Police Special -ਝੂਠੇ ਪੁਲਿਸ ਮੁਕਾਬਲੇ : ਗੋਲੀਆਂ ਸੀ ਦੋ ਚੱਲੀਆਂ ਬਾਕੀ ਉਮਰ ਸਲਾਖਾਂ ਪਿੱਛੇ ਲੰਘ ਜਾਣੀ
ਅਸ਼ੋਕ ਵਰਮਾ
ਬਠਿੰਡਾ , 15 ਨਵੰਬਰ 2026 : ਕੇਂਦਰੀ ਜਾਂਚ ਬਿਊਰੋ ਦੀ ਜਾਂਚ ਪਿਛੋਂ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਨੂੰ ਅਦਾਲਤ ਵੱਲੋਂ ਦਿੱਤੀਆਂ ਸਖਤ ਸ਼ਜਾਵਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੱਤਵਾਦ ਦੇ ਦਿਨਾਂ ਦੌਰਾਨ ਪੰਜਾਬ ਪੁਲਿਸ ‘ਚੱਕ ਥੱਲ’ ਦੇ ਮਾਮਲੇ ’ਚ ਘੱਟ ਨਹੀਂ ਸੀ। ਖਾਸ ਤੌਰ ’ਤੇ ਉਦੋਂ ਜਦੋਂ ਤੇਜ ਤਰਾਰ ਮੰਨੇ ਜਾਂਦੇ ਪੁਲਿਸ ਅਧਿਕਾਰੀ ਕੇਪੀ ਐਸ ਗਿੱਲ ਡੀਜੀਪੀ ਸਨ ਤਾਂ ਪੁਲਿਸ ’ਤੇ ਨੌਜਵਾਨਾਂ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗਦੇ ਰਹੇ ਸਨ। ਅੱਤਵਾਦ ਦੇ ਕਾਲੇ ਦੌਰ ਦੌਰਾਨ ਅੱਤਵਾਦੀਆਂ ਦੇ ਮੁਕਾਬਲੇ ਬਨਾਉਣ ਵਾਲੀ ਪੰਜਾਬ ਪੁਲਿਸ ਦੇ ਕਈ ਸਾਬਕਾ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਨੂੰ ਤਿੰਨ ਦਹਾਕਿਆਂ ਬਾਅਦ ਵੀ ਅਦਾਲਤਾਂ ’ਚ ਦੇ ਚੱਕਰ ਕੱਟਣੇ ਪੈ ਰਹੇ ਹਨ। ਸਾਲ 1992 ਤੋਂ 1993 ਵਿਚਕਾਰ ਹੋਏ ਕਥਿਤ ਫਰਜ਼ੀ ਪੁਲਿਸ ਮੁਕਾਬਲਿਆਂ , ਨਜਾਇਜ ਹਿਰਾਸਤ ਅਤੇ ਕਤਲਾਂ ਦੇ ਮਾਮਲਿਆਂ ’ਚ ਸੀਬੀਆਈ ਜਾਂਚ ਉਪਰੰਤ ਹੁਣ ਤੱਕ 15 ਤੋਂ ਵੱਧ ਪੁਲਿਸ ਮੁਲਾਜਮ ਦੋਸ਼ੀ ਠਹਿਰਾਏ ਜਾ ਚੁੱਕੇ ਹਨ।
ਇੰਨ੍ਹਾਂ ’ਚ ਡੀਆਈਜੀ, ਐਸਐਸਪੀ, ਡੀਐਸਪੀ , ਇੰਸਪੈਕਟਰ , ਸਬ ਇੰਸਪੈਕਟਰ, ਏਐਸਆਈ ਅਤੇ ਸਿਪਾਹੀ ਆਦਿ ਸ਼ਾਮਲ ਹਨ ਜਦੋਂਕਿ 10 ਤੋਂ ਵੱਧ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਹੁਣ ਵੀ ਅਪਰਾਧਿਕ ਮਾਮਲਿਆਂ ’ਚ ਜਾਂਚ ਜਾਂ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਦਾਲਤਾਂ ਨੇ ਫਰਜ਼ੀ ਪੁਲਿਸ ਮੁਕਾਬਲਿਆਂ ਨਾਲ ਸਬੰਧਤ ਇੰਨ੍ਹਾਂ ਮਾਮਲਿਆਂ ’ਚ ਕਤਲ , ਅਪਰਾਧਿਕ ਸਾਜਿਸ਼ ਰਚਣ ਅਤੇ ਸਬੂਤ ਖੁਰਦ ਬੁਰਦ ਕਰਨ ਦੋ ਦੋਸ਼ ਸਿੱਧ ਹੋਣ ਮਗਰੋਂ ਸਜ਼ਾ ਸੁਣਾਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੁੱਝ ਮਾਮਲਿਆਂ ’ਚ ਨੌਜਵਾਨਾਂ ਨੂੰ ਫਰਜੀ ਪੁਲਿਸ ਮੁਕਾਬਲੇ ਦੌਰਾਨ ਮਾਰਨ ਨੂੰ ਜਾਇਜ ਠਹਿਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਮਗਰੋਂ ਇੰਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਰਾਰ ਦਿੰਦਿਆਂ ਅੰਤਿਮ ਸਸਕਾਰ ਕਰ ਦਿੱਤੇ ਗਏ। ਇੱਥੇ ਇਹ ਵੀ ਜਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੇ ਆਪਣੀ ਤੱਥ ਖੋਜ ਰਿਪੋਰਟ ’ਚ ਅਜਿਹੀਆਂ ਹਜ਼ਾਰਾਂ ਲਾਸ਼ਾਂ ਦਾ ਜਿਕਰ ਕੀਤਾ ਸੀ।
ਮਹੱਤਵਪੂਰਨ ਤੱਥ ਇਹ ਹੈ ਕਿ ਖਾਲੜਾ ਨੂੰ ਆਪਣੀ ਇਸ ਖੋਜ ਦੀ ਕੀਮਤ ਜਾਨ ਦੇਕੇ ਤਾਰਨੀ ਪਈ ਸੀ। ਦੁਖਦਾਈ ਪੱਖ ਹੈ ਕਿ ਸੈਂਕੜੇ ਮਾਵਾਂ ਆਪਣੇ ਪੁੱਤਰਾਂ ਨੂੰ ਉਡੀਕਦੀਆਂ ਜਹਾਨੋਂ ਕੂਚ ਕਰ ਗਈਆਂ ਜਦੋਂਕਿ ਕਈ ਅਜੇ ਵੀ ਉਡੀਕ ਵਿੱਚ ਹਨ। ਝੂਠੇ ਮੁਕਬਲਿਆਂ ਦਾ ਸਭ ਤੋਂ ਚਰਚਿਤ ਮਾਮਲਾ ਅਦਾਲਤ ਵੱਲੋਂ ਤਰਨਤਾਰਨ ਦੇ ਸੱਤ ਨੌਜਵਾਨਾਂ ਨੂੰ ਮਾਰਨ ਦੇ 32 ਸਾਲ ਪੁਰਾਣੇ ਮਾਮਲੇ ਵਿੱਚ ਸਾਬਕਾ ਐੱਸਐੱਸਪੀ ਭੁਪਿੰਦਰਜੀਤ ਸਿੰਘ , ਸਾਬਕਾ ਡੀਐੱਸਪੀ ਦਵਿੰਦਰ ਸਿੰਘ , ਸਾਬਕਾ ਇੰਸਪੈਕਟਰ ਸੂਬਾ ਸਿੰਘ , ਸਾਬਕਾ ਏਐੱਸਆਈ ਗੁਲਬਰਗ ਸਿੰਘ ਅਤੇ ਰਘਬੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੀ। ਸੂਬਾ ਸਿੰਘ ਹਮੇਸ਼ਾ ਆਪਣੀ ਤੁਲਨਾ ਸਿੱਖ ਇਤਿਹਾਸ ’ਚ ਜਾਲਮ ਮੰਨੇ ਜਾਂਦੇ ਸੂਬਾ ਸਰਹਿੰਦ ਨਾਲ ਕਰਦਾ ਸੀ ਜਿਸ ਨੇ ਛੋਟੇ ਸਾਹਿਬਜਾਦਿਆਂ ਨੂੰ ਨੀਹਾਂ ’ਚ ਚਿਣਵਾਇਆ ਸੀ। ਜੇਲ੍ਹ ਦੇ ਅੰਦਰ ਕਤਲ ਕਰ ਦਿੱਤਾ ਗਿਆ ਸੂਬਾ ਸਿੰਘ ਜਿਸ ਪ੍ਰੀਵਾਰ ਲਈ ਦਰਿੰਦਾ ਬਣਿਆ , ਮੌਤ ਪਿੱਛੋਂ ਉਹ ਵੀ ਅੱਖਾਂ ਫੇਰ ਗਿਆ ਸੀ।
ਇਸੇ ਤਰਾਂ ਹੀ 1993 ਦੇ ਇੱਕ ਹੋਰ ਫਰਜ਼ੀ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਸੀਬੀਆਈ ਅਦਾਲਤ ਮੁਹਾਲੀ ਨੇ ਨਵੰਬਰ 2022 ’ਚ ਸੇਵਾਮੁਕਤ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ (76) ਅਤੇ ਜਗਤਾਰ ਸਿੰਘ (72) ਨੂੰ ਜ਼ਿੰਦਗੀ ਦੇ ਆਖਰੀ ਪਹਿਰੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਵਿੱਚ ਪਿੰਡ ਉਬੋਕੇ ਵਾਸੀ ਹਰਬੰਸ ਸਿੰਘ ਅਤੇ ਇੱਕ ਅਣਪਛਾਤੇ (ਜਿਸ ਦੀ ਬਾਅਦ ਵਿੱਚ ਪਛਾਣ ਰਾਜੂ ਵਜੋਂ ਦਰਜ ਹੋਈ ਸੀ) ਨੂੰ ਪੁਲਿਸ ਦੀ ਗੋਲੀਬਾਰੀ ਦੌਰਾਨ ਮਾਰਿਆ ਗਿਆ ਦਿਖਾਇਆ ਸੀ। ਅਦਾਲਤ ਨੇ ਇਸ ਪੁਲਿਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੱਤਾ ਸੀ। ਸੀਬੀਆਈ ਦੀ ਮੁਹਾਲੀ ਵਿਸ਼ੇਸ਼ ਅਦਾਲਤ ਨੇ ਕਰੀਬ 32 ਸਾਲ ਪੁਰਾਣੇ ਇੱਕ ਹੋਰ ਮਾਮਲੇ ’ਚ ਥਾਣਾ ਪੱਟੀ ਦੇ ਸਾਬਕਾ ਐੱਸਐੱਚਓ ਸੀਤਾ ਰਾਮ (80) ਨੂੰ ਬੁੱਢੀ ਉਮਰੇ ਉਮਰ ਕੈਦ ਅਤੇ ਥਾਣੇਦਾਰ ਰਾਜਪਾਲ ਨੂੰ ਪੰਜ ਸਾਲ ਕੈਦ ਸਜ਼ਾ ਸੁਣਾਈ ਸੀ। ਦੋਵਾਂ ’ਤੇ ਗੁਰਦੇਵ ਸਿੰਘ ਉਰਫ਼ ਦੇਬਾ ਅਤੇ ਸੁਖਵੰਤ ਸਿੰਘ ਨੂੰ ਫ਼ਰਜ਼ੀ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਸੀ।
