ਕਿਸਾਨ ਸੂਬਾ ਸਿੰਘ ਦੀ ਫਾਈਲ ਫੋਟੋ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 30 ਦਸੰਬਰ 2017 :
ਗੁਰੂਹਰਸਹਾਏ ਵਿਧਾਨ ਸਭਾ ਹਲਕਾ ਦੇ ਸਰਹੱਦੀ ਪਿੰਡ ਗਜਨੀ ਵਾਲਾ ਦੇ ਇਕ ਕਰਜ਼ਾਈ ਕਿਸਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ । ਕਿਸਾਨ ਵੱਲੋਂ ਲਿਖੇ ਆਤਮ ਹੱਤਿਆ ਨੋਟ ਵਿੱਚ ਜਿਕਰ ਕੀਤਾ ਹੈ ਕਿ ਉਸ ਨੂੰ ਕਰਜਾ ਦਿਵਾਉਣ ਲਈ ਕੁੱਝ ਵਿਅਕਤੀਆਂ ਨੇ ਸਾਜਿਸ਼ ਰਚਣ ਬਾਅਦ ਉਸ ਨਾਲ ਠੱਗੀ ਕਰ ਲਈ।
ਸੂਬਾ ਸਿੰਘ ਪੁੱਤਰ ਬੰਤਾ ਸਿੰਘ ਕੌਮ ਜੱਟ ਸਿੱਖ ਵਾਸੀ ਪਿੰਡ ਗਜਨੀ ਵਾਲਾ ਤਹਿਸੀਲ ਗੁਰੂ ਹਰਸਹਾਏ ਨੇ ਮਰਨ ਤੋਂ ਪਹਿਲਾਂ ਆਤਮ ਹੱਤਿਆ ਨੋਟ ਲਿਖਿਆ ਅਤੇ ਉਸ ਨੂੰ ਫੋਟੋ ਸਟੇਟ ਕਰਵਾਉਣ ਬਾਅਦ ਇੱਕ ਕਾਪੀ ਆਪਣੀ ਮੋਟਰ ਤੇ, ਦੋ ਕਾਪੀਆਂ ਪਿੰਡ ਦੇ ਬੱਸ ਅੱਡੇ, ਪੁਲਿਸ ਥਾਣੇ ਅਤੇ ਨਹਿਰ ਕਿਨਾਰੇ ਛੱਡਣ ਬਾਅਦ ਰਾਜਸਥਾਨ ਕੈਨਾਲ ਵਿੱਚ ਛਾਲ ਮਾਰ ਕੇ ਕਥਿਤ ਤੌਰ ਤੇ ਆਤਮ ਹੱਤਿਆ ਕਰ ਲਈ । ਮ੍ਰਿਤਕ ਜੋ ਪਹਿਲਾਂ 10 ਏਕੜ ਰਕਬੇ ਦਾ ਮਾਲਕ ਸੀ ਦੀ ਹੁਣ ਜਮੀਨ ਵਿਕ ਚੁੱਕੀ ਹੈ ਅਤੇ ਅਜੇ ਵੀ ਉਸ ਦੇ ਸਿਰ ਕਰਜਾ ਵਾਪਸ ਕਰਨ ਵਾਲਾ ਖੜ੍ਹਾ ਸੀ । ਉਹ ਦੋ ਲੜਕਿਆਂ ਦਾ ਬਾਪ ਸੀ ਜੋ ਵਿਦੇਸ਼ ਦੁਬਈ ਵਿੱਚ ਕੰਮ ਕਰਨ ਲਈ ਗਏ ਹੋਏ ਹਨ ।
ਮ੍ਰਿਤਕ ਨੇ ਮ੍ਰਿਤਕ ਨੋਟ ਵਿੱਚ ਕੁੱਝ ਵਿਅਕਤੀਆਂ ਦੇ ਨਾਮ ਲਿਖੇ ਹਨ ਜਿਨ੍ਹਾਂ ਉਸ ਦੀਆਂ ਗਹਿਣੇ ਪਈਆਂ ਟੂੰਬਾਂ ਨੂੰ ਛੁਡਾਉਣ ਲਈ ਅਤੇ ਹੋਰ ਕਰਜ ਦਿਵਾਉਣ ਲਈ ਉਸ ਤੋਂ ਕਾਫੀ ਖਰਚਾ ਲੈ ਲਿਆ ਪਰ ਉਸ ਨੂੰ ਕਰਜਾ ਨਹੀਂ ਦਿਵਾਇਆ । ਮ੍ਰਿਤਕ ਚਾਹੇ ਪੁਲਸ ਥਾਣਾ ਲੱਖੋ ਕੇ ਬਹਿਰਾਮ ਖੇਤਰ ਦਾ ਵਾਸੀ ਸੀ ਪਰ ਉਸ ਨੇ ਨਹਿਰ ਵਿੱਚ ਛਾਲ ਪੁਲਸ ਥਾਣਾ ਸਾਦਿਕ ਅਧੀਨ ਆਉਂਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਮਾਰੀ ਹੈ । ਉਸ ਦੇ ਪਰਿਵਾਰਕ ਮੈਂਬਰ ਪੁਲਸ ਪਾਰਟੀ ਸਮੇਤ ਲਾਸ਼ ਦੀ ਭਾਲ ਕਰ ਰਹੇ ਹਨ ਪਰ ਖਬਰ ਲਿਖੇ ਜਾਣ ਤੱਕ ਲਾਸ਼ ਨਹੀਂ ਮਿਲੀ ਸੀ ।