ਪਰਵਿੰਦਰ ਝੋਟਾ ਕਤਲ ਮਾਮਲਾ : ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਰੋਸ ਮੁਜ਼ਾਹਰੇ
ਅਸ਼ੋਕ ਵਰਮਾ
ਬਠਿੰਡਾ, 15 ਅਕਤੂਬਰ 2026 : ਮੰਗਲਵਾਰ ਨੂੰ ਮਾਨਸਾ ਜਿਲੇ ਵਿੱਚ ਇੱਕ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਨਸ਼ਿਆਂ ਖਿਲਾਫ ਸੰਘਰਸ਼ ਕਰ ਰਹੇ ਪਰਮਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲਿਆਂ ਨੂੰ ਸਜ਼ਾਵਾਂ ਦਵਾਉਣ ਅਤੇ ਇਹਨਾਂ ਦੋਸ਼ੀਆਂ ਨੂੰ ਨਸ਼ੇ ਵੇਚਣ ਦੀ ਖੁੱਲ੍ਹ ਦੇਣ ਵਾਲੇ ਪੁਲਿਸ ਅਫਸਰ ਤੇ ਹੋਰ ਸਿਆਸੀ ਲੀਡਰਾਂ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਸਜਾਵਾਂ ਦਵਾਉਣ ਲਈ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਲਾਗੂ ਕਰਦਿਆਂ ਪੰਜਾਬ ਦੀਆਂ ਪੰਜ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ), ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬੁੱਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਇਹਨਾਂ ਦੇ ਨਾਲ ਹੋਰ ਵਿਦਿਆਰਥੀ, ਸਾਹਿਤਕਾਰ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਜਿਲੇ ਦੇ ਬਠਿੰਡਾ, ਰਾਮਪੁਰਾ, ਤਲਵੰਡੀ ਸਾਬੋ ਤੇ ਮੌੜ ਸ਼ਹਿਰਾਂ ਵਿੱਚ ਮੁਜਾਹਰੇ ਕੀਤੇ ਗਏ।
ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਔਰਤ ਜਥੇਬੰਦੀ ਆਗੂ ਹਰਿੰਦਰ ਕੌਰ ਬਿੰਦੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਲੋਕਾਂ ਨੂੰ ਇਨਸਾਫ ਲਈ ਸੰਘਰਸ਼ ਕਰਨ ਦੇ ਨਾਲ ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਰਾਜਗੱਦੀ ਤੇ ਆਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਸ਼ਰੇਆਮ ਨਸ਼ੇ ਦਾ ਕਾਰੋਬਾਰ ਵਧ ਰਿਹਾ ਹੈ ਨਸ਼ਿਆਂ ਨਾਲ ਨਿਤ ਦਿਨ ਨੌਜਵਾਨ ਮਰ ਰਹੇ ਹਨ।
ਉਹਨਾਂ ਕਿਹਾ ਕਿ ਇਹ ਨਸ਼ਿਆਂ ਦੇ ਕਾਰੋਬਾਰ ਸਰਕਾਰ ਅਤੇ ਪੁਲਿਸ ਅਫਸਰਾਂ ਦੇ ਸਹਿਯੋਗ ਨਾਲ ਲਗਾਤਾਰ ਵੱਧ ਰਹੇ ਹਨ ਅਤੇ ਪਿਛਲੀਆਂ ਸਰਕਾਰਾਂ ਭਾਵੇਂ ਅਕਾਲੀ ਭਾਜਪਾ ਦੀ ਗਠਜੋੜ ਸਰਕਾਰ ਜਾਂ ਕਾਂਗਰਸੀ ਸਰਕਾਰ ਹੋਵੇ ਉਦੋਂ ਤੋਂ ਲਗਾਤਾਰ ਹੀ ਸਾਰੀਆਂ ਪਾਰਟੀਆਂ ਇਸ ਨਸ਼ੇ ਦੀ ਕਾਰੋਬਾਰ ਫੈਲਾਉਣ ਦੀਆਂ ਦੋਸ਼ੀ ਹਨ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਖੇਤੀ ਜਾਂ ਹੋਰ ਸਭ ਜਨਤਕ ਅਦਾਰਿਆਂ ਤੇ ਕਾਰਪਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਲਈ ਸਾਰੀਆਂ ਹੀ ਸਿਆਸੀ ਵੋਟ ਪਾਰਟੀਆਂ ਇੱਕ ਮਤ ਹਨ। ਇਹਨਾਂ ਕਾਰਪਰੇਟ ਘਰਾਣਿਆਂ ਤੋਂ ਖੇਤੀ, ਰੁਜ਼ਗਾਰ ਤੇ ਹੋਰ ਜਨਤਕ ਅਦਾਰੇ ਬਚਾਉਣ ਲਈ ਲੋਕ ਲਗਾਤਾਰ ਵਿਰੋਧ ਕਰ ਰਹੇ ਹਨ। ਲੋਕ ਵਿਰੋਧੀ ਨੀਤੀਆਂ ਕਾਰਨ ਵਧ ਰਹੀ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਰਹੇ ਇਸ ਵਿਰੋਧ ਵਿੱ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਗ੍ਰਸਤ ਕਰਕੇ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ।
ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਕਾਰੋਬਾਰ ਅਤੇ ਨੌਜਵਾਨੀ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਕਿਉਂਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਵਾਪਸ ਕਰਵਾ ਕੇ ਆਪੋ ਆਪਣੇ ਕਾਰੋਬਾਰ ਬਚਾਉਣ ਅਤੇ ਨਸ਼ਿਆਂ ਦੇ ਵੱਡੇ ਵਪਾਰੀਆਂ ਤੇ ਉਹਨਾਂ ਦੇ ਨੂੰ ਸ਼ਹਿ ਦੇਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਨਸ਼ੇ ਬੰਦ ਕਰਾਉਣ ਦਾ ਇੱਕੋ ਇੱਕ ਰਾਹ ਏਕਾ ਅਤੇ ਸੰਘਰਸ਼ ਹੀ ਹੈ। ਅੱਜ ਦੇ ਇਕੱਠ ਨੂੰ ਅਮਰਜੀਤ ਸਿੰਘ ਹਨੀ, ਕਰਮਜੀਤ ਕੌਰ ਲਹਿਰਾਖਾਨਾ ਹਰਜਿੰਦਰ ਸਿੰਘ ਬੱਗੀ ਜਗਦੇਵ ਸਿੰਘ ਜੋਗੇਵਾਲਾ, ਜਮਹੂਰੀ ਅਧਿਕਾਰ ਸਭਾ ਤੋਂ ਪਿਰਤਪਾਲ ਸਿੰਘ, ਪੰਜਾਬ ਸਟੂਡੈਂਟ ਯੂਨੀਅਨ ਸਹੀਦ ਰੰਧਾਵਾ ਤੋਂ ਨਵਜੋਤ ਸਿੰਘ, ਡੀ ਟੀ ਐਫ ਤੋਂ ਬਹਾਦਰ ਸਿੰਘ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਤੋਂ ਪਰਮਿੰਦਰ ਕੌਰ, ਪਲਸ ਮੰਚ ਤੋਂ ਜਗਸੀਰ ਜੀਦਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿਲਾ ਆਗੂ ਤੀਰਥ ਸਿੰਘ ਕੋਠਾ ਗੁਰੂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ, ਸੇਵਾ ਕੇਂਦਰ ਬਠਿੰਡਾ ਦੇ ਮੁਲਾਜਮ ਆਗੂ ਨੇ ਵੀ ਸੰਬੋਧਨ ਕੀਤਾ।
- Download Babushahi App
-
-