ਸੀਬੀਆਈ ਅਦਾਲਤ ਨੇ ਹੀ 32 ਸਾਲ ਪੁਰਾਣੇ ਝੂਠੇ ਪੁਲੀਸ ਮੁਕਾਬਲੇ ’ਚ ਫਰਵਰੀ 2025 ’ਚ ਮਜੀਠਾ ਥਾਣੇ ਦੇ ਸਾਬਕਾ ਐੱਸਐੱਚਓ ਗੁਰਭਿੰਦਰ ਸਿੰਘ ਅਤੇ ਏਐੱਸਆਈ ਪ੍ਰਸ਼ੋਤਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਜਿੰਨ੍ਹਾਂ ’ਤੇ ਅੰਮ੍ਰਿਤਸਰ ਦੇ ਬਲਦੇਵ ਸਿੰਘ ਦੇਬਾ ਵਾਸੀ ਬਾਸਰਕੇ ਭੈਣੀ ਅਤੇ ਲਖਵਿੰਦਰ ਸਿੰਘ ਸੁਲਤਾਨਵਿੰਡ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਹੈ। ਇਹ ਕੁੱਝ ਮਿਸਾਲਾਂ ਹਨ ਜਦੋਂਕਿ ਸਾਬਕਾ ਇੰਸਪੈਕਟਰ ਮਨਜੀਤ ਸਿੰਘ ਤੇ ਸਾਬਕਾ ਸਬ ਇੰਸਪੈਕਟਰ ਗੁਰਮੇਜ ਸਿੰਘ ਨੂੰ 8-8 ਸਾਲ , ਸਾਬਕਾ ਐਸਪੀ ਪਰਮਜੀਤ ਸਿੰਘ ਨੂੰ 10 ਸਾਲ , ਸਾਬਕਾ ਡੀਆਈਜੀ ਦਿਲਬਾਗ ਸਿੰਘ ਨੂੰ 7 ਸਾਲ ਅਤੇ ਸਾਬਕਾ ਡੀਐਸਪੀ ਗੁਰਬਚਨ ਸਿੰਘ ਨੂੰ ਉਮਰ ਕੈਦ ਹੋਈ ਹੈ। ਸਾਬਕਾ ਐਸਐਸਪੀ ਗੁਰਮੀਤ ਸਿੰਘ ਰੰਧਾਵਾ ਨੂੰ ਨਵੰਬਰ 1992 ’ਚ ਟਰਾਂਸਪੋਰਟਰ ਅਮਰੀਕ ਸਿੰਘ ਸਕਰੀ ਨੂੰ ਪੁਲਿਸ ਵੱਲੋਂ ਚੁੱਕਣ ਅਤੇ ਲਾਪਤਾ ਹੋਣ ਦੇ ਮਾਮਲੇ ’ਚ 5 ਸਾਲ ਅਤੇ ਦੋ ਸਾਲ ਦੀਆਂ ਦੋ ਵੱਖ ਵੱਖ ਸਜ਼ਾਵਾਂ ਸੁਣਾਈਆਂ ਗਈਆਂ ਹਨ।
ਗੋਲੀਕਾਂਡ ਅਤੇ ਭ੍ਰਿਸ਼ਟਾਚਾਰ ਵੀ
ਸਾਬਕਾ ਐਸਐਸਪੀ ਸੁਮੇਧ ਸੈਣੀ, ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਅਮਰ ਸਿੰਘ ਚਹਿਲ , ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਸੁਖਮੰਦਰ ਸਿੰਘ ਮਾਨ ਦੇ ਨਾਮ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਨਾਲ ਜੁੜੇ ਮਾਮਲਿਆਂ ’ਚ ਉੱਭਰੇ ਹਨ। ਇਸ ਤੋਂ ਇਲਾਵਾ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਭ੍ਰਿਸ਼ਟਚਾਰ ਦੇ ਮਾਮਲੇ ’ਚ ਘਿਰੇ ਹੋਏ ਹਨ। ਉਂਜ ਫਿਲਹਾਲ ਕਿਸੇ ਅਫਸਰ ਨੂੰ ਅਦਾਲਤ ਨੇ ਦੋਸ਼ੀ ਨਹੀਂ ਠਹਿਰਾਇਆ ਹੈ।
- Download Babushahi App
-
-