Crime Special ਝੋਟਾ ਕਤਲ ਮਾਮਲਾ : ਭੜਕੇ ਲੋਕਾਂ ਨੇ ਫੂਕਿਆ ਪੁਆੜੇ ਦੀ ਜੜ ਅਸ਼ਵਨੀ ਦਾ ਮੈਡੀਕਲ ਸਟੋਰ
ਲੋਕ ਰੋਹ ਠੰਡਾ ਕਰਨ ਲਈ ਢਾਹਿਆ ਪੁਲਿਸ ਨੇ ਘਰ
ਅਸ਼ੋਕ ਵਰਮਾ
ਮਾਨਸਾ , 14 ਅਕਤੂਬਰ 2026 :ਨਸ਼ਾ ਤਸਕਰੀ ਮਾਮਲੇ ’ਚ ਸ਼ਮੂਲੀਅਤ ਕਾਰਨ ਅੱਜ ਵੱਡੀ ਗਿਣਤੀ ਪੁਲਿਸ ਦੀ ਮੌਜੂਦਗੀ ’ਚ ਪ੍ਰਸ਼ਾਸ਼ਨ ਨੇ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਨੂੰ ਕਥਿਤ ਤੌਰ ’ਤੇ ਗੋਲੀਆਂ ਮਾਰਕੇ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਦੇ ਘਰ ਨੂੰ ਜੇਸੀਬੀ ਦੀ ਸਹਾਇਤਾ ਨਾਲ ਢਾਹ ਦਿੱਤਾ । ਇਸੇ ਦੌਰਾਨ ਲੋਕ ਰੋਹ ਨੂੰ ਦੇਖਦਿਆਂ ਅੱਜ ਬਾਅਦ ਦੁਪਹਿਰ ਪੁਲੀਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਜਦੋਂ ਅਸ਼ਵਨੀ ਕੁਮਾਰ ਦੇ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ ਹੈ। ਇਹ ਪੀਲਾ ਪੰਜਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਅਨੇਕਾਂ ਨਸ਼ਾ ਤਸਕਰਾਂ ਦੇ ਘਰਾਂ ਉੱਪਰ ਚਲਾਇਆ ਜਾ ਚੁੱਕਿਆ ਹੈ ਅਤੇ ਅੱਜ ਵੀ ਨਸ਼ਿਆਂ ਦੇ ਤਸਕਰ ਵਜੋਂ ਉਸ ਦਾ ਘਰ ਢਾਹਿਆ ਗਿਆ ਹੈ। ਓਧਰ ਅੱਜ ਹੀ ਭੜਕੀ ਹੋਈ ਭੀੜ ਨੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਦੀ ਪਹਿਲਾਂ ਭੰਨ ਤੋੜ ਕੀਤੀ ਤੇ ਫਿਰ ਦੁਕਾਨ ਨੂੰ ਅੱਗ ਹਵਾਲੇ ਕਰ ਦਿੱਤਾ ।
ਇਸ ਤੋਂ ਪਹਿਲਾਂ ਗੁੱਸੇ ਵਿੱਚ ਆਏ ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨਾਂ ਅਤੇ ਨਿਹੰਗ ਸਿੰਘਾਂ ਵੱਲੋਂ ਉਸ ਦੇ ਮੈਡੀਕਲ ਸਟੋਰ ਵਿੱਚ ਰੱਖਿਆ ਜਿਆਦਾਤਰ ਸਮਾਨ ਬਾਹਰ ਕੱਢਿਆ ਅਤੇ ਸੜਕ ’ਤੇ ਸੁੱਟ ਦਿੱਤਾ ਗਿਆ। ਪਹਿਲਾਂ ਨੌਜਵਾਨਾਂ ਨੇ ਇੱਕ ਜੇ.ਸੀ.ਬੀ. ਮਸ਼ੀਨ ਕਿਸੇ ਤੋਂ ਫੜੀ ਅਤੇ ਖ਼ੁਦ ਚਲਾ ਕੇ ਦੁਕਾਨ ਢਾਹ ਦਿੱਤੀ ਗਈ ਅਤੇ ਮਗਰੋਂ ਤੇਲ ਪਾ ਕੇ ਦੁਕਾਨ ਨੂੰ ਅੱਗਨ ਭੇਂਟ ਕਰ ਦਿੱਤਾ । ਭੜਕੀ ਹੋਈ ਭੀੜ ਅੱਗੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੋਈ ਵਾਹ ਨਹੀਂ ਚੱਲੀ ਅਤੇ ਅਧਿਕਾਰੀਆਂ ਨੇ ਵੀ ਕਿਸੇ ਕਿਸਮ ਦੇ ਦਖਲ ਤੋਂ ਪਾਸਾ ਵੱਟੀ ਰੱਖਿਆ। ਦੇਖਣ ’ਚ ਆਇਆ ਕਿ ਆਮ ਲੋਕਾਂ ਦਾ ਵੱਡਾ ਹਜੂਮ ਇਕੱਠੀ ਹੋਣ ਕਾਰਨ ਪੁਲਿਸ ਮੁਲਾਜਮ ਵੀ ਡੰਗ ਟਪਾਉਂਦੇ ਰਹੇ। ਇਸੇ ਭੀੜ ਕਾਰਨ ਮਾਨਸਾ ਸ਼ਹਿਰ ’ਚ ਪੂਰਾ ਦਿਨ ਤਣਾਅ ਦਾ ਮਹੌਲ ਬਣਿਆ ਰਿਹਾ ਜਿਸ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕਰ ਦਿੱਤੀ ਹੈ।
ਕਿਸੇ ਕਿਸਮ ਦਾ ਮਹੌਲ ਖਰਾਬ ਹੋਣ ਦੇ ਡਰੋਂ ਮਾਨਸਾ ਵੱਲ ਨੂੰ ਜਾਣ ਵਾਲੀਆਂ ਮੁੱਖ ਸੜਕਾਂ ਅਤੇ ਲਿੰਕ ਸੜਕਾਂ ’ਤੇ ਪੁਲਿਸ ਵੱਲੋਂ ਨਕਾਬੰਦੀ ਕੀਤੀ ਗਈ ਹੈ। ਪੁਲਿਸ ਦੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਪ੍ਰਵੀਨ ਸਿਨਹਾ ਮਾਨਸਾ ’ਚ ਬੈਠਕੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਝੋਟਾ ਦੇ ਕਤਲ ਕਾਰਨ ਅੱਜ ਦੂਸਰੇ ਦਿਨ ਵੀ ਮਾਨਸਾ ਸ਼ਹਿਰ ਬੰਦ ਰਿਹਾ ਅਤੇ ਜੇਕਰ ਕੁੱਝ ਦੁਕਾਨਾਂ ਖੁੱਲ੍ਹੀਆਂ ਤਾਂ ਉਹ ਵੀ ਸਿੱਖ ਜੱਥੇਬੰਦੀਆਂ ਨੇ ਜਬਰਦਸਤੀ ਬੰਦ ਕਰਵਾ ਦਿੱਤੀਆਂ। ਸਿੱਖ ਕਾਰਕੁੰਨ ਅਤੇ ਹੋਰ ਜੱਥੇਬੰਦੀਆਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦਾ ਅਸਤੀਫਾ ਮੰਗ ਰਹੀਆਂ ਹਨ। ਓਧਰ ਇਸ ਮਾਮਲੇ ’ਚ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਜਿਸ ਨਾਲ ਅਗਲੀ ਕਾਰਵਾਈ ਲਈ ਰਾਹ ਪੱਧਰਾ ਹੋ ਗਿਆ ਹੈ। ਦੂਜੇ ਪਾਸੇ, ਮਾਨਸਾ ਵਿੱਚ ਮ੍ਰਿਤਕ ਆਗੂ ਨੂੰ ਇਨਸਾਫ਼ ਦਿਵਾਉਣ ਲਈ ਪ੍ਰਦਰਸ਼ਨਕਾਰੀਆਂ ਨੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ।
ਇਸ ਸੰਘਰਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪ੍ਰਸ਼ਾਸਨ ਅੱਗੇ ਆਪਣੀਆਂ ਮੰਗਾਂ ਰੱਖਣ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਵਿਸ਼ੇਸ਼ ਸੰਘਰਸ਼ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਐਨਾ ਗੁੱਸਾ ਦੇਖਣ ਨੂੰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਲੜਨ ਵਾਲੀ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਦੋਂਕਿ ਹਮਲੇ ਵਿੱਚ ਝੋਟੇ ਦੇ ਚਾਰ ਸਾਥੀ ਵੀ ਜ਼ਖ਼ਮੀ ਹੋ ਗਏ ਸਨ। ਘਟਨਾ ਮਗਰੋਂ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਰੋਹ ਵਿੱਚ ਆਏ ਲੋਕਾਂ ਨੇ ਮੁਲਜ਼ਮ ਦੀ ਦੁਕਾਨ ਦੀ ਭੰਨ-ਤੋੜ ਕਰ ਕੇ ਬਾਜ਼ਾਰ ਬੰਦ ਕਰਵਾ ਦਿੱਤੇ।
ਓਧਰ ਮਾਨਸਾ ਪੁਲੀਸ ਨੇ ਮੁਲਜ਼ਮ ਅਸ਼ਵਨੀ ਕੁਮਾਰ ਖਿਲਾਫ ਕਤਲ ਸਬੰਧੀ ਕੇਸ ਦਰਜ ਕਰ ਲਿਆ ਹੈ। ਪਰਵਿੰਦਰ ਝੋਟਾ ਲੰਮੇ ਸਮੇਂ ਤੋਂ ਸ਼ਹਿਰ ਵਿੱਚ ਨਸ਼ਾ ਵਿਕਣ ਦਾ ਵਿਰੋਧ ਕਰ ਰਿਹਾ ਸੀ। ਮੰਗਲਵਾਰ ਸਵੇਰੇ ਉਹ ਆਪਣੇ ਸਾਥੀਆਂ ਨਾਲ ਰੇਲਵੇ ਫਾਟਕ ਕੋਲ ਸਥਿਤ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ’ਤੇ ਪਹੁੰਚਿਆ। ਉੱਥੇ ਉਸ ਨੇ ਅਸ਼ਵਨੀ ’ਤੇ ਨਸ਼ੇ ਦੀਆਂ ਗੋਲੀਆਂ ਵੇਚਣ ਦੇ ਦੋਸ਼ ਲਾਏ, ਜਿਸ ਮਗਰੋਂ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਅਸ਼ਵਨੀ ਨੇ ਪਹਿਲਾਂ ਉਸ ’ਤੇ ਪਿਸਤੌਲ ਤਾਣੀ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਪਰਵਿੰਦਰ ਉੱਥੋਂ ਭੱਜਿਆ ਤਾਂ ਮੁਲਜ਼ਮ ਨੇ ਪਿੱਛਾ ਕਰਦਿਆਂ ਮੁੜ ਗੋਲੀਆਂ ਚਲਾਈਆਂ। ਮਗਰੋਂ ਉਹ ਬੂਟਾਂ ਦੀ ਦੁਕਾਨ ’ਚ ਖ਼ੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਇਸ ਮੌਕੇ ਝੋਟੇ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਕਤਲ ਦੇ ਸਬੰਧ ਵਿੱਚ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀਆਂ ਹਨ।
ਪੰਜਾਬ ਬੰਦ 15 ਅਕਤੂਬਰ ਨੂੰ
ਮਾਨਸਾ ਵਿਖੇ ਹੋਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈਕੇ ਬਣੀ ਸੰਘਰਸ਼ ਕਮੇਟੀ ਨੇ 15 ਅਕਤੂਬਰ ਦਿਨ ਵੀਰਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ । ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਤੋਂ ਅਸਤੀਫ਼ਾ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਕਮੇਟੀ ਨੇ ਇਨਸਾਫਪਸੰਦ ਪੰਜਾਬੀਆਂ ਅਤੇ ਵਪਾਰੀ ਭਾਈਚਾਰੇ ਨੂੰ ਇਸ ਬੰਦ ਨੂੰ ਸਫਲ ਬਨਾਉਣ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਹੈ।
- Download Babushahi App
-
-