ਸਮਾਰਟ ਸਿਟੀ ਦੇ 24x7 ਜਲ ਸਪਲਾਈ ਪ੍ਰਾਜੈਕਟ ਤਹਿਤ ਬਣੀਆਂ ਸੜਕਾਂ ਕੁਝ ਹੀ ਦਿਨਾਂ ’ਚ ਧੱਸਣ ਲੱਗੀਆਂ
ਨਿਰਮਾਣ ਦੀ ਗੁਣਵੱਤਾ ’ਤੇ ਉੱਠੇ ਸਵਾਲ
ਘਟੀਆ ਨਿਰਮਾਣ ਸਮੱਗਰੀ ਵਰਤਣ ਦੇ ਲੱਗੇ ਦੋਸ਼; ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਨੁਕਸਾਨੀਆਂ ਸੜਕਾਂ ਨੂੰ ਮੁੜ ਮਿਆਰੀ ਢੰਗ ਨਾਲ ਬਣਾਉਣ ਦੀ ਕੀਤੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ, 14 ਨਵੰਬਰ 2026
ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਚੱਲ ਰਹੇ 24x7 ਨਹਿਰੀ ਪਾਣੀ ਸਪਲਾਈ ਪ੍ਰਾਜੈਕਟ ਅਧੀਨ ਪਾਈਪਲਾਈਨ ਵਿਛਾਉਣ ਲਈ ਪੁੱਟੀਆਂ ਗਈਆਂ ਸੜਕਾਂ ਦੀ ਮੁੜ ਉਸਾਰੀ ਦੀ ਗੁਣਵੱਤਾ ’ਤੇ ਗੰਭੀਰ ਸਵਾਲ ਖੜ੍ਹੇ ਹੋਣ ਲੱਗੇ ਹਨ। ਸੜਕਾਂ ਦੀ ਮੁੜ ਉਸਾਰੀ ਹੋਣ ਤੋਂ ਕੁਝ ਹੀ ਦਿਨਾਂ ਬਾਅਦ ਕਈ ਥਾਵਾਂ ’ਤੇ ਸੜਕਾਂ ਧੱਸਣ, ਉਖੜਨ, ਟੋਏ ਪੈਣ ਅਤੇ ਸਤ੍ਹਾ ਉੱਚੀ-ਨੀਵੀਂ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਇਸ ਸਬੰਧੀ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮਾਮਲੇ ਦੀ ਉੱਚ ਪੱਧਰੀ ਤਕਨੀਕੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅਰਵਿੰਦ ਸ਼ਰਮਾ ਨੇ ਦੱਸਿਆ ਕਿ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨਘਾਟ ਰੋਡ ਦੀ ਹਾਲਤ ਲੰਮੇ ਸਮੇਂ ਤੱਕ ਖ਼ਰਾਬ ਰਹੀ, ਜਿਸ ਕਾਰਨ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਖ਼ਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਇਸ ਸੜਕ ਦੀ ਮੁੜ ਉਸਾਰੀ ਤਾਂ ਕਰ ਦਿੱਤੀ ਗਈ, ਪਰ ਕੰਮ ਦੀ ਗੁਣਵੱਤਾ ’ਤੇ ਹੁਣ ਸਵਾਲ ਉੱਠ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸੜਕ ਬਣਾਉਣ ਸਮੇਂ ਨਿਰਧਾਰਤ ਮਾਪਦੰਡਾਂ ਅਨੁਸਾਰ ਹੇਠਲੀ ਪਰਤ ਦੀ ਤਿਆਰੀ, ਗਿੱਟੀ ਅਤੇ ਪੱਥਰਾਂ ਦੀ ਲੋੜੀਂਦੀ ਮਾਤਰਾ ਅਤੇ ਸਹੀ ਤਰੀਕੇ ਨਾਲ ਕੰਪੈਕਸ਼ਨ (ਦਬਾਈ) ਨਹੀਂ ਕੀਤੀ ਗਈ, ਜਿਸ ਕਾਰਨ ਸੜਕ ਸਮੇਂ ਤੋਂ ਪਹਿਲਾਂ ਹੀ ਖ਼ਰਾਬ ਹੋਣ ਲੱਗੀ ਹੈ।
