ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 4 ਅਗਸਤ, 2017 : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸ਼ੁਕਰਵਾਰ ਨੂੰ ਫਤਿਹਗੜ ਸਾਹਿਬ ਜਿਲੇ ਦੇ ਪਿੰਡ ਚਨਾਰਥਲ ਵਿਚ ਖੁਦਕੁਸ਼ੀ ਕਰ ਚੁੱਕੇ ਦਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਕਿਸਾਨ ਨੇ ਕੱਲ ਆੜਤੀਆਂ ਵਲੋਂ ਤੰਗ ਪਰੇਸ਼ਾਨ ਕੀਤੇ ਜਾਣ ‘ਤੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਪਹਿਲਾਂ ਕਿਸਾਨ ਦੇ ਪਿਤਾ ਅਤੇ ਵੱਡਾ ਭਰਾ ਵੀ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਚੁੱਕੇ ਹਨ। ਇਸ ਮੌਕੇ ਖਹਿਰਾ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
ਪਰਿਵਾਰਿਕ ਮੈਂਬਰਾਂ ਨਾਲ ਦੁਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਪੰਜਾਬ ਦੇ ਸਾਰੇ ਮੁੱਦਿਆਂ ਉਤੇ ਫੇਲ ਸਾਬਿਤ ਹੋਈ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਡਰਾਮਾ ਰਚਨ ਨਾਲ ਕਿਸਾਨਾਂ ਵਿਚ ਇਸ ਗੱਲ ਪ੍ਰਤੀ ਸ਼ੰਕਾ ਪੈਦਾ ਹੋ ਗਈ ਹੈ ਕਿ ਉਨਾਂ ਨੇ ਆੜਤੀਆਂ ਅਤੇ ਬੈਂਕਾ ਦਾ ਕਰਜ਼ਾ ਵਾਪਿਸ ਕਰਨਾ ਹੈ ਜਾਂ ਨਹੀਂ। ਸਰਕਾਰ ਨੇ ਇਸ ਸੰਬੰਧੀ ਬੈਂਕਾਂ ਨੂੰ ਕੋਈ ਵੀ ਨੋਟੀਫਿਕੇਸ਼ਨ ਜਾਂ ਸਾਫ ਤੌਰ ‘ਤੇ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਹਨ, ਜੋ ਕਿ ਪਹਿਲਾਂ ਤੋਂ ਵੀ ਵੱਧ ਪਰੇਸ਼ਾਨੀਆਂ ਦਾ ਸਬੱਬ ਬਣ ਰਿਹਾ ਹੈ। ਮੌਜੂਦਾ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਜਿਸ ਕਾਰਨ ਸਰਕਾਰ ਬਨਣ ਦੇ ਚਾਰ ਮਹੀਨਿਆਂ ਦੇ ਅੰਦਰ-ਅੰਦਰ 100 ਤੋਂ ਵੱਧ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਹੈ। ਕਿਸਾਨ ਦਵਿੰਦਰ ਸਿੰਘ ਦੀ ਮੌਤ ਉਤੇ ਹੈਰਾਨੀ ਪ੍ਰਗਟ ਕਰਦਿਆਂ ਖਹਿਰਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਜਿਹੇ ਕਿਸਾਨ ਜਿਸਨੇ ਕਿ ਸਿਰਫ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਆੜਤੀਆਂ ਦੁਆਰਾ ਉਸਦੀ ਸਾਰੀ ਜਮੀਨ ਵੇਚ ਦਿੱਤੀ ਗਈ। ਉਨਾਂ ਕਿਹਾ ਕਿ ਕਿਸਾਨ ਪਾਸੋਂ 60 ਲੱਖ ਰੁਪਏ ਵਸੂਲਣ ਤੋਂ ਬਾਅਦ ਵੀ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪਰਵਾਸੀ ਪੰਜਾਬੀਆਂ ਨੂੰ ਅਪੀਲ ਕਰਦਿਆਂ ਖਹਿਰਾ ਨੇ ਕਿਹਾ ਕਿ ਕੀ ਉਹ ਪੰਜਾਬ ਵਿਚ ਆਤਮ ਹੱਤਿਆਵਾਂ ਕਰ ਰਹੇ ਕਿਸਾਨਾਂ ਦੀ ਸਹਾਇਤਾ ਲਈ ਅੱਗੇ ਆਉਣ। ਪਰਵਾਸੀ ਪੰਜਾਬੀ ਰਸ਼ਪਾਲ ਸਿੰਘ ਦੁਆਰਾ ਖੁਦਕੁਸ਼ੀ ਕਰ ਚੁੱਕੇ ਇਸ ਕਿਸਾਨ ਦਵਿੰਦਰ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦੇ ਕਦਮ ਦੀ ਸ਼ਲਾਘਾ ਕਰਦਿਆਂ ਖਹਿਰਾ ਨੇ ਕਿਹਾ ਕਿ ਹੋਰ ਲੋਕ ਵੀ ਇਸੇ ਤਰਾਂ ਅੱਗੇ ਆਉਣ। ਖਹਿਰਾ ਨੇ ਕਿਹਾ ਕਿ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਮਾੜੇ ਸਮੇਂ ਵਿਚ ਆਪਣੇ ਪੰਜਾਬੀ ਭਰਾਵਾਂ ਦੀ ਸਹਾਇਤਾ ਲਈ ਹੱਥ ਵਧਾਉਣ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੂੰ ਕੁਝ ਸਮੇਂ ਲਈ ਪਿੰਡਾਂ ਵਿਚ ਖੇਡ ਮੇਲੇ ਕਰਵਾਉਣੇ ਬੰਦ ਕਰਕੇ ਇਸ ਦੀ ਥਾਂ ਕਰਜੇ ਦੀ ਮਾਰ ਹੇਠ ਆਏ ਕਿਸਾਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪਰਵਾਸੀ ਪੰਜਾਬੀ ਗਰੁੱਪ ਬਣਾ ਕੇ ਕਿਸਾਨ ਪਰਿਵਾਰਾਂ ਅਤੇ ਉਨਾਂ ਦੇ ਬੱਚਿਆਂ ਦੀ ਭਲਾਈ ਅਤੇ ਪੜਾਈ ਲਿਖਾਈ ਲਈ ਪੈਸਾ ਖਰਚ ਕਰਨ।
ਖਹਿਰਾ ਨੇ ਇਸ ਮੌਕੇੇ ਕਿਸਾਨਾਂ ਦੀਆਂ ਮੁਸ਼ਕਿਲਾਂ ਉਤੇ ਵਿਚਾਰ ਅਤੇ ਉਨਾਂ ਨੂੰ ਹੱਲ ਕਰਨ ਦੇ ਮੰਤਵ ਨਾਲ ਵਿਧਾਨ ਸਭਾ ਦਾ ਚਾਰ ਦਿਨ ਲਈ ਸਪੈਸ਼ਲ ਸ਼ੈਸਨ ਬੁਲਾਉਣ ਦੀ ਵੀ ਮੰਗ ਕੀਤੀ। ਉਨਾਂ ਨੇ ਜੋਰ ਦੇ ਕੇ ਕਿਹਾ ਕਿ ਸਰਕਾਰ ਬੈਂਕਾਂ, ਕੋ-ਆਪਰੇਟਿਵ ਸੁਸਾਇਟੀਆਂ ਅਤੇ ਆੜਤੀਆਂ ਨੂੰ ਹਿਦਾਇਤਾਂ ਜਾਰੀ ਕਰੇ ਕੀ ਉਹ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ। ਉਨਾਂ ਨੇ ਕਾਂਗਰਸ ਸਰਕਾਰ ਦੁਆਰਾ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਗੰਭੀਰ ਨਾ ਹੋਣ ਉਤੇ ਵੀ ਆਲੋਚਨਾ ਕੀਤੀ।