ED Raid on 926: ਡਾ. ਸੰਨੀ ਸਿੰਘ ਆਹਲੂਵਾਲੀਆ ਵੱਲੋਂ ਈਡੀ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਾਇਰ
Ravi Jakhu / Babushahi News Network
ਚੰਡੀਗੜ੍ਹ, 17 ਅਕਤੂਬਰ, 2026: ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ, ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੋਹਾਲੀ ਦੇ ਵਾਰਡ ਨੰ 6 ਤੋਂ ਕੌਂਸਲਰ ਡਾ. ਸੰਨੀ ਸਿੰਘ ਆਹਲੂਵਾਲੀਆ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਚਾਰ ਅਧਿਕਾਰੀਆਂ ਖਿਲਾਫ਼ ਸੀਬੀਆਈ ਦੀ ਸਪੈਸ਼ਲ ਕੋਰਟ, ਚੰਡੀਗੜ੍ਹ ਵਿੱਚ ਕਾਨੂੰਨੀ ਸ਼ਿਕਾਇਤ ਦਾਇਰ ਕੀਤੀ ਗਈ ਹੈ। ਇਹ ਸ਼ਿਕਾਇਤ 23 ਅਤੇ 24 ਸਤੰਬਰ, 2026 ਨੂੰ ਚੰਡੀਗੜ੍ਹ ਦੇ ਸੈਕਟਰ 39-ਏ ਸਥਿਤ ਸਰਕਾਰੀ ਰਿਹਾਇਸ਼ ਨੰਬਰ 926 ਵਿਖੇ ਕੀਤੀ ਗਈ ਤਲਾਸ਼ੀ ਦੌਰਾਨ ਕਥਿਤ ਬੇਨਿਯਮੀਆਂ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਾ ਕੀਤੇ ਜਾਣ ਦੇ ਸਬੰਧ ਵਿੱਚ ਦਾਇਰ ਕੀਤੀ ਗਈ ਹੈ।
ਸ਼ਿਕਾਇਤ ਵਿੱਚ ਈਡੀ ਦੇ 4 ਅਧਿਕਾਰੀਆਂ ਦੇ ਨਾਮ ਦਰਜ ਕੀਤੇ ਗਏ ਹਨ। ਡਾ. ਆਹਲੂਵਾਲੀਆ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ, ਕਿ ਤਲਾਸ਼ੀ ਦੀ ਕਾਰਵਾਈ ਦੌਰਾਨ ਕਾਨੂੰਨੀ ਪ੍ਰਕਿਰਿਆ ਅਤੇ ਲਾਜ਼ਮੀ ਨਿਯਮਾਂ ਦੀ ਪਾਲਣਾ ਸਬੰਧੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।
ਸ਼ਿਕਾਇਤ ਅਨੁਸਾਰ, ਸਬੰਧਿਤ ਸਰਕਾਰੀ ਰਿਹਾਇਸ਼ ਨੂੰ ਕਥਿਤ ਤੌਰ ’ਤੇ ਕਿਸੇ ਹੋਰ ਵਿਅਕਤੀ ਅਮਰਿੰਦਰ ਸਿੰਘ ਮਲਹੀ ਨਾਲ ਸਬੰਧਿਤ ਦਰਸਾਇਆ ਗਿਆ। ਇਸ ਤੋਂ ਇਲਾਵਾ, ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ, ਕਿ ਡਾ. ਆਹਲੂਵਾਲੀਆ ਦੀ ਗੈਰ-ਮੌਜੂਦਗੀ ਵਿੱਚ ਰਿਹਾਇਸ਼ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਤਲਾਸ਼ੀ ਲਈ ਗਈ। ਸ਼ਿਕਾਇਤਕਰਤਾ ਨੇ ਤਲਾਸ਼ੀ ਦੇ ਕਾਨੂੰਨੀ ਆਧਾਰ, ਸੰਬੰਧਿਤ ਅਧਿਕਾਰਤ ਹੁਕਮਾਂ ਅਤੇ ਕਾਰਵਾਈ ਦੇ ਪੂਰੇ ਰਿਕਾਰਡ ਬਾਰੇ ਵੀ ਸਵਾਲ ਚੁੱਕੇ ਹਨ।