ਉਨ੍ਹਾਂ ਦੱਸਿਆ ਕਿ ਦੁੱਗਰੀ ਲਾਈਟਾਂ ਤੋਂ ਮਾਡਲ ਟਾਊਨ ਐਕਸਟੈਂਸ਼ਨ ਵੱਲ ਜਾਣ ਵਾਲੀ ਸੜਕ ਦਾ ਇੱਕ ਹਿੱਸਾ ਵੀ ਨਵਾਂ ਬਣਨ ਦੇ ਬਾਵਜੂਦ ਧੱਸਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਟੋਏ ਅਤੇ ਟੁੱਟੇ ਹੋਏ ਹਿੱਸੇ ਦਿਖਾਈ ਦੇ ਰਹੇ ਹਨ, ਜੋ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ।
ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅਤੇ ਕ੍ਰਿਸ਼ਨਾ ਮੰਦਰ ਦੇ ਨੇੜੇ ਰੇਲਵੇ ਅੰਡਰਪਾਸ (ਆਰ.ਯੂ.ਬੀ.) ਵੱਲ ਜਾਣ ਵਾਲੀ ਸੜਕ ਦੀ ਹਾਲਤ ਵੀ ਤਸੱਲੀਬਖ਼ਸ਼ ਨਹੀਂ ਦੱਸੀ ਜਾ ਰਹੀ। ਇਸ ਸੜਕ ’ਤੇ ਉੱਚੀ-ਨੀਵੀਂ ਸਤ੍ਹਾ ਅਤੇ ਟੋਇਆਂ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਸੜਕਾਂ ਦੀ ਅਜਿਹੀ ਹਾਲਤ ਸਭ ਤੋਂ ਵੱਧ ਬਜ਼ੁਰਗਾਂ, ਸਰੀਰਕ ਤੌਰ ’ਤੇ ਕਮਜ਼ੋਰ ਵਿਅਕਤੀਆਂ ਅਤੇ ਪਿੱਠ ਦਰਦ ਤੋਂ ਪੀੜਤ ਲੋਕਾਂ ਲਈ ਮੁਸ਼ਕਲ ਪੈਦਾ ਕਰ ਰਹੀ ਹੈ। ਉੱਚੀ-ਨੀਵੀਂ ਸੜਕ ’ਤੇ ਵਾਹਨ ਚਲਾਉਂਦੇ ਸਮੇਂ ਲੱਗਣ ਵਾਲੇ ਲਗਾਤਾਰ ਝਟਕਿਆਂ ਕਾਰਨ ਲੋਕਾਂ ਨੂੰ ਸਰੀਰਕ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਸੜਕਾਂ ਦੀ ਕਿਸੇ ਸੁਤੰਤਰ ਤਕਨੀਕੀ ਟੀਮ ਤੋਂ ਜਾਂਚ ਕਰਵਾਈ ਜਾਵੇ ਅਤੇ ਵਰਤੀ ਗਈ ਨਿਰਮਾਣ ਸਮੱਗਰੀ, ਸੜਕ ਦੀ ਹੇਠਲੀ ਪਰਤ ਅਤੇ ਕੰਪੈਕਸ਼ਨ ਦੀ ਗੁਣਵੱਤਾ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇ। ਇਸ ਦੇ ਨਾਲ ਹੀ ਸਬੰਧਤ ਠੇਕੇਦਾਰ ਅਤੇ ਨਿਗਰਾਨੀ ਕਰਨ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਿਰਫ਼ ਆਰਜ਼ੀ ਪੈਚਵਰਕ ਕਰਨ ਦੀ ਬਜਾਏ ਨੁਕਸਾਨੇ ਗਏ ਸੜਕੀ ਹਿੱਸਿਆਂ ਨੂੰ ਨਿਰਧਾਰਤ ਇੰਜੀਨੀਅਰਿੰਗ ਮਾਪਦੰਡਾਂ ਅਨੁਸਾਰ ਮੁੜ ਬਣਾਇਆ ਜਾਵੇ ਅਤੇ ਪੂਰੇ ਲੁਧਿਆਣਾ ਸ਼ਹਿਰ ਵਿੱਚ 24x7 ਜਲ ਸਪਲਾਈ ਪ੍ਰਾਜੈਕਟ ਤਹਿਤ ਮੁੜ ਬਣਾਈਆਂ ਗਈਆਂ ਸੜਕਾਂ ਦਾ ਵਿਆਪਕ ਗੁਣਵੱਤਾ ਆਡਿਟ ਕਰਵਾਇਆ ਜਾਵੇ।
ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜੀ ਜਾ ਚੁੱਕੀ ਹੈ, ਜਿਸ ਦੀ ਇੱਕ ਕਾਪੀ 24x7 ਨਹਿਰੀ ਪਾਣੀ ਸਪਲਾਈ ਪ੍ਰਾਜੈਕਟ ਦੀ ਸਬੰਧਤ ਐਕਸੀਅਨ ਪਾਰੁਲ ਨੂੰ ਵੀ ਭੇਜੀ ਗਈ ਹੈ, ਤਾਂ ਜੋ ਪ੍ਰਭਾਵਿਤ ਸੜਕਾਂ ਦਾ ਤੁਰੰਤ ਨਿਰੀਖਣ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਜਨਤਕ ਪੈਸੇ ਨਾਲ ਚੱਲਣ ਵਾਲੇ ਵੱਕਾਰੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਮਕਸਦ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣਾ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਲਈ ਨਵੀਆਂ ਮੁਸ਼ਕਲਾਂ ਪੈਦਾ ਕਰਨਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਸੜਕਾਂ ਦੀ ਮੁਰੰਮਤ ਅਤੇ ਗੁਣਵੱਤਾ ਦੀ ਜਾਂਚ ਨਾ ਕੀਤੀ ਗਈ ਤਾਂ ਇਹ ਖ਼ਰਾਬ ਸੜਕਾਂ ਕਿਸੇ ਗੰਭੀਰ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।
ਅਰਵਿੰਦ ਸ਼ਰਮਾ ਨੇ ਕਿਹਾ ਕਿ ਜਨਤਾ ਦੇ ਪੈਸੇ ਦੀ ਵਰਤੋਂ ਜਨਤਾ ਦੀ ਸਹੂਲਤ ਲਈ ਹੋਣੀ ਚਾਹੀਦੀ ਹੈ, ਘਟੀਆ ਨਿਰਮਾਣ ਅਤੇ ਹਾਦਸਿਆਂ ਦੇ ਖ਼ਤਰੇ ਵਧਾਉਣ ਲਈ ਨਹੀਂ। ਪ੍ਰਸ਼ਾਸਨ ਨੂੰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮਾਮਲੇ ਸਬੰਧੀ ਜਦੋਂ ਸੰਬੰਧਤ ਮਹਿਕਮੇ ਦੇ ਐਸਡੀਓ ਜੈਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੰਪਲੇਂਟ ਉਹਨਾਂ ਕੋਲੇ ਸਵੇਰ ਦੀ ਆ ਚੁੱਕੀ ਸੀ ਤੇ ਉਹ ਇਸ ਸਾਰੇ ਮਾਮਲੇ ਦੀ ਦੇਖਰੇਖ ਆਪ ਖੁਦ ਕਰ ਰਹੇ ਹਨ ਅਤੇ ਜਲਦ ਤੋ ਜਲਦ ਇਹ ਮਸਲਾ ਸੁਲਝਾਇਆ ਜਾਏਗਾ। ਤਾਂ ਜੋ ਟਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ ਅਤੇ ਆਉਣ ਵਾਲੇ ਕਿਸੇ ਵੀ ਸੰਭਾਵੀ ਖਤਰੇ ਨੂੰ ਰੋਕਿਆ ਜਾਏਗਾ।
- Download Babushahi App
-
-