ਸੁਖਬੀਰ ਬਾਦਲ ਵੱਲੋਂ ਤਲਵੰਡੀ ਸਾਬੋ ਅਤੇ ਭੁੱਚੋ ਮੰਡੀ ਇਲਾਕੇ ਨੂੰ ਟੈਕਸਟਾਈਲ ਤੇ ਸਪੇਨਿੰਗ ਹੱਬ ਵਜੋਂ ਵਿਕਸਿਤ ਕਰਨ ਦਾ ਐਲਾਨ
ਸਾਰੀਆਂ ਗੈਰ-ਨਿਯਮਿਤ ਕਾਲੋਨੀਆਂ ਨੂੰ ਜਿੱਥੇ ਹਨ, ਜਿਵੇਂ ਹਨ ਦੇ ਆਧਾਰ 'ਤੇ ਰੈਗੂਲਰ ਕਰਨ ਦਾ ਭਰੋਸਾ
ਅਸ਼ੋਕ ਵਰਮਾ
ਬਠਿੰਡਾ, 25 ਨਵੰਬਰ 2026 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਤਲਵੰਡੀ ਸਾਬੋ–ਭੁੱਚੋ ਮੰਡੀ ਪੱਟੀ ਨੂੰ ਟੈਕਸਟਾਈਲ ਅਤੇ ਸਪਿਨਿੰਗ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਾਮਨਗਰ ਹਾਈਵੇਅ ਦਾ ਲਾਹਾ ਲੈਣ ਲਈ ਇਸ ਖੇਤਰ ਵਿੱਚ ਉਦਯੋਗਿਕ ਪਾਰਕ ਵੀ ਸਥਾਪਿਤ ਕੀਤੇ ਜਾਣਗੇ।ਅਕਾਲੀ ਦਲ ਦੇ ਪ੍ਰਧਾਨ ਨੇ ਬਠਿੰਡਾ ਸ਼ਹਿਰ, ਤਲਵੰਡੀ ਸਾਬੋ ਅਤੇ ਭੁੱਚੋ ਮੰਡੀ ਵਿਖੇ ਵਪਾਰ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿੱਚ ਸਥਾਪਿਤ ਹੋਣ ਵਾਲੀਆਂ ਸਾਰੀਆਂ ਨਵੀਆਂ ਸਨਅਤੀ ਇਕਾਈਆਂ ਨੂੰ ਸਟੇਟ ਜੀਐੱਸਟੀ ਦਾ 50 ਫ਼ੀਸਦੀ ਹਿੱਸਾ ਆਪਣੇ ਕੋਲ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਮੁੱਚੇ ਉਦਯੋਗਿਕ ਖੇਤਰ ਲਈ ਬਿਜਲੀ ਦੀ ਦਰ 5 ਰੁਪਏ ਪ੍ਰਤੀ ਯੂਨਿਟ ਤੈਅ ਕੀਤੀ ਜਾਵੇਗੀ।
ਤਿੰਨਾਂ ਥਾਵਾਂ 'ਤੇ ਹੋਈਆਂ ਮੀਟਿੰਗਾਂ ਦੌਰਾਨ ਵਪਾਰ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਭਰੋਸਾ ਦਿੱਤਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਜਿੱਤ ਯਕੀਨੀ ਬਣਾਉਣ ਲਈ ਕੰਮ ਕਰਨਗੇ। ਤਿੰਨਾਂ ਮੀਟਿੰਗਾਂ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।ਬਠਿੰਡਾ ਸ਼ਹਿਰ ਦੇ ਦੁਕਾਨਦਾਰਾਂ ਅਤੇ ਉਦਯੋਗਪਤੀਆਂ ਵੱਲੋਂ ਗੈਂਗਸਟਰਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦੀਆਂ ਗਤੀਵਿਧੀਆਂ ਸਬੰਧੀ ਉਠਾਈਆਂ ਸ਼ਿਕਾਇਤਾਂ ਦਾ ਜਵਾਬ ਦਿੰਦਿਆਂ ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ਉਹ ਪੰਜਾਬ ਨੂੰ ਗੈਂਗਸਟਰਾਂ ਤੋਂ ਮੁਕਤ ਕਰਨਗੇ ਅਤੇ ਸੂਬੇ ਵਿੱਚ ਕਾਰੋਬਾਰ ਕਰਨ ਤੇ ਨਿਵੇਸ਼ ਕਰਨ ਲਈ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣਗੇ।
ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਸਾਰੇ ਵਪਾਰਕ ਅਦਾਰਿਆਂ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਉਦਯੋਗਿਕ ਇਕਾਈਆਂ ਵਿੱਚ ਸੂਰਜੀ ਊਰਜਾ ਦੇ ਉਤਪਾਦਨ ਨੂੰ ਉਤਸ਼ਾਹਿਤ ਕਰੇਗੀ ਅਤੇ ਉਨ੍ਹਾਂ ਵੱਲੋਂ ਪੈਦਾ ਕੀਤੀ ਜਾਣ ਵਾਲੀ ਵਾਧੂ ਬਿਜਲੀ ਵੀ ਖਰੀਦੇਗੀ।ਇੱਕ ਹੋਰ ਅਹਿਮ ਐਲਾਨ ਕਰਦਿਆਂ ਸ੍ਰੀ ਬਾਦਲ ਨੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਨੁਮਾਇੰਦੇ ਰਵੀ ਕੁਮਾਰ ਨੂੰ ਭਰੋਸਾ ਦਿੱਤਾ ਕਿ ਅਗਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਜਾਇਦਾਦ ਦੀ ਖਰੀਦ-ਵੇਚ ਲਈ ਐਨਓਸੀ ਦੀ ਲਾਜ਼ਮੀ ਸ਼ਰਤ ਖ਼ਤਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਤੋਂ ਪੈਸੇ ਵਸੂਲਣ ਲਈ ਇਹ ਸ਼ਰਤ ਲਾਗੂ ਕੀਤੀ ਹੈ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਾਰੀਆਂ ਗੈਰ-ਨਿਯਮਿਤ ਕਾਲੋਨੀਆਂ ਨੂੰ ਜਿੱਥੇ ਹਨ, ਜਿਵੇਂ ਹਨ ਦੇ ਆਧਾਰ 'ਤੇ ਰੈਗੂਲਰ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਫੇਸਲੈੱਸ ਰਜਿਸਟਰੀ ਪ੍ਰਣਾਲੀ ਵੀ ਸ਼ੁਰੂ ਕਰਾਂਗੇ, ਜਿਸ ਤਹਿਤ ਤਹਿਸੀਲਦਾਰ ਨਾਲ ਲੋਕਾਂ ਦਾ ਕੋਈ ਸਿੱਧਾ ਸੰਪਰਕ ਨਹੀਂ ਹੋਵੇਗਾ। ਇਸ ਤੋਂ ਇਲਾਵਾ ਰਜਿਸਟਰੀ ਅਤੇ ਇੰਤਕਾਲ ਇੱਕੋ ਸਮੇਂ ਕੀਤੇ ਜਾਣਗੇ ਤਾਂ ਜੋ ਖਰੀਦਦਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।”ਰਾਮਾ ਮੰਡੀ ਵਿਖੇ ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਕੁਮਾਰ ਗੋਇਲ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਜਾਣੂ ਕਰਵਾਇਆ ਕਿ ਰਿਫਾਇਨਰੀ ਦੇ ਨਾਲ ਨਿਰਧਾਰਿਤ ਕੀਤਾ ਗਿਆ ਉਦਯੋਗਿਕ ਖੇਤਰ ਅਜੇ ਤੱਕ ਵਿਕਸਤ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸਥਾਨਕ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਰਿਫਾਇਨਰੀ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਫੰਡ ਵਿੱਚੋਂ ਰਕਮ ਅਲਾਟ ਕਰਨ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਈ-ਇਨਵੌਇਸ ਅਤੇ ਈ-ਬਿੱਲ ਸੇਵਾਵਾਂ ਨੂੰ ਸੁਚਾਰੂ ਬਣਾਉਣ ਦੀ ਮੰਗ ਕੀਤੀ।
ਸ੍ਰੀ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਖੇਤਰ ਨੂੰ ਟੈਕਸਟਾਈਲ ਅਤੇ ਸਪਿਨਿੰਗ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ।