ਪਰਵਿੰਦਰ ਝੋਟਾ ਦਾ ਕਤਲ ਸਰਕਾਰੀ ਤੰਤਰ ਅਤੇ ਨਸ਼ਾ ਤਸਕਰਾਂ ਦੀ ਸਾਜ਼ਿਸ਼ ਦਾ ਸਿੱਟਾ -ਜਥੇਦਾਰ ਹਵਾਰਾ ਕਮੇਟੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ 14 ਅਕਤੂਬਰ 2026- ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਦੋਸ਼ ਲਗਾਇਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਰਕਾਰੀ ਤੰਤਰ ਅਤੇ ਨਸ਼ਾ ਤਸਕਰ ਅਸ਼ਵਨੀ ਕੁਮਾਰ ਦੀ ਸਾਜ਼ਿਸ਼ ਕਾਰਨ ਹੋਇਆ ਹੈ ਜਿਸਦੀ ਅਸੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ ਅਤੇ ਡਾ ਸੁਖਦੇਵ ਸਿੰਘ ਬਾਬਾ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਬਾਕਸਿੰਗ ਦਾ ਵਧੀਆ ਖਿਡਾਰੀ ਸੀ ਪਿਛਲੇ ਕਾਫੀ ਸਮੇਂ ਤੋਂ ਐਂਟੀ ਡਰੱਗ ਫੋਰਸ ਦੇ ਸੰਚਾਲਕ ਵਜੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਿਹਾ ਸੀ ਜਿਸ ਕਰਕੇ ਡਰੱਗ ਮਾਫੀਆ ਅਤੇ ਨਸ਼ਾ ਤਸਕਰਾਂ ਵੱਲੋਂ ਪਰਵਿੰਦਰ ਸਿੰਘ ਉੱਪਰ ਕਈ ਝੂਠੇ ਕੇਸ ਦਰਜ ਕਰਵਾਏ ਗਏ ਸਨ।
ਪੰਜਾਬ ਵਿੱਚ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਕਿਸੇ ਨਾ ਕਿਸੇ ਬਹਾਨੇ ਨੌਜਵਾਨੀ ਦਾ ਘਾਣ ਕੀਤਾ ਜਾ ਰਿਹਾ ਹੈ ਪਹਿਲਾਂ ਝੂਠੇ ਪੁਲਿਸ ਮੁਕਾਬਲਿਆ ਵਿੱਚ ਪੰਜਾਬ ਦੀ ਨੌਜਵਾਨੀ ਖਾਸ ਕਰਕੇ ਸਿੱਖ ਨੌਜਵਾਨ ਖਤਮ ਕੀਤੇ ਗਏ ਉਸ ਤੋਂ ਬਾਅਦ ਪੰਜਾਬ ਜਿਸ ਨੂੰ ਗੁਰੂਆਂ ਪੀਰਾਂ ਅਤੇ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਉਥੇ ਨਸ਼ੇ ਦਾ ਦਰਿਆ ਡਰੱਗ ਮਾਫੀਆ ਵੱਲੋਂ ਚਲਾਇਆ ਗਿਆ ਜਿਸ ਕਾਰਨ ਹਜ਼ਾਰਾਂ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਕੇ ਭਰ ਜਵਾਨੀ ਵਿੱਚ ਇਸ ਦੁਨੀਆਂ ਨੂੰ ਛੱਡ ਗਏ। ਇਸ ਦੌਰਾਨ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਸਰਕਾਰਾਂ ਨੇ ਨਸ਼ੇ ਬੰਦ ਕਰਨ ਦਾ ਵਾਅਦਾ ਕੀਤਾ ਪਰ ਨਸ਼ਾ ਬੰਦ ਕਰਨ ਦੀ ਬਜਾਏ ਖੁਦ ਨਸ਼ਾ ਤਸਕਰਾਂ ਦੀ ਪਿੱਠ ਤੇ ਆਣ ਖਲੋਂਦੀ ਹੈ ਜਿਸ ਦੀ ਤਾਜ਼ਾ ਮਿਸਾਲ ਹੈ ਕਿ ਅਸ਼ਵਨੀ ਕੁਮਾਰ ਉੱਪਰ 2023 ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੋਇਆ ਸੀ ਪਰ ਉਸ ਤੋਂ ਬਾਅਦ ਨਾ ਤਾਂ ਇਸ ਦਾ ਮੈਡੀਕਲ ਲਾਇਸੈਂਸ ਕੈਂਸਲ ਹੋਇਆ ਬਲਕਿ ਉਸ ਨੂੰ ਹਥਿਆਰ ਦਾ ਲਾਇਸੰਸ ਵੀ ਦਿੱਤਾ ਗਿਆ ਜੋ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਦਾ ਕਾਰਨ ਬਣਿਆ।
