ਪ੍ਰਗਟ ਸਿੰਘ ਦੀ ਆਮਦ ਮੌਕੇ ਸ਼ਹਿਰੀ ਕਾਂਗਰਸ ’ਚ ਦਿਖਾਈ ਨਹੀਂ ਦਿੱਤਾ ਪੁਰਾਣਾ ਜਲੌਅ
ਅਸ਼ੋਕ ਵਰਮਾ
ਬਠਿੰਡਾ , 14 ਅਕਤੂਬਰ 2026 : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਦੀ ਆਮਦ ਮੌਕੇ ਸ਼ਹਿਰੀ ਕਾਂਗਰਸ ਦੀ ਲੀਡਰਸ਼ਿਪ ’ਚ ਉਹ ਪੁਰਾਣਾ ਜਲੌਅ ਨਜ਼ਰ ਨਹੀਂ ਆਇਆ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥ ’ਚ ਪ੍ਰਧਾਨਗੀ ਮੌਕੇ ਹੋਇਆ ਕਰਦਾ ਸੀ। ਇਸ ਮੌਕੇ ਕਾਂਗਰਸੀ ਆਗੂਆਂ ਨੇ ਆਪਣੇ ਨਵੇਂ ਪ੍ਰਧਾਨ ਦਾ ਰਸਮੀ ਜਿਹਾ ਸੁਆਗਤ ਕੀਤਾ ਹੈ ਪਰ ਪਾਰਟੀ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਨਿੱਘਾ ਸੁਆਗਤ ਕਰਨ ਦੀ ਗੱਲ ਕਹੀ ਗਈ ਹੈ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਸ਼ਹਿਰ ’ਚ ਕਾਂਗਰਸ ਦੀ ਸੀਨੀਅਰ ਆਗੂ ਅੰਮ੍ਰਿਤ ਗਿੱਲ ਨੂੰ ਛੱਡਕੇ ਕਿਸੇ ਕਾਂਗਰਸੀ ਨੇਤਾ ਨੇ ਨਵੇਂ ਪ੍ਰਧਾਨ ਨੂੰ ਵਧਾਈ ਦੇਣ ਲਈ ਫਲੈਕਸਾਂ ਵੀ ਨਹੀ ਲਾਈਆਂ ਹਨ। ਇਹ ਵੱਖਰੀ ਗੱਲ ਹੈ ਕਿ ਅੰਮ੍ਰਿਤ ਗਿੱਲ ਦੀਆਂ ਫਲੈਕਸਾਂ ਉਤਾਰ ਦਿੱਤੀਆਂ ਗਈਆਂ ਜਿੰਨ੍ਹਾਂ ਨੂੰ ਲਾਹੁਣ ਸਬੰਧੀ ਵੀ ਨਵੇਂ ਚਰਚੇ ਛਿੜੇ ਹੋਏ ਹਨ।
ਇਸ ਦੇ ਉਲਟ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਮੌਕੇ ਸ਼ਹਿਰ ਦੇ ਕਾਂਗਰਸੀਆਂ ਨੇ ਰਾਤੋ ਰਾਤ ਰੰਗ ਬਦਲ ਲਏ ਸਨ ਅਤੇ ਹਰ ਮੋੜ ’ਤੇ ਫਲੈਕਸ ਬੋਰਡ ਚਮਕਦੇ ਨਜ਼ਰ ਆਏ ਸਨ। ਕਾਂਗਰਸੀਆਂ ਦੇ ਇਸ ਮੱਠੇ ਹੁੰਗਾਰੇ ਤੋਂ ਇਹ ਜਾਪਦਾ ਹੈ ਕਿ ਸ਼ਹਿਰ ’ਚ ਰਾਜਾ ਵੜਿੰਗ ਦਾ ਸਿਆਸੀ ਪ੍ਰਭਾਵ ਅਜੇ ਖਤਮ ਨਹੀਂ ਹੋਇਆ ਹੈ। ਪ੍ਰਗਟ ਸਿੰਘ ਨੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਦੇ ਗ੍ਰਹਿ ਵਿਖੇ ਸਮੁੱਚੀ ਕਾਂਗਰਸ ਟੀਮ ਨਾਲ ਮੁਲਾਕਾਤ ਕੀਤੀ ਤੇ ਅੱਜ ਦੇ ਹਾਲਾਤ ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਮੋੜ ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ ਹੈ। ਕਰਜੇ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਬੇਰੁਜ਼ਗਾਰੀ ਵਧ ਰਹੀ ਹੈ, ਵਾਤਾਵਰਨ ਖਰਾਬ ਹੋ ਰਿਹਾ ਹੈ ਅਤੇ ਪਾਣੀਆਂ ’ਤੇ ਡਾਕੇ ਪੈ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨੀ ਕਰਜੇ ਕਾਰਨ ਬਰਬਾਦ ਹੋ ਰਿਹਾ ਹੈ, ਪਰ ਸਮੇਂ ਦੀਆਂ ਸਰਕਾਰਾਂ ਦਾ ਕੋਈ ਧਿਆਨ ਨਹੀਂ, ਭਾਵੇਂ ਕੇਂਦਰ ਦੀ ਮੋਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਮਾਨ ਸਰਕਾਰ ਹੈ ,ਕਿਸੇ ਨੇ ਵੀ ਪੰਜਾਬ ਦੇ ਵਿਗੜ ਰਹੇ ਹਾਲਾਤ ਵੱਲ ਧਿਆਨ ਦੇਣ ਦੀ ਜਰੂਰਤ ਨਹੀਂ ਸਮਝੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਨਸ਼ਾ ਸਮਗਲਰਾਂ ਨੂੰ ਰੋਕਣ ਤੇ ਪਰਵਿੰਦਰ ਸਿੰਘ ਝੋਟੇ ਵਰਗੇ ਸਮਾਜ ਸੇਵੀ ਸੋਚ ਵਾਲੇ ਨੌਜਵਾਨਾਂ ਦੇ ਕਤਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਦਿਲਚਸਪ ਗੱਲ ਹੈ ਕਿ ਨਸ਼ਾ ਸਮਗਲਿੰਗ ਕਰਨ ਵਾਲੇ ਨੂੰ ਤਾਂ ਪ੍ਰਸ਼ਾਸਨ ਨੇ ਪਿਸਤੌਲ ਦਾ ਲਾਈਸੈਂਸ ਵੀ ਦੇ ਦਿੱਤਾ ਪਰ ਜੋ ਨਸ਼ਿਆਂ ਖਿਲਾਫ ਆਵਾਜ਼ ਉਠਾ ਰਿਹਾ ਸੀ ਉਸ ਨੂੰ ਤਿੰਨ ਮਹੀਨੇ ਜੇਲ੍ਹ ਵਿੱਚ ਸੁੱਟੀ ਰੱਖਿਆ ਸੀ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਕਾਰਨ ਸੂਬੇ ਦੇ ਹਾਲਾਤ ਹੋਰ ਵਿਗੜਨ ਸਬੰਧੀ ਚਿਤਾਵਨੀ ਵੀ ਦਿੱਤੀ।
ਮਾਨਸਾ ਵਿੱਚ ਸਿੱਧੂ ਮੂਸੇ ਵਾਲਾ ਦਾ ਕਤਲ , ਹੁਣ ਪਰਮਿੰਦਰ ਸਿੰਘ ਝੋਟੇ ਦਾ ਕਤਲ , ਸੰਗਰੂਰ ਵਿੱਚ ਗੁਲਜਾਰ ਸਿੰਘ ਦੀ ਖੁਦਕਸ਼ੀ ਤੇ ਮੋਹਨਜੀਤ ਸਿੰਘ ਨਾਲ ਕੁੱਟਮਾਰ ਦਾ ਜਿਕਰ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਜਲੂਸ ਨਿਕਲ ਚੁੱਕਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਆਮੋ ਆਮ ਹੈ ਜਿਸ ਕਰਕੇ ਪੰਜਾਬੀਆਂ ਨੂੰ ਆਉਣ ਵਾਲੇ ਹਾਲਾਤ ਨੂੰ ਸਮਝਦਿਆਂ ਕੋਈ ਮਜਬੂਤ ਅਤੇ ਲੋਕ ਆਧਾਰ ਵਾਲੀ ਸਰਕਾਰ ਚੁਣਨ ਵੱਲ ਕਦਮ ਪੱਟਣੇ ਪੈਣਗੇ। ਨਵੇਂ ਪ੍ਰਧਾਨ ਨੇ ਅੱਜ ਆਪਣੇ ਦੌਰੇ ਦੌਰਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਸਵਰਗੀ ਖੁਸ਼ਬਾਜ ਸਿੰਘ ਜਟਾਣਾ ਦੇ ਘਰ ਉਹਨਾਂ ਦੀ ਮਾਤਾ ਤੇ ਪਤਨੀ ਨਾਲ ਦੁੱਖ ਵੰਡਾਇਆ। ਇਸ ਮੌਕੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਚਟਾਨ ਵਾਂਗ ਖੜੀ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਮੌਕੇ ਪਰਿਵਾਰ ਦਾ ਫੈਸਲਾ ਵੀ ਵਿਚਾਰਿਆ ਜਾਵੇਗਾ।
ਕੋਈ ਗੁੱਟਬਾਜੀ ਨਹੀਂ :ਪ੍ਰਗਟ ਸਿੰਘ
ਇਸ ਮੌਕੇ ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਮਿਲੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਾਉਣ ਦਾ ਭਰੋਸਾ ਦਵਾਇਆ ਤੇ ਕਿਹਾ ਕਿ ਕਾਂਗਰਸ ਦੀ ਪਹਿਲਾਂ ਵਾਲੀ ਟੀਮ ਤਿਆਰ ਬਰ ਤਿਆਰ ਹੈ। ਉਨ੍ਹਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਵੀ ਬਨਾਉਣ ਅਤੇ ਪਾਰਟੀ ’ਚ ਗੁੱਟਬਾਜੀ ਨਾਂ ਹੋਣ ਦਾ ਦਾਅਵਾ ਵੀ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ , ਰਾਜਨ ਗਰਗ ਅਤੇ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਹਾਜ਼ਰ ਸਨ।
- Download Babushahi App
-
-