ਰਾਮਾ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਸ੍ਰੀ ਸੁਭਾਸ਼ ਗਰਗ ਨੇ ਆੜ੍ਹਤੀਆਂ ਦਾ ਕਮਿਸ਼ਨ ਵਧਾ ਕੇ 2.5 ਫ਼ੀਸਦੀ ਕਰਨ ਦੇ ਨਾਲ-ਨਾਲ ਮੰਡੀ ਯਾਰਡ ਦਾ ਵਿਸਥਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਭੁੱਚੋ ਮੰਡੀ ਵਿਖੇ ਸ੍ਰੀ ਸੁਨੀਲ ਬਬਲੀ ਨੇ ਵੀ ਇਹੀ ਮੰਗ ਉਠਾਈ ਅਤੇ ਨਵੀਂ ਮੰਡੀ ਵਿੱਚ ਆੜ੍ਹਤੀਆਂ ਨੂੰ ਦੁਕਾਨਾਂ ਅਲਾਟ ਕਰਨ ਦੀ ਮੰਗ ਕੀਤੀ। ਸ੍ਰੀ ਬਾਦਲ ਨੇ ਭਰੋਸਾ ਦਿੱਤਾ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਕੇਂਦਰ ਸਰਕਾਰ ਕੋਲ ਆੜ੍ਹਤੀਆਂ ਦਾ ਕਮਿਸ਼ਨ 2.5 ਫ਼ੀਸਦੀ ਕਰਵਾਉਣ ਦਾ ਮਾਮਲਾ ਉਠਾਏਗੀ।
ਭੁੱਚੋ ਮੰਡੀ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਗਮਦੂਰ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਝੋਨੇ ਵਿੱਚ ਨਮੀ ਦੀ ਮਾਤਰਾ ਇੱਕ ਫ਼ੀਸਦੀ ਵਧਾ ਕੇ 17 ਫ਼ੀਸਦੀ ਕਰ ਦਿੱਤੀ ਗਈ ਹੈ, ਪਰ ਸ਼ੈਲਰ ਮਾਲਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਫ਼ਾਈ ਦੇ ਖਰਚੇ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੇ ਗਏ ਹਨ।
ਰਾਮਾ ਮੰਡੀ ਵਿਖੇ ਸ਼ੈਲਰ ਐਸੋਸੀਏਸ਼ਨ ਦੇ ਸ੍ਰੀ ਸੁਭਾਸ਼ ਨੇ ਮੰਗ ਕੀਤੀ ਕਿ ਜਿਨ੍ਹਾਂ ਮਹੀਨਿਆਂ ਦੌਰਾਨ ਸ਼ੈਲਰ ਨਹੀਂ ਚੱਲਦੇ, ਉਨ੍ਹਾਂ ਮਹੀਨਿਆਂ ਲਈ ਲਗਾਏ ਜਾਂਦੇ ਨਿਰਧਾਰਿਤ ਬਿਜਲੀ ਖਰਚੇ ਖ਼ਤਮ ਕੀਤੇ ਜਾਣ।
ਰਾਮਾ ਮੰਡੀ ਸਬਜ਼ੀ ਮੰਡੀ ਦੇ ਸ੍ਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਨਵੀਂ ਸਬਜ਼ੀ ਮੰਡੀ ਵਿੱਚ ਉਨ੍ਹਾਂ ਨੂੰ ਦੁਕਾਨਾਂ ਅਲਾਟ ਨਹੀਂ ਕੀਤੀਆਂ ਜਾ ਰਹੀਆਂ ਅਤੇ ਅਧਿਕਾਰੀਆਂ ਵੱਲੋਂ ਦੁਕਾਨਾਂ ਦੀ ਕੀਮਤ ਅਸਲ ਕੀਮਤ ਨਾਲੋਂ ਤਿੰਨ ਗੁਣਾ ਤੈਅ ਕੀਤੀ ਗਈ ਹੈ। ਭੁੱਚੋ ਮੰਡੀ ਵਿਖੇ ਇਸੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਸਬਜ਼ੀ ਮੰਡੀ ਵਿੱਚ ਹੋਰ ਦੁਕਾਨਾਂ ਬਣਾਉਣ ਦੀ ਮੰਗ ਕੀਤੀ।
ਪੈਸਟੀਸਾਈਡ ਐਸੋਸੀਏਸ਼ਨ ਦੇ ਸੰਦੀਪ ਨੇ ਦੱਸਿਆ ਕਿ ਪਹਿਲਾਂ ਖੇਤੀਬਾੜੀ ਉਤਪਾਦਾਂ 'ਤੇ ਟੈਕਸ ਨਹੀਂ ਲਗਾਇਆ ਜਾਂਦਾ ਸੀ, ਪਰ ਹੁਣ ਕੀਟਨਾਸ਼ਕਾਂ 'ਤੇ 18 ਫ਼ੀਸਦੀ ਟੈਕਸ ਲਗਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਸੈਂਪਲ ਦੇ ਫੇਲ੍ਹ ਹੋਣ ਦੀ ਸੂਰਤ ਵਿੱਚ ਕੀਟਨਾਸ਼ਕ ਵਿਕਰੇਤਾਵਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ।