ਹਵਾਰਾ ਕਮੇਟੀ ਨੇ ਕਿਹਾ ਹੁਣ ਜੋ ਨਸ਼ਾ ਤਸਕਰ ਅਸ਼ਵਨੀ ਕੁਮਾਰ ਦਾ ਘਰ ਅਤੇ ਦੁਕਾਨ ਢਾਹੀ ਗਈ ਹੈ ਜੇਕਰ ਇਹ ਐਕਸ਼ਨ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੈ ਲਿਆ ਹੁੰਦਾ ਤਾਂ ਪਰਵਿੰਦਰ ਸਿੰਘ ਝੋਟੇ ਦੀ ਜਾਨ ਬਚ ਸਕਦੀ ਸੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਰਵਿੰਦਰ ਸਿੰਘ ਝੋਟਾ ਸਮੇਤ ਆਮ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਅਸ਼ਵਨੀ ਕੁਮਾਰ ਅਤੇ ਉਸਦੇ ਸਾਥੀ ਸ਼ਰੇਆਮ ਨਸ਼ਾ ਵੇਚ ਰਹੇ ਸਨ ਅਤੇ ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੂੰ ਇਨਾ ਤਸ਼ਕਰਾਂ ਬਾਰੇ ਪਤਾ ਨਾ ਹੋਵੇ ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਇਹ ਸਰਕਾਰਾਂ ਆਪ ਹੀ ਇਹਨਾਂ ਨਸ਼ਾ ਤਸਕਰਾਂ ਦੀ ਪਿੱਠ ਤੇ ਖਲੋਤੀਆਂ ਹਨ ਅਤੇ ਆਪ ਖੁਦ ਨਸ਼ਾ ਵਿਕਾ ਰਹੀਆਂ ਹਨ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਆਪਸੀ ਗਰੁੱਪ ਬਾਜੀ ਵਿੱਚ ਕੋਈ ਕਤਲ ਹੋ ਜਾਂਦੇ ਹਨ ਤਾਂ ਪੰਜਾਬ ਪੁਲਿਸ ਵੱਲੋਂ ਬੜੀ ਜਲਦੀ ਕਾਤਲਾਂ ਦੇ ਐਨਕਾਊਂਟਰ ਕਰ ਦਿੱਤੇ ਜਾਂਦੇ ਹਨ ਹੁਣ ਵੇਖਦੇ ਹਾਂ ਕਿ ਕੀ ਪੰਜਾਬ ਪੁਲਿਸ ਅਸ਼ਵਨੀ ਕੁਮਾਰ ਜਿਸ ਨੇ ਪੰਜਾਬ ਦੇ ਹੋਣਹਾਰ ਪੁੱਤਰ ਦਾ ਕਤਲ ਕੀਤਾ ਹੈ ਕੀ ਉਸ ਨਾਲ ਕੀ ਸਲੂਕ ਕਰਦੀ ਹੈ ਅਖੀਰ ਵਿੱਚ ਜਥੇਦਾਰ ਹਵਾਰਾ ਕਮੇਟੀ ਇਹ ਮੰਗ ਕਰਦੀ ਹੈ ਕਿ ਅਸ਼ਵਨੀ ਕੁਮਾਰ ਅਤੇ ਉਸ ਨੂੰ ਫੋਨ ਉੱਤੇ ਪਰਵਿੰਦਰ ਸਿੰਘ ਦਾ ਕਤਲ ਕਰਨ ਦਾ ਹੁਕਮ ਦੇਣ ਵਾਲੇ ਵਿਅਕਤੀ ਦਾ ਪਰਦਾ ਫਾਸ਼ ਕੀਤਾ ਜਾਵੇ ਅਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਇਸ ਤੋਂ ਇਲਾਵਾ ਕਮੇਟੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੀ ਹੈ ਕਿ ਇਹਨਾਂ ਨਸ਼ਾ ਤਸਕਰਾਂ ਵਿਰੁੱਧ ਇੱਕਜੁੱਟ ਹੋ ਕੇ ਲੜਾਈ ਲੜੀ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਬਲਦੇਵ ਸਿੰਘ ਨਵਾਂ ਪਿੰਡ, ਸੁਖਰਾਜ ਸਿੰਘ ਵੇਰਕਾ, ਰਘਬੀਰ ਸਿੰਘ ਭੁੱਚਰ, ਸਤਜੋਤ ਸਿੰਘ ਮੂਧਲ, ਐਡਵੋਕੇਟ ਜਸਬੀਰ ਸਿੰਘ ਜੰਮੂ ਅਤੇ ਬਲਵਿੰਦਰ ਸਿੰਘ ਸਾਂਘਣਾ ਸ਼ਾਮਲ ਹਨ।
- Download Babushahi App
-
-