Punjab News: ਚਾਈਨਾ ਡੋਰ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
ਤਰਨਤਾਰਨ ’ਚ ਮੋਟਰਸਾਈਕਲ ਸਵਾਰ ਦਾ ਗਲਾ ਕੱਟਿਆ, ਹਸਪਤਾਲ ’ਚ ਤੋੜਿਆ ਦਮ
Baljit singh
ਤਰਨਤਾਰਨ, 16 ਨਵੰਬਰ 2026: ਪੰਜਾਬ ਵਿੱਚ ਪਾਬੰਦੀਸ਼ੁਦਾ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਰਨਤਾਰਨ ਨੇੜੇ ਚੋਹਲਾ ਸਾਹਿਬ ਨਹਿਰ ਕੋਲ ਚਾਈਨਾ ਡੋਰ ਗਲੇ ਵਿੱਚ ਫਸਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਤਾਪ ਸਿੰਘ ਵਾਸੀ ਪਿੰਡ ਚੋਹਲਾ ਸਾਹਿਬ ਵਜੋਂ ਹੋਈ ਹੈ। ਇਸ ਘਟਨਾ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਆਪਣੇ ਪਿਤਾ ਨਾਲ ਮੋਟਰਸਾਈਕਲ ’ਤੇ ਅੰਮ੍ਰਿਤਸਰ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਤਰਨਤਾਰਨ-ਚੋਹਲਾ ਸਾਹਿਬ ਰੋਡ ’ਤੇ ਸੰਧੂ ਪੈਲੇਸ ਨੇੜੇ ਸੂਆ ਪਾਰ ਕਰਕੇ ਅੱਗੇ ਵਧੇ ਤਾਂ ਅਚਾਨਕ ਚਾਈਨਾ ਡੋਰ ਪ੍ਰਤਾਪ ਸਿੰਘ ਦੇ ਗਲੇ ਵਿੱਚ ਫਸ ਗਈ। ਡੋਰ ਨਾਲ ਉਸ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ।
ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਤਰਨਤਾਰਨ ਦੇ ਬਾਬਿਆਂ ਵਾਲੇ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਮੰਗ ਕੀਤੀ ਕਿ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਖ਼ਤਰਨਾਕ ਡੋਰ ਕਾਰਨ ਹੋਰ ਕਿਸੇ ਪਰਿਵਾਰ ਨੂੰ ਆਪਣਾ ਪੁੱਤਰ ਜਾਂ ਭਰਾ ਨਾ ਗੁਆਉਣਾ ਪਵੇ।
- Download Babushahi App
-
-