ਸ੍ਰੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਸੀਲਬੰਦ ਬੈਗਾਂ ਵਿੱਚੋਂ ਲਏ ਗਏ ਕਿਸੇ ਸੈਂਪਲ ਦੀ ਰਿਪੋਰਟ ਫੇਲ੍ਹ ਆਉਂਦੀ ਹੈ ਤਾਂ ਸਿਰਫ਼ ਨਿਰਮਾਤਾ ਕੰਪਨੀਆਂ ਵਿਰੁੱਧ ਹੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਜਿਊਲਰਜ਼ ਐਸੋਸੀਏਸ਼ਨ ਦੇ ਰੇਸ਼ਮ ਸਿੰਘ ਖੁਰਮੀ ਨੂੰ ਵੀ ਭਰੋਸਾ ਦਿੱਤਾ ਕਿ ਪੁਲਿਸ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਵਿਰੁੱਧ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਇਕਪਾਸੜ ਕਾਰਵਾਈ ਨਹੀਂ ਕਰੇਗੀ।
ਵਪਾਰਕ ਨੁਮਾਇੰਦਿਆਂ ਪ੍ਰਦੀਪ ਕੁਮਾਰ ਦੀਪਾ ਅਤੇ ਅਸ਼ੋਕ ਬਾਂਗੀ ਸਮੇਤ ਹੋਰ ਆਗੂਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਕਿਸੇ ਵੀ ਵਪਾਰੀ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, “ਸਾਡਾ ਮਕਸਦ ਡਰ ਅਤੇ ਦਹਿਸ਼ਤ ਦਾ ਮਾਹੌਲ ਖ਼ਤਮ ਕਰਕੇ ਵਿਕਾਸ ਲਈ ਸੁਖਾਵਾਂ ਮਾਹੌਲ ਸਿਰਜਣਾ ਹੈ। ਇਸੇ ਤਹਿਤ ਸਾਰੇ ਵਪਾਰੀਆਂ ਨੂੰ ਟੈਕਸ ਦੇ ਉਦੇਸ਼ਾਂ ਲਈ ਆਪਣੀ ਆਮਦਨ ਸਬੰਧੀ ਸਵੈ-ਘੋਸ਼ਣਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।”
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਰਾਹਤ ਸਕੀਮ ਮੁੜ ਲਾਗੂ ਕੀਤੀ ਜਾਵੇਗੀ ਅਤੇ ਛੋਟੇ ਵਪਾਰੀ ਸਾਲਾਨਾ 1,000 ਰੁਪਏ ਟੈਕਸ ਜਮ੍ਹਾਂ ਕਰਵਾ ਸਕਣਗੇ।
ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਬੱਗਾ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਟਰੱਕਾਂ ਦੇ ਕਿਰਾਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਤੈਅ ਕੀਤੇ ਜਾਣਗੇ। ਇਸ ਸਬੰਧੀ ਟਰੱਕ ਆਪਰੇਟਰਾਂ, ਵਪਾਰੀਆਂ ਅਤੇ ਸਰਕਾਰੀ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇਗੀ।
ਇਨ੍ਹਾਂ ਸਮਾਗਮਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਸਟੇਜ 'ਤੇ ਮੌਜੂਦ ਰਹੀ। ਇਨ੍ਹਾਂ ਵਿੱਚ ਮੋਹਿਤ ਗੁਪਤਾ, ਰਵੀਪ੍ਰੀਤ ਸਿੱਧੂ, ਦਲਜੀਤ ਸਿੰਘ ਗੁਰੂ, ਇਕਬਾਲ ਸਿੰਘ ਬੱਬਲੀ ਢਿੱਲੋਂ, ਸਰੂਪ ਚੰਦ ਸਿੰਗਲਾ, ਜਗਸੀਰ ਸਿੰਘ ਕਲਿਆਣ, ਬਲਕਾਰ ਸਿੰਘ ਬਰਾੜ, ਅਮਿਤ ਕਪੂਰ, ਮੋਹਨ ਲਾਲ ਗਰਗ, ਤਰਸੇਮ ਗੋਇਲ, ਅਸ਼ੋਕ ਭਾਰਤੀ, ਨਰਿੰਦਰ ਮਿੱਤਲ, ਬਲਜੀਤ ਸਿੰਘ ਬੀਰਬਹਿਮਣ ਅਤੇ ਸੁਸ਼ੀਲ ਕੁਮਾਰ ਗੋਲਡੀ ਪ੍ਰਮੁੱਖ ਤੌਰ 'ਤੇ ਸ਼ਾਮਲ ਸਨ।
- Download Babushahi App
-
-