨਾਲ ਸੰਪੰਨ ਹੋਇਆ। ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਦਰਸ਼ਕਾਂ ਦੇ ਭਾਰੀ ਇਕੱਠ, ਨਾਮਵਰ ਕਲਾਕਾਰਾਂ ਦੀਆਂ ਦਮਦਾਰ ਪੇਸ਼ਕਾਰੀਆਂ, ਖਾਣ ਪੀਣ ਅਤੇ ਖਰੀਦਦਾਰੀ ਦੇ ਸਟਾਲਾਂ ਨੇ ਨਿਊਯਾਰਕ ਦੀ ਧਰਤੀ ਤੇ ਪੰਜਾਬ ਦੇ ਕਿਸੇ ਵੱਡੇ ਮੇਲੇ ਵਰਗਾ ਮਾਹੌਲ ਸਿਰਜ ਦਿੱਤਾ। ਇਸ ਮੇਲੇ ਨੂੰ ਸਫਲ ਬਣਾਉਣ ਪਿੱਛੇ ਫਤਿਹ ਇੰਟਰਟੇਨਮੈਂਟ ਦੀ ਸਮੁੱਚੀ ਟੀਮ ਦੀ ਲੰਬੇ ਸਮੇਂ ਦੀ ਮਿਹਨਤ ਅਤੇ ਸੁਚੱਜੀ ਵਿਉਂਤਬੰਦੀ ਰਹੀ। ਟੋਨੀ ਮੁਲਤਾਨੀ, ਰਣਧੀਰ ਬਰਾੜ, ਕਾਲਾ ਜੰਡੀ, ਗਿੱਲ ਪ੍ਰਦੀਪ, ਪ੍ਰੀਤ ਨਿਊਯਾਰਕ ਅਤੇ ਨੀਟਾ ਮਨਿਆਣੀ ਸਮੇਤ ਟੀਮ ਦੇ ਹੋਰ ਸਾਥੀਆਂ ਅਤੇ ਸਪੋਟਰਾਂ ਨੇ ਮਿਲ ਕੇ ਪ੍ਰੋਗਰਾਮ ਦੀਆਂ ਤਿਆਰੀਆਂ ਤੋਂ ਲੈ ਕੇ ਮੇਲੇ ਦੇ ਅਖੀਰ ਤੱਕ ਆਪਣੀ ਜਿੰਮੇਵਾਰੀ ਨਿਭਾਈ। ਮੇਲੇ ਦਾ ਸਭ ਤੋਂ ਵੱਡਾ ਆਕਰਸ਼ਣ ਪੰਜਾਬੀ ਗਾਇਕੀ ਦੇ ਨਾਮਵਰ ਅਤੇ ਉਭਰ ਦੇ ਕਲਾਕਾਰਾਂ ਦੀਆਂ ਲਾਈਵ ਪੇਸ਼ਕਾਰੀਆਂ ਰਹੀਆਂ। ਨੌਜਵਾਨ ਦਿਲਾਂ ਦੀ ਧੜਕਨ ਕੁਲਵਿੰਦਰ ਬਿੱਲਾ, ਪਰਿਵਾਰਿਕ ਅਤੇ ਸੱਭਿਆਚਾਰ ਗਾਇਕੀ ਲਈ ਜਾਣੇ ਜਾਂਦੇ ਹਰਜੀਤ ਹਰਮਨ, ਪੰਜਾਬੀ ਗਾਇਕੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਯਾਸਿਰ ਹੁਸੈਨ, ਵਾਈਸ ਆਫ ਪੰਜਾਬ ਨਾਲ ਪਹਿਚਾਣ ਬਣਾਉਣ ਵਾਲੀ ਗਾਇਕਾ ਹਰਮਨਪ੍ਰੀਤ ਕੌਰ ਅਤੇ ਨਵੀਂ ਆਵਾਜ਼ ਉੱਚਾ ਲੰਮਾ ਗੱਭਰੂ ਪਰਮ ਪਾਬਲਾ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇੱਕ ਤੋਂ ਬਾਅਦ ਇੱਕ ਕਲਾਕਾਰ ਜਦੋਂ ਸਟੇਜ ਤੇ ਪਹੁੰਚੇ ਤਾਂ ਦਰਸ਼ਕਾਂ ਦਾ ਉਤਸ਼ਾਹ ਵੀ ਵੱਧਦਾ ਗਿਆ। ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਮਹਿਕ ਨਾਲ ਭਰਪੂਰ ਗੀਤਾਂ ਨੇ ਪਰਦੇਸ਼ ਦੀ ਧਰਤੀ ਤੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਦਰਸ਼ਕਾਂ ਨੇ ਗੀਤਾਂ ਤੇ ਨੱਚ ਕੇ ਅਤੇ ਤਾੜੀਆਂ ਨਾਲ ਕਲਾਕਾਰਾਂ ਦਾ ਹੌਸਲਾ ਵਧਾਇਆ। ਸਟੇਜ ਜੀ ਪ੍ਰੋਗਰਾਮ ਦੀ ਵਿਉਂਤਬੰਦੀ ਵੀ ਮੇਲੇ ਦੀ ਖਾਸੀਅਤ ਰਹੀ। ਸ਼ੁਰੂਆਤ ਤੋਂ ਅੰਤ ਤੱਕ ਪ੍ਰੋਗਰਾਮ ਲਗਾਤਾਰ ਰੌਣਕਾਂ ਭਰਿਆ ਰਿਹਾ ਅਤੇ ਵੱਖ-ਵੱਖ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਵੱਖਰੇ ਰੰਗ ਪੇਸ਼ ਕੀਤੇ। ਖਾਸ ਤੌਰ ਤੇ ਕਲਾਕਾਰਾਂ ਦੀਆਂ ਲਾਈਵ ਪੇਸ਼ਕਾਰੀਆਂ ਇਸ ਮੇਲੇ ਦੀਆਂ ਉਹ ਯਾਦਾਂ ਬਣੀਆਂ, ਜਿਨਾਂ ਦੀ ਚਰਚਾ ਦਰਸ਼ਕ ਲੰਮੇ ਸਮੇਂ ਤੱਕ ਕਰਦੇ ਰਹਿਣਗੇ। ਚੱਲ ਮੇਲੇ ਨੂੰ ਚੱਲੀਏ ਸਿਰਫ ਇੱਕ ਸੰਗੀਤਕ ਪ੍ਰੋਗਰਾਮ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਇੱਕ ਪੂਰੇ ਪੰਜਾਬੀ ਮੇਲੇ ਦਾ ਰੂਪ ਧਾਰਿਆ। ਮੇਲਾ ਮੈਦਾਨ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦੇ ਸਟਾਲ, ਕਾਰੋਬਾਰੀ ਅਤੇ ਖਰੀਦੋ ਫਰੋਖਤ ਦੇ ਸਟਾਲ ਲੱਗੇ ਹੋਏ ਸਨ। ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਜਿੱਥੇ ਪੰਜਾਬੀ ਸੰਗੀਤ ਦਾ ਆਨੰਦ ਮਾਣਿਆ, ਉੱਥੇ ਮੇਲੇ ਦੀਆਂ ਹੋਰ ਰੌਣਕਾਂ ਦਾ ਵੀ ਖੂਬ ਲੁਤਫ ਉਠਾਇਆ। ਮੇਲੇ ਦੀ ਸਫਲਤਾ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਸਪਾਂਸਰਾ, ਸਪੋਟਰਾਂ, ਵਲੰਟੀਅਰਾਂ ਅਤੇ ਦਰਸ਼ਕਾਂ ਦਾ ਫਤਿਹ ਇੰਟਰਟੇਨਮੈਂਟ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕੁੱਲ ਮਿਲਾ ਕੇ ਨਿਊਯਾਰਕ ਵਿੱਚ ਹੋਇਆ "ਚੱਲ ਮੇਲੇ ਨੂੰ ਚੱਲੀਏ" ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੀਆਂ ਯਾਦਗਾਰੀ ਰੌਣਕਾਂ ਛੱਡ ਗਿਆ। ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ, ਕਲਾਕਾਰਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ, ਪੰਜਾਬੀ ਖਾਣ ਪੀਣ ਅਤੇ ਮੇਲੇ ਵਰਗੇ ਮਾਹੌਲ ਨੇ ਇਸ ਸਮਾਗਮ ਨੂੰ ਖਾਸ ਬਣਾ ਦਿੱਤਾ। ਪ੍ਰਦੇਸ਼ ਦੀ ਧਰਤੀ ਤੇ ਪੰਜਾਬੀਅਤ ਦੇ ਰੰਗ ਬਖੇਰ ਦਾ ਇਹ ਮੇਲਾ ਆਏ ਹੋਏ ਦਰਸ਼ਕਾਂ ਦੀਆਂ ਯਾਦਾਂ ਵਿੱਚ ਚਿਰਾਂ ਤੱਕ ਵਸਿਆ ਰਹੇਗਾ ਅਤੇ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ ਉਪਰਾਲਿਆਂ ਲਈ ਇੱਕ ਉਤਸ਼ਾਹ ਬਣੇਗਾ।