ਡਾ. ਆਹਲੂਵਾਲੀਆ ਨੇ ਸ਼ਿਕਾਇਤ ਵਿੱਚ ਇਹ ਵੀ ਕਿਹਾ ਹੈ, ਕਿ ਤਲਾਸ਼ੀ ਦੀ ਕਾਰਵਾਈ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਇਸ ਵਿੱਚ ਤਲਾਸ਼ੀ ਦੇ ਆਧਾਰ ਅਤੇ ਅਧਿਕਾਰਤ ਹੁਕਮਾਂ ਦੇ ਨਾਲ-ਨਾਲ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੀ ਪੂਰੀ ਸੂਚੀ ਅਤੇ ਕਾਰਵਾਈ ਨਾਲ ਸਬੰਧਿਤ ਆਡੀਓ-ਵੀਡੀਓ ਰਿਕਾਰਡ ਵੀ ਸ਼ਾਮਿਲ ਹਨ। ਸ਼ਿਕਾਇਤ ਵਿੱਚ ਇਹ ਇਤਰਾਜ਼ ਵੀ ਦਰਜ ਕੀਤਾ ਗਿਆ ਹੈ ਕਿ ਕਥਿਤ ਤੌਰ ’ਤੇ ਕੱੁਝ ਅਜਿਹੇ ਦਸਤਾਵੇਜ਼ ਜ਼ਬਤ ਕੀਤੇ ਗਏ, ਜਿਨ੍ਹਾਂ ਦਾ ਤਲਾਸ਼ੀ ਦੇ ਉਦੇਸ਼ ਨਾਲ ਸਬੰਧ ਸਪੱਸ਼ਟ ਨਹੀਂ ਹੈ।
ਸ਼ਿਕਾਇਤ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੀਆਂ ਸੰਬੰਧਿਤ ਧਾਰਾਵਾਂ ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐਸਐਸ) ਅਧੀਨ ਤਲਾਸ਼ੀ ਅਤੇ ਜ਼ਬਤੀ ਦੀ ਪ੍ਰਕਿਰਿਆ ਨਾਲ ਜੁੜੇ ਕਾਨੂੰਨੀ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਸੰਬੰਧਿਤ ਅਧਿਕਾਰੀਆਂ ਤੋਂ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਦਾ ਪੂਰਾ ਰਿਕਾਰਡ ਤਲਬ ਕਰਨ ਅਤੇ ਕਥਿਤ ਬੇਨਿਯਮੀਆਂ ਦੀ ਕਾਨੂੰਨ ਅਨੁਸਾਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸ਼ਿਕਾਇਤ ਵਿੱਚ ਸਬੰਧਿਤ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਕੇ, ਜੇਕਰ ਕੋਈ ਕਾਨੂੰਨੀ ਉਲੰਘਣਾ ਸਾਹਮਣੇ ਆਉਂਦੀ ਹੈ, ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਤਲਾਸ਼ੀ ਦੀ ਕਾਰਵਾਈ ਨਾਲ ਜੁੜੇ ਸਾਰੇ ਰਿਕਾਰਡ ਅਤੇ ਸਬੂਤਾਂ ਦੀ ਜਾਂਚ ਕਰਕੇ ਤੱਥਾਂ ਨੂੰ ਸਪੱਸ਼ਟ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।
ਡਾ. ਸੰਨੀ ਸਿੰਘ ਆਹਲੂਵਾਲੀਆ ਵੱਲੋਂ ਦਾਇਰ ਕੀਤੀ ਗਈ ਇਹ ਸ਼ਿਕਾਇਤ ਤਲਾਸ਼ੀ ਦੀ ਕਾਰਵਾਈ ਦੌਰਾਨ ਅਪਣਾਈ ਗਈ ਪ੍ਰਕਿਰਿਆ ਅਤੇ ਕਾਨੂੰਨੀ ਨਿਯਮਾਂ ਦੀ ਪਾਲਣਾ ਸਬੰਧੀ ਚੁੱਕੇ ਗਏ ਸਵਾਲਾਂ ’ਤੇ ਆਧਾਰਿਤ ਹੈ। ਹੁਣ ਮਾਮਲੇ ਵਿੱਚ ਸ਼ਿਕਾਇਤ ਵਿੱਚ ਦਰਜ ਦੋਸ਼ਾਂ ਅਤੇ ਉਪਲੱਬਧ ਰਿਕਾਰਡ ਦੀ ਜਾਂਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਜਾਣੀ ਹੈ। ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਬਾਰੇ ਅੰਤਿਮ ਨਿਰਣਾ ਸੰਬੰਧਿਤ ਕਾਨੂੰਨੀ ਅਥਾਰਟੀ ਵੱਲੋਂ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਕੀਤਾ ਜਾਵੇਗਾ।
- Download Babushahi App
-
-