ਗੁਰਪ੍ਰੀਤ ਸਿੰਘ ਤੂਰ ਤੇ ਸਾਥੀਆਂ ਵੱਲੋਂ ਸੰਪਾਦਿਤ ਪੁਸਤਕ “ਪੰਜਾਬ ਸਿਆਸਤ ਅਤੇ ਸਮਕਾਲ' ਪੁਸਤਕ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਡਾ. ਨਵਤੇਜ ਸਿੰਘ ਬੈਂਸ ਵਲੋਂ ਲੋਕ ਅਰਪਣ
ਲੁਧਿਆਣਾ, 17 ਅਕਤੂਬਰ
ਗੁਰਪ੍ਰੀਤ ਸਿੰਘ ਤੂਰ, ਡਾ. ਬਲਵੰਤ ਸਿੰਘ ਸੰਧੂ ਤੇ ਡਾ. ਕੁਲਦੀਪ ਸਿੰਘ ਵੱਲੋਂ ਸੰਪਾਦਿਤ ਤੇ ਕਾਫ਼ਲਾ : ਜੀਵੇ ਪੰਜਾਬ ਵੱਲੋਂ ਚੇਤਨਾ ਪ੍ਰਕਾਸ਼ਨ ਰਾਹੀਂ ਪ੍ਰਕਾਸ਼ਿਤ “ਪੰਜਾਬ ਸਿਆਸਤ ਅਤੇ ਸਮਕਾਲ ਨਾਮਕ ਪੁਸਤਕ ਦਾ ਲੋਕ ਅਰਪਣ ਸਮਾਗਮ ਪੰਜਾਬੀ ਭਵਨ ਲੁਧਿਆਣਾ ਦੇ ਡਾ. ਮ ਸ ਰੰਧਾਵਾ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ।
ਸਮਾਗਮ ਵਿਚ ਉਘੇ ਅਰਥਸ਼ਾਸਤਰੀ ਤੇ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮਹਿਮਾਨ ਵਜੋਂ 'ਸ਼ਿਰਕਤ ਕੀਤੀ ਜਦਕਿ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਪ੍ਰਿੰਸੀਪਲ ਬਹਾਦਰ ਸਿੰਘ ਨੇ ਪੁਸਤਕ ਦੀ ਜਾਣ ਪਛਾਣ ਕਰਵਾਈ ਗਈ।
ਪੁਸਤਕ ਨੂੰ ਲੋਕ ਅਰਪਣ ਕਰਨ ਉਪਰੰਤ ਬੋਲਦਿਆਂ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਹਰ ਪਿੰਡ ਵਿਚ ਖੇਡ ਮੈਦਾਨ ਹੋਣ, ਲਾਇਬਰੇਰੀਆਂ ਹੋਣ ਜਿੱਥੇ ਰੋਜ਼ਾਨਾ ਅਖ਼ਬਾਰ ਆਉਂਦੇ ਹੋਣ। ਤਦ ਹੀ ਜਵਾਨੀ ਖ਼ੁਸ਼ਹਾਲੀ ਦੇ ਰਾਹ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਵਿਹਲੀ ਸ਼ਾਮ ਉਨ੍ਹਾਂ ਲਈ ਘਾਤਕ ਹੋ ਨਿੱਬੜਦੀ ਹੈ। ਸਰਕਾਰ ਨੂੰ ਉਨ੍ਹਾਂ ਲਈ ਯੋਗਤਾ ਅਨੁਸਾਰੀ ਰੁਜ਼ਗਾਰ ਦੇ ਮੌਕੇ ਮੁਹੱਈਆ ਵੀ ਕਰਵਾਉਣੇ ਚਾਹੀਦੇ ਹਨ। ਰੁਜ਼ਗਾਰ ਯੋਗ ਬਣਾਉਣ ਲਈ ਸਮਾਂ ਬੱਧ ਯੋਜਨਾ ਤੇ ਸਿਖਲਾਈ ਢਾਂਚਾ ਵੀ ਤਹਿਸੀਲ ਪੱਧਰ ਤੇ ਉਸਾਰਨ ਦੀ ਲੋੜ ਹੈ। ਡਾ. ਜੌਹਲ ਨੇ ਗੁਰਪ੍ਰੀਤ ਸਿੰਘ ਤੂਰ, ਡਾ. ਬਲਵੰਤ ਸਿੰਘ ਸੰਧੂ ਤੇ ਡਾ. ਕੁਲਦੀਪ ਸਿੰਘ ਦੇ ਇਸ ਸਾਰਥਕ ਯਤਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ 'ਜੀਵੇ ਪੰਜਾਬ' ਸੰਸਥਾ ਵਲੋਂ ਏਨੀ ਮਹੱਤਵਪੂਰਨ ਪ੍ਰਕਾਸ਼ਨਾ ਕੀਤੀ ਹੈ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀਆਂ ਨੂੰ
ਪ੍ਰਤਾਪ ਸਿੰਘ ਕੈਰੋਂ ਤੇ ਲਛਮਣ ਸਿੰਘ ਗਿੱਲ ਤੋਂ ਇਲਾਵਾ ਜਸਟਿਸ ਗੁਰਨਾਮ ਸਿੰਘ ਦੀ ਦੂਰ ਦਰਸ਼ਤਾ ਨੂੰ ਵੀ ਸਤਿਕਾਰ ਦੇਣਾ ਬਣਦਾ ਹੈ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਪੰਚਮ ਸ਼ਤਾਬਦੀ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਤੋਂ ਇਲਾਵਾ ਪੰਜਾਬ ਦੇ ਕਸਬਿਆਂ ਤੇ ਸ਼ਹਿਰਾਂ ਵਿੱਚ ਪੰਜਾਹ ਤੋਂ ਵੱਧ ਕਾਲਿਜ ਸਥਾਪਤ ਕੀਤੇ। ਵਿਸ਼ੇਸ਼ ਉਪਜ ਸੈੱਸ ਲਾ ਕੇ ਹਰ ਵੱਡੇ ਸ਼ਹਿਰ ਵਿੱਚ ਗੁਰੂ ਨਾਨਕ ਭਵਨ ਉਸਾਰਨ ਲਈ ਯੋਜਨਾਕਾਰੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇੱਕ ਪਾਸੜ ਬਿਰਤੀ ਵਾਲੀ ਸਿਆਸਤ ਨੇ ਕੁਝ ਕੁ ਲੋਕ ਤਾਂ ਨਾਇਕ ਉਸਾਰੇ ਹਨ, ਜਦ ਕਿ ਕਈ ਮਹਾਂ ਨਾਇਕ ਬਣਨ ਦੇ ਸਮਰੱਥ ਲੋਕ ਅਸੀਂ ਵਿਸਾਰ ਦਿੱਤੇ ਹਨ। ਉਨ੍ਹਾਂ ਗਿਆਨੀ ਕਰਤਾਰ ਸਿੰਘ ਤੇ ਸ. ਤਰਲੋਕ ਸਿੰਘ ਆਈ.ਸੀ.ਐਸ. ਦਾ ਹਵਾਲਾ ਦਿੱਤਾ ਜਿੰਨ੍ਹਾਂ ਦੀ ਅਗਵਾਈ ਦੇਸ਼ ਵੰਡ ਮਗਰੋਂ ਮੁੜ ਵਸੇਬੇ ਤੇ ਚੱਕਬੰਦੀ ਲਈ ਮਹੱਤਵਪੂਰਨ ਸੀ। ਉਨ੍ਹਾਂ ਸੁਝਾਅ ਦਿੱਤਾ ਕਿ ਗਿਆਨ ਪਸਾਰ ਲਈ ਇਸ ਸੰਸਥਾ ਦੀਆਂ ਸਭ ਕਿਤਾਬਾਂ ਦਾ ਸੌਫਟ ਕਾਪੀ ਸਰੂਪ ਇੰਟਰਨੈੱਟ ਤੇ ਚਾੜ੍ਹਨਾ ਚਾਹੀਦਾ ਹੈ ਤਾਂ ਜੋ ਪ੍ਰੰਭਾਵ ਖੇਤਰ ਵਧੇ। ਇੱਕੀਵੀਂ ਸਦੀ ਦੇ ਦੁਸ਼ਮਣਾਂ ਨੂੰ ਮਾਰਨ ਲਈ ਹਥਿਆਰ ਵੀ ਨਵੇਂ ਯੁੱਗ ਦੇ ਚਾਹੀਦੇ ਹਨ।
