ਜ਼ਿਲ੍ਹਾ ਐਸ.ਐਸ.ਏ. ਨਗਰ ਵਿੱਚ ਪਟਾਕਿਆਂ ਦੀ ਵਿੱਕਰੀ ਲਈ ਜਾਰੀ ਹੋਣਗੇ 43 ਲਾਇਸੰਸ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੱਢਿਆ ਗਿਆ ਡਰਾਅ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਅਕਤੂਬਰ, 2026:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਟਾਕਿਆਂ ਦੀ ਵਿੱਕਰੀ ਲਈ ਅਰਜ਼ੀਆਂ ਦੇਣ ਵਾਲੇ ਲੋਕਾਂ ਨੂੰ 43 ਆਰਜ਼ੀ ਲਾਇਸੰਸ ਜਾਰੀ ਕਰਨ ਲਈ ਗਠਿਤ ਕੀਤੀ ਗਈ ਕਮੇਟੀ ਵੱਲੋਂ, ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ ਲਾਇਸੰਸ ਜਾਰੀ ਕਰਨ ਲਈ, ਡਿਪਟੀ ਕਮਿਸ਼ਨਰ, ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਸ੍ਰੀਮਤੀ ਗੀਤਿਕਾ ਸਿੰਘ, ਐਸ.ਡੀ.ਐਮ ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਤੇ ਹੋਰ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਪਬਲਿਕ ਦੀ ਹਾਜ਼ਰੀ ਵਿਚ ਡਰਾਅ ਮੁਕੰਮਲ ਵੀਡੀਓਗ੍ਰਾਫੀ ਹੇਠ ਕੱਢਿਆ ਗਿਆ। ਪਾਰਦਰਸ਼ੀ ਤੇ ਨਿਰਪੱਖ ਪਹੁੰਚ ਅਪਣਾਉਂਦਿਆਂ, ਡਰਾਅ ਕੱਢਣ ਦੀ ਪ੍ਰਕਿਰਿਆ ਆਮ ਜਨਤਾ ਦੀ ਹਾਜ਼ਰੀ ਵਿੱਚ ਨੇਪਰੇ ਚਾੜ੍ਹੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਅਤੇ ਪੰਜਾਬ ਸਰਕਾਰ ਇੰਡਸਟਰੀ ਅਤੇ ਕਮਰਸ ਵਿਭਾਗ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਸਾਲ 2016 ਵਿੱਚ ਜਾਰੀ ਹੋਏ ਲਾਇਸੈਂਸਾਂ ਦੇ ਮੁਕਾਬਲੇ ਸਿਰਫ਼ 20 ਫੀਸਦੀ ਲਾਇਸੰਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।
ਡਰਾਅ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਜ਼ਿਲ੍ਹੇ ਭਰ ਦੇ 43 ਆਰਜ਼ੀ ਲਾਇਸੰਸਾਂ ਲਈ ਕੁੱਲ 2118 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚੋਂ 2097 ਸਹੀ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁਹਾਲੀ ਅਤੇ ਬਨੂੰੜ ਵਿੱਚ ਪਟਾਕਿਆਂ ਦੀ ਵਿੱਕਰੀ ਲਈ 18 ਲਾਇਸੰਸਾਂ ਵਾਸਤੇ 1910 ਅਰਜ਼ੀਆਂ ਮਿਲੀਆਂ, ਖਰੜ ਅਤੇ ਕੁਰਾਲੀ ਵਿੱਚ ਪਟਾਕਿਆਂ ਦੀ ਵਿੱਕਰੀ ਲਈ 07 ਲਾਇਸੰਸਾਂ ਵਾਸਤੇ 31 ਅਰਜ਼ੀਆਂ ਮਿਲੀਆਂ, ਜਦੋਂ ਕਿ ਨਵਾਂਗਾਉਂ ਵਾਸਤੇ ਕੋਈ ਵੀ ਅਰਜ਼ੀ ਪ੍ਰਾਪਤ ਨਾ ਹੋਣ ਕਰਕੇ ਡਰਾਅ ਨਹੀਂ ਕੱਢਿਆ ਗਿਆ। ਡੇਰਾਬੱਸੀ ਲਈ 06 ਲਾਇਸੰਸਾਂ ਵਾਸਤੇ 162 ਅਰਜ਼ੀਆਂ ਮਿਲੀਆਂ। ਇਸ ਤੋਂ ਇਲਾਵਾ ਲਾਲੜੂ ਅਤੇ ਜ਼ੀਰਕਪੁਰ ਵਿੱਚ ਪਟਾਕਿਆਂ ਦੀ ਵਿੱਕਰੀ ਲਈ 12 ਲਾਇਸੰਸਾਂ ਵਾਸਤੇ 15 ਅਰਜ਼ੀਆਂ ਪ੍ਰਾਪਤ ਹੋਈਆਂ। ਜ਼ੀਰਕਪੁਰ ਲਈ 08 ਲਾਇਸੰਸਾਂ ਵਾਸਤੇ 08 ਅਰਜ਼ੀਆਂ ਹੀ ਪ੍ਰਾਪਤ ਹੋਣ ਕਰਕੇ ਡਰਾਅ ਨਹੀਂ ਕੱਢਿਆ ਗਿਆ, ਪ੍ਰਾਪਤ ਅਰਜ਼ੀਆਂ ਅਨੁਸਾਰ ਹੀ ਪ੍ਰਾਰਥੀਆਂ ਨੂੰ ਲਾਇਸੰਸ ਜਾਰੀ ਕਰ ਦਿੱਤੇ ਜਾਣਗੇ।
ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿੱਕਰੀ ਨੂੰ ਸੁਚਾਰੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿੱਕਰੀ ਲਈ ਸਿਰਫ਼ 15 ਥਾਵਾਂ ਨਿਰਧਾਰਤ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਕਿਤੇ ਵੀ ਹੋਰ ਪਟਾਕਿਆਂ ਦੀ ਵਿੱਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਨਿਸ਼ਚਤ ਸਮੇਂ ਤੇ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਕੇ ਚਲਾਉਣ ਅਤੇ ਬਿਨਾਂ ਲਾਇਸੰਸ ਤੋਂ ਪਟਾਕਿਆਂ ਦੀ ਵਿੱਕਰੀ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਪਟਾਕਿਆਂ ਦੇ ਵਪਾਰੀਆਂ ਨੂੰ ਸਥਾਈ ਲਾਇਸੈਂਸ ਜਾਰੀ ਕਰਨ ਤੋਂ ਰੋਕ ਲਾਈ ਹੋਈ ਹੈ। ਇਸ ਤੋਂ ਇਲਾਵਾ ਆਰਜ਼ੀ ਲਾਇਸੰਸ ਜਾਰੀ ਕਰਨ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 08 ਨਵੰਬਰ ਨੂੰ ਦੀਵਾਲੀ ਵਾਲੇ ਦਿਨ, ਸ਼ਾਮ 8.00 ਵਜੇ ਤੋਂ 10.00 ਵਜੇ ਤੱਕ ਅਤੇ ਮਿਤੀ 24 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4.00 ਵਜੇ ਤੋਂ 5.00 ਵਜੇ ਤੱਕ ਅਤੇ ਰਾਤ ਨੂੰ 09.00 ਵਜੇ ਤੋਂ 10.00 ਵਜੇ ਤੱਕ, ਨਿਰਧਾਰਤ ਆਵਾਜ਼ ਅੰਦਰ ਹੀ ਫਾਇਰ ਕਰੈਕਰਜ਼/ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਸਨੀਕ ਫਾਇਰ ਕਰੈਕਰਜ਼/ਪਟਾਕੇ ਨਹੀਂ ਚਲਾਏਗਾ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸਵੈ-ਪਾਲਣਾ ਵੀ ਕਰੇਗਾ।
ਕੋਈ ਵੀ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਫਾਇਰ ਕਰੈਕਰਜ਼/ ਪਟਾਕਿਆਂ ਦੀ ਸਟੋਰੇਜ ਨਹੀਂ ਕਰੇਗਾ ਅਤੇ ਬਿਨਾਂ ਲਾਇਸੰਸ ਤੋਂ ਵਿੱਕਰੀ ਨਹੀਂ ਕਰੇਗਾ। ਪਟਾਕੇ ਵੇਚਣ ਸਬੰਧੀ ਨਿਰਧਾਰਤ ਥਾਵਾਂ, ਪ੍ਰਮੁੱਖ ਸ਼ਰਤਾਂ ਅਤੇ ਵਧੇਰੇ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ www.sasnagar.nic.in ਤੇ ਵੇਖੀ ਜਾ ਸਕਦੀ ਹੈ।
- Download Babushahi App
-
-