ਮਾਤਾ ਜਵਾਲਾ ਜੀ ਦੀ ਪਾਵਨ ਜੋਤ ਲੈ ਕੇ ਹਲਕੇ ’ਚ ਨਿਕਲੇ ਗੁਰਦਰਸ਼ਨ ਸਿੰਘ ਸੈਣੀ
‘ਸਾਂਝ ਦੀ ਜੋਤ ਯਾਤਰਾ’ 'ਚ ਦਰਸ਼ਨਾਂ ਲਈ ਉਮੜੀਆਂ ਸੰਗਤਾਂ, ਥਾਂ ਥਾਂ ਸ਼ਰਧਾਲੂਆਂ ਵੱਲੋਂ ਸ਼ਰਧਾ ਨਾਲ ਸਵਾਗਤ
ਡੇਰਾਬੱਸੀ/ 12 ਅਕਤੂਬਰ (2026): ਨਵਰਾਤਰਿਆਂ ਦੇ ਪਾਵਨ ਮੌਕੇ ’ਤੇ ਆਸਥਾ, ਏਕਤਾ ਅਤੇ ਸੇਵਾ ਭਾਵਨਾ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੇ ਉਦੇਸ਼ ਨਾਲ ਭਾਜਪਾ ਓਬੀਸੀ ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੇਵਾਦਾਰ ਸ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਅੱਜ ਡੇਰਾਬੱਸੀ ਤੋਂ ‘ਸਾਂਝ ਦੀ ਜੋਤ ਯਾਤਰਾ’ ਦੀ ਸ਼ੁਰੂਆਤ ਕੀਤੀ ਗਈ ਹੈ। ਮਾਤਾ ਜਵਾਲਾ ਜੀ ਦੇ ਪਵਿੱਤਰ ਦਰਬਾਰ ਤੋਂ ਲਿਆਂਦੀ ਗਈ ਪਾਵਨ ਅਖੰਡ ਜੋਤ ਦੇ ਦਰਸ਼ਨ ਕਰਵਾਉਣ ਲਈ ਹਲਕੇ ਵਿੱਚ ਹਫਤਾ ਭਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਪਹਿਲਕਦਮੀ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਥਾਂ ਥਾਂ ਸ਼ਰਧਾਲੂਆਂ ਵੱਲੋਂ ਯਾਤਰਾ ਦਾ ਸ਼ਰਧਾ ਨਾਲ ਸੁਆਗਤ ਕੀਤਾ ਗਿਆ।

ਕੱਲ੍ਹ 11 ਅਕਤੂਬਰ ਨੂੰ ਜਿਵੇੰ ਹੀ ਮਾਤਾ ਜਵਾਲਾ ਜੀ ਦੀ ਪਾਵਨ ਜੋਤ ਸ ਗੁਰਦਰਸ਼ਨ ਸਿੰਘ ਸੈਣੀ ਦੀ ਡੇਰਾਬੱਸੀ ਸਥਿਤ ਰਿਹਾਇਸ਼ ’ਤੇ ਪਹੁੰਚੀ ਸੈਣੀ ਪਰਿਵਾਰ ਵੱਲੋਂ ਹਲਕਾ ਵਾਸੀਆਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਪੂਜਾ ਅਰਚਨਾ ਕੀਤੀ ਗਈ। ਪਾਵਨ ਜੋਤ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੀਆਂ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅੱਜ ਯਾਤਰਾ ਦੀ ਸ਼ੁਰੂਆਤ 'ਤੇ ਸ. ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਮਾਤਾ ਜਵਾਲਾ ਜੀ ਦੀ ਪਾਵਨ ਜੋਤ ਸਾਡੇ ਲਈ ਸ਼ਰਧਾ ਤੇ ਵਿਸ਼ਵਾਸ ਦਾ ਪ੍ਰਤੀਕ ਹੈ। ‘ਸਾਂਝ ਦੀ ਜੋਤ ਯਾਤਰਾ’ ਸ਼ੁਰੂ ਕਰਨ ਦਾ ਮੁੱਖ ਉਦੇਸ਼ ਹਲਕੇ ਦੇ ਹਰ ਪਰਿਵਾਰ ਤੱਕ ਮਾਤਾ ਰਾਣੀ ਦਾ ਆਸ਼ੀਰਵਾਦ ਪਹੁੰਚਾਉਣਾ ਅਤੇ ਲੋਕਾਂ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਧਰਮ ਸਾਨੂੰ ਜੋੜਨ, ਇੱਕ ਦੂਜੇ ਦਾ ਸਤਿਕਾਰ ਕਰਨ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਉਪਰਾਲੇ ਸਮਾਜ ਵਿੱਚ ਆਪਸੀ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਪਾਵਨ ਜੋਤ ਦੇ ਦਰਸ਼ਨ ਕਰਨ ਅਤੇ ਇਸ ਧਾਰਮਿਕ ਉਪਰਾਲੇ ਵਿੱਚ ਸਹਿਯੋਗ ਦੇਣ। ਯਾਤਰਾ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਤੋਂ ਯਾਤਰਾ ਸ਼ੁਰੂ ਹੋ ਕਿ ਰਾਮ ਮੰਦਰ, ਮੰਡੀ, ਲੇਬਰ ਚੌਕ, ਹਰੀਪੁਰ ਕੂੜਾਂ,ਦੇਵੀ ਨਗਰ, ਜਵਾਹਰਪੁਰ, ਜਨੇਤਪੁਰ, ਬਾਕਰਪੁਰ, ਘੋਲੂ ਮਾਜਰਾ, ਦੱਪਰ, ਤੋਗਾਂਪੁਰ, ਚੌਂਦਹੇੜੀ, ਲਹਿਲੀ, ਹਸਨਪੁਰ, ਜਲਾਲਪੁਰ, ਹੰਸਾਲਾ, ਹੁੰਬੜਾ, ਰਾਜੋ ਮਾਜਰਾ, ਬੈਰ ਮਾਜਰਾ, ਪ੍ਰੇਮ ਨਗਰ, ਸਰਦਾਰਪੁਰਾ ਤੋਂ ਹੁੰਦੀ ਹੋਈ ਕਾਲੀ ਮਾਤਾ ਮੰਦਰ ਲਾਲੜੂ ਮੰਡੀ ਪਹੁੰਚੇਗੀ, ਜਿੱਥੇ ਰਾਤਰੀ ਠਹਿਰਾਅ ਹੋਵੇਗਾ। 18 ਅਕਤੂਬਰ ਤੱਕ ਹਲਕੇ ਦੇ ਸਾਰੇ ਪਿੰਡਾਂ ਸਮੇਤ ਲਾਲੜੂ, ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਪਾਵਨ ਜੋਤ ਦੇ ਦਰਸ਼ਨਾਂ ਲਈ ਪ੍ਰਬੰਧ ਕੀਤੇ ਗਏ ਹਨ।

ਸ਼੍ਰੀ ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਲਕੇ ਦੇ ਵੱਧ ਤੋਂ ਵੱਧ ਪਰਿਵਾਰ ਇਸ ਪਵਿੱਤਰ ਧਾਰਮਿਕ ਯਾਤਰਾ ਨਾਲ ਜੁੜਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ‘ਸਾਂਝ ਦੀ ਜੋਤ ਯਾਤਰਾ’ ਸਿਰਫ ਧਾਰਮਿਕ ਯਾਤਰਾ ਹੀ ਨਹੀਂ ਸਗੋਂ ਆਪਸੀ ਪਿਆਰ, ਏਕਤਾ ਤੇ ਲੋਕ ਸੇਵਾ ਦੇ ਸੰਕਲਪ ਨੂੰ ਮਜ਼ਬੂਤ ਕਰਨ ਦਾ ਉਪਰਾਲਾ ਵੀ ਹੈ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਸੈਣੀ, ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਸਨਤ ਭਾਰਦਵਾਜ ਸਮੇਤ ਭਾਰੀ ਗਿਣਤੀ ਵਿੱਚ ਪਤਵੰਤੇ ਮੌਜ਼ੂਦ ਸਨ।
- Download Babushahi App
-
-