ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਅੰਕੁਰ ਮਹਿੰਦਰੂ ਸੰਭਾਲਣਗੇ ਕਮਾਨ; ਓਜਸਵੀ ਅਲੰਕਾਰ ਦਾ ਤਬਾਦਲਾ
ਸੁਖਮਿੰਦਰ ਭੰਗੂ
ਲੁਧਿਆਣਾ 14 ਅਕਤੂਬਰ 2026
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦੀ ਜ਼ਿੰਮੇਵਾਰੀ ਵਿੱਚ ਤਬਦੀਲੀ ਕੀਤੀ ਗਈ ਹੈ। ਪੀਸੀਐੱਸ ਅਧਿਕਾਰੀ ਅੰਕੁਰ ਮਹਿੰਦਰੂ ਨੂੰ ਲੁਧਿਆਣਾ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਦਕਿ ਮੌਜੂਦਾ ਕਮਿਸ਼ਨਰ ਆਈਏਐੱਸ ਅਧਿਕਾਰੀ ਓਜਸਵੀ ਅਲੰਕਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਅੰਕੁਰ ਮਹਿੰਦਰੂ ਇਸ ਤੋਂ ਪਹਿਲਾਂ ਸੰਗਰੂਰ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ 2016 ਬੈਚ ਦੇ ਪੰਜਾਬ ਸਿਵਲ ਸਰਵਿਸਿਜ਼ (PCS) ਅਧਿਕਾਰੀ ਹਨ। ਉਨ੍ਹਾਂ ਦੇ ਵੀਰਵਾਰ ਨੂੰ ਨਵਾਂ ਅਹੁਦਾ ਸੰਭਾਲਣ ਦੀ ਉਮੀਦ ਸੀ।।
ਨਵੇਂ ਕਮਿਸ਼ਨਰ ਸਾਹਮਣੇ ਹੋਣਗੀਆਂ ਇਹ ਵੱਡੀਆਂ ਚੁਣੌਤੀਆਂ
ਲੁਧਿਆਣਾ ਪੰਜਾਬ ਦਾ ਪ੍ਰਮੁੱਖ ਉਦਯੋਗਿਕ ਸ਼ਹਿਰ ਹੈ, ਜਿੱਥੇ ਸਫ਼ਾਈ, ਸੀਵਰੇਜ, ਸੜਕਾਂ ਦੀ ਮੁਰੰਮਤ, ਪਾਣੀ ਦੀ ਨਿਕਾਸੀ ਅਤੇ ਨਗਰ ਨਿਗਮ ਦੀਆਂ ਸੇਵਾਵਾਂ ਨੂੰ ਸੁਚਾਰੂ ਬਣਾਉਣਾ ਅਹਿਮ ਮੁੱਦੇ ਹਨ।
ਸ਼ਹਿਰ ਵਿੱਚ ਕੂੜੇ ਦੀ ਚੁਕਾਈ ਅਤੇ ਸਫ਼ਾਈ ਪ੍ਰਬੰਧ ਨੂੰ ਬਿਹਤਰ ਬਣਾਉਣਾ, ਖ਼ਰਾਬ ਸੜਕਾਂ, ਸੀਵਰੇਜ ਦੀਆਂ ਸਮੱਸਿਆਵਾਂ ਅਤੇ ਪਾਣੀ ਦੀ ਨਿਕਾਸੀ ਨਾਲ ਜੁੜੇ ਕੰਮਾਂ ਨੂੰ ਗਤੀ ਦੇਣਾ, ਕਰਮਚਾਰੀਆਂ ਨਾਲ ਸਬੰਧਤ ਮਸਲਿਆਂ ਅਤੇ ਪ੍ਰਸ਼ਾਸਨਿਕ ਤਾਲਮੇਲ ਨੂੰ ਸੁਚਾਰੂ ਬਣਾਉਣਾ, ਲੰਬਿਤ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਵਾਉਣਾ ਅਤੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਆਦਿ ਉਹ ਮੁੱਦੇ ਹਨ ਜੋ ਨਗਰ ਨਿਗਮ ਦੇ ਕੰਮਕਾਜ ਅਤੇ ਹਾਲੀਆ ਜਨਰਲ ਹਾਊਸ ਮੀਟਿੰਗ ਦੌਰਾਨ ਉੱਠੇ ਵਿਵਾਦਾਂ ਦੇ ਮੱਦੇਨਜ਼ਰ ਮਹੱਤਵ ਰੱਖਦੇ ਹਨ। ਨਵੇਂ ਕਮਿਸ਼ਨਰ ਲਈ ਸ਼ਹਿਰ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਵੱਡੀ ਜ਼ਿੰਮੇਵਾਰੀ ਹੋਵੇਗੀ।
ਮੀਟਿੰਗ ਵਿੱਚ ਹੰਗਾਮੇ ਤੋਂ ਬਾਅਦ ਹੋਇਆ ਪ੍ਰਸ਼ਾਸਨਿਕ ਫੇਰਬਦਲ
ਤਬਾਦਲੇ ਤੋਂ ਇੱਕ ਦਿਨ ਪਹਿਲਾਂ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਕੌਂਸਲਰਾਂ ਅਤੇ ਅਧਿਕਾਰੀਆਂ ਵਿਚਕਾਰ ਤਿੱਖੀ ਬਹਿਸ ਹੋਈ ਸੀ। ਮਕੈਨੀਕਲ ਸਵੀਪਿੰਗ ਅਤੇ 1,208 ਸਫ਼ਾਈ ਕਰਮਚਾਰੀਆਂ ਦੇ ਠੇਕੇ ਦੀ ਮਿਆਦ ਵਧਾਉਣ ਵਰਗੇ ਮੁੱਦੇ ਚਰਚਾ ਵਿੱਚ ਰਹੇ। ਜਿਸ ਕਰਕੇ 300 ਤੋਂ ਵੱਧ ਨਗਰ ਨਿਗਮ ਕਰਮਚਾਰੀਆਂ ਵੱਲੋਂ ਵਾਕਆਊਟ ਕਰ ਗਏ ਸਨ।
ਹੁਣ ਸਭ ਦੀ ਨਜ਼ਰ ਇਸ ਗੱਲ 'ਤੇ ਰਹੇਗੀ ਕਿ ਨਵੇਂ ਕਮਿਸ਼ਨਰ ਅੰਕੁਰ ਮਹਿੰਦਰੂ ਦੇ ਅਹੁਦਾ ਸੰਭਾਲਣ ਤੋਂ ਬਾਅਦ ਲੁਧਿਆਣਾ ਦੇ ਨਾਗਰਿਕ ਮੁੱਦਿਆਂ, ਸਫ਼ਾਈ ਪ੍ਰਬੰਧ ਅਤੇ ਵਿਕਾਸ ਕਾਰਜਾਂ ਵਿੱਚ ਕਿੰਨੀ ਤੇਜ਼ੀ ਆਉਂਦੀ ਹੈ।
- Download Babushahi App
-
-