ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਕਰਮਚਾਰੀ ਐਸੋਸੀਏਸ਼ਨ ਦੀ ਭਰਵੀਂ ਰੈਲੀ, ਕੱਚੇ ਸੀਜ਼ਨਲ ਦਿਹਾੜੀਦਾਰ ਕਰਮਚਾਰੀਆਂ ਲਈ ਭਲਾਈ ਨੀਤੀ-2026 ਦਾ ਸਵਾਗਤ
ਮੋਹਾਲੀ, 9 ਅਕਤੂਬਰ 2026
ਰਵੀ ਜੱਖੂ
ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਭਰਵੀਂ ਰੈਲੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਸ੍ਰੀ ਪਰਮਜੀਤ ਸਿੰਘ ਬੈਨੀਪਾਲ ਨੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ’ਤੇ ਮਾਨਯੋਗ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਬੋਰਡ ਵੱਲੋਂ ਲੰਮੇ ਸਮੇਂ ਤੋਂ ਕੱਚੇ ਸੀਜ਼ਨਲ ਦਿਹਾੜੀਦਾਰ ਵਜੋਂ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ‘ਭਲਾਈ ਨੀਤੀ-2026’ ਲਾਗੂ ਕਰਨਾ ਇੱਕ ਅਹਿਮ ਕਦਮ ਹੈ।
ਉਨ੍ਹਾਂ ਦੱਸਿਆ ਕਿ ਇਸ ਨੀਤੀ ਤਹਿਤ ਲਗਭਗ 225 ਕੱਚੇ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਇਹ ਕਰਮਚਾਰੀ 58 ਸਾਲ ਦੀ ਉਮਰ ਤੱਕ ਸੇਵਾਵਾਂ ਨਿਭਾ ਸਕਣਗੇ ਅਤੇ ਉਨ੍ਹਾਂ ਨੂੰ ਪੂਰੇ ਮਹੀਨੇ ਦੀ ਤਨਖਾਹ, ਸਾਲਾਨਾ 10 ਛੁੱਟੀਆਂ ਅਤੇ ਮੈਡੀਕਲ ਸਹੂਲਤਾਂ ਵਰਗੇ ਲਾਭ ਪ੍ਰਾਪਤ ਹੋਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਇਨ੍ਹਾਂ ਕਰਮਚਾਰੀਆਂ ਨੂੰ ਸੀ ਅਤੇ ਡੀ ਕੈਟਾਗਰੀ ਅਨੁਸਾਰ ਬੇਸਿਕ ਪੇਅ ਦੇਣ ਸਬੰਧੀ ਵੀ ਸਕਾਰਾਤਮਕ ਫ਼ੈਸਲਾ ਲਿਆ ਜਾਵੇਗਾ।
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਪਰਮਜੀਤ ਸਿੰਘ ਬੈਨੀਪਾਲ, ਸੀਨੀਅਰ ਮੀਤ ਪ੍ਰਧਾਨ ਸ੍ਰੀ ਗੁਰਚਰਨ ਸਿੰਘ ਤਰਮਾਲਾ, ਸ੍ਰੀ ਮਨੋਜ ਕੁਮਾਰ ