ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਹੋਈ ਮੀਟਿੰਗ; ਭਾਈ ਹਰਪ੍ਰੀਤ ਸਿੰਘ ਰਾਜੀਆ ਨੂੰ ਲਗਾਇਆ ਹਲਕਾ ਭਦੌੜ ਦਾ ਇੰਚਾਰਜ
*ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਸਰਕਾਰ ਅਤੇ ਪ੍ਰਸ਼ਾਸਨ ਦੀ ਸ਼ਹਿ 'ਤੇ ਚੱਲ ਰਿਹਾ - ਭਾਈ ਗੋਬਿੰਦ ਸਿੰਘ ਲੌਂਗੋਵਾਲ*
*ਬਰਨਾਲਾ, 14 ਅਕਤੂਬਰ 2026- ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਹੰਡਿਆਇਆ ਵਿਖੇ ਸਥਿਤ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਹੋਈ, ਜਿੱਥੇ ਮੁੱਖ ਤੌਰ 'ਤੇ ਐਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ।
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਅੱਜ *ਭਾਈ ਹਰਪ੍ਰੀਤ ਸਿੰਘ ਰਾਜੀਆ* ਨੂੰ ਹਲਕਾ ਭਦੌੜ ਦਾ ਇੰਚਾਰਜ ਲਗਾਇਆ ਗਿਆ ਹੈ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਗਈ ਹੈ ਕਿ ਉਹਨਾਂ ਨੂੰ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ।
ਉਹਨਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਪੁਨਰ ਸੁਰਜੀਤ ਪਾਰਟੀ ਪ੍ਰਧਾਨ *ਗਿਆਨੀ ਹਰਪ੍ਰੀਤ ਸਿੰਘ ਜੀ* ਦੀ ਅਗਵਾਈ ਹੇਠ ਅਹਿਮ ਭੂਮਿਕਾ ਨਿਭਾਏਗੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਸਾਰੇ ਪੰਜਾਬ ਵਿੱਚ ਹੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਹੋ ਰਹੀਆਂ ਹਨ। ਪੰਜਾਬ ਦੇ ਹੱਕਾਂ ਅਤੇ ਮੰਗਾਂ ਲਈ ਸਾਡੀ ਪਾਰਟੀ ਹਮੇਸ਼ਾ ਤਤਪਰ ਰਹੇਗੀ, ਸੰਘਰਸ਼ ਕਰੇਗੀ ਅਤੇ ਆਵਾਜ਼ ਬੁਲੰਦ ਕਰੇਗੀ।
ਉਹਨਾਂ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਉਹਨਾਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਹੈ, ਜਿਸ ਵਿੱਚ ਕਿਸਾਨੀ ਅਤੇ ਸੈਲਰ ਐਸੋਸੀਏਸ਼ਨ ਆਦਿ ਮੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਮੁੱਖ ਮੰਗ ਮਾਨਸਾ ਵਿਖੇ ਹੋਏ *ਪਰਮਿੰਦਰ ਸਿੰਘ ਝੋਟਾ* ਦੇ ਕਤਲ ਸਬੰਧੀ ਹੈ, ਜੋ ਕਿ ਨਸ਼ੇ ਵਿਰੁੱਧ ਲੜਾਈ ਲੜ ਰਿਹਾ ਸੀ।
ਭਾਈ ਲੌਂਗੋਵਾਲ ਨੇ ਕਿਹਾ ਕਿ ਇਸ ਕਤਲ ਤੋਂ ਬਾਅਦ ਅੱਜ ਪੰਜਾਬ ਦਾ ਹਰ ਨਿਵਾਸੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ, ਨੌਜਵਾਨੀ ਨਸ਼ਿਆਂ ਵਿੱਚ ਖਤਮ ਹੋ ਰਹੀ ਹੈ। ਅੱਜ ਪੰਜਾਬ ਵਿੱਚ ਜੋ ਵੀ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ, ਉਹ ਸਰਕਾਰ ਅਤੇ ਪ੍ਰਸ਼ਾਸਨ ਦੀ ਸ਼ਹਿ 'ਤੇ ਹੀ ਚੱਲ ਰਿਹਾ ਹੈ। ਜੋ ਵੀ ਨਸ਼ੇ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸਦਾ ਕਤਲ ਕਰਵਾ ਦਿੱਤਾ ਜਾਂਦਾ ਹੈ।
ਉਹਨਾਂ ਕੱਲ੍ਹ ਮਿਤੀ *15 ਅਕਤੂਬਰ ਨੂੰ ਪੰਜਾਬ ਬੰਦ* ਦੇ ਸੱਦੇ ਦਾ ਸਮਰਥਨ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਪੂਰਨ ਬੰਦ ਦਾ ਸਮਰਥਨ ਕਰਦੇ ਹਾਂ।
- Download Babushahi App
-
-