ਇਸ ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਸੰਪਾਦਕਾਂ ਵੱਲੋਂ ਬੋਲਦਿਆਂ ਸੇਵਾ ਮੁਕਤ ਕਮਿਸ਼ਨਰ ਪੁਲਿਸ ਸ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਇਸ ਪੁਸਤਕ ਵਿਚ ਵੱਖ-ਵੱਖ 20 ਸਿਰਕੱਢ ਵਿਚਾਰਵਾਨਾਂ ਦੇ ਲੇਖ ਹਨ।
ਕੌਮੀ ਸਨਮਾਨ ਪੁਰਸਕਾਰ ਵਿਜੇਤਾ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੱ ਪ੍ਰੋ. ਮੋਹਨ ਸਿੰਘ ਦੀ ਗ਼ਜ਼ਲ” ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ”ਗਾ ਕੇ ਵਿਰਸੇ ਦਾ ਚੇਤਾ ਕਰਵਾਇਆ। ਡਾ. ਬਲਵੰਤ ਸਿੰਘ ਸੰਧੂ ਦੀ ਸਕੂਲ ਪੜ੍ਹਦੀ ਬੇਟੀ ਨੇ ਪੁਸਤਕ ਸੱਭਿਆਚਾਰ ਲਈ ਜੀਵੇ ਪੰਜਾਬ ਸੰਸਥਾ ਵੱਲੋਂ ਕੀਤੇ ਯਤਨਾਂ ਨੂੰ ਵੀ ਸਲਾਹਿਆ।
ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਉੱਘੇ ਫੋਟੋ ਆਰਟਿਸਟ ਤੇ ਲੇਖਕ ਤੇਜ ਪ੍ਰਤਾਪ ਸਿੰਘ ਸੰਧੂ, ਜਨਮੇਜਾ ਸਿੰਘ ਜੌਹਲ, ਮੰਡੀਕਰਨ ਬੋਰਡ ਦੇ ਸਾਬਕਾ ਜਨਰਲ ਮੈਨੇਜਰ ਹਰਪ੍ਰੀਤ ਸਿੰਘ ਸਿੱਧੂ, ਡਾ. ਗੁਲਜ਼ਾਰ ਪੰਧੇਰ, ਡਾ. ਗੁਰਇਕਬਾਲ ਸਿੰਘ,
ਨਿਰਮਲ ਜੌੜਾ, ਸਹਿਜਪ੍ਰੀਤ ਮਾਂਗਟ, ਜਸਮੇਰ ਢੱਟ, ਕਰਮਜੀਤ ਗਰੇਵਾਲ, ਸਮਾਜ ਸੇਵੀ ਬੀਬੀ ਦਲਜੀਤ ਕੌਰ, ਸੇਵਾ ਮੁਕਤ ਕਰਨਲ ਤੇ ਵਾਤਾਵਰਣ ਪ੍ਰੇਮੀ ਜਗਜੀਤ ਸਿੰਘ ਗਿੱਲ, ਡਾ. ਮਾਨ ਸਿੰਘ ਤੂਰ, ਬ੍ਰਿਜ ਭੂਸ਼ਣ ਗੋਇਲ, ਪ੍ਰੋ. ਗੁਰਚਰਨ ਸਿੰਘ, ਸੇਵਾ ਮੁਕਤ ਆਈ.ਏ.ਐਸਅਧਿਕਾਰੀ
ਹਰਚਰਨਜੀਤ ਸਿੰਘ, ਸ. ਜੇ ਪੀ ਸਿੰਘ ਸਾਬਕਾ ਏ ਡੀ ਸੀ,ਡਾ. ਰੁਪਿੰਦਰ ਕੌਰ ਤੂਰ, ਇੰਦਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੇਖਕ ਤੇ ਵਿਦਵਾਨ ਹਾਜ਼ਰ ਸਨ।
- Download Babushahi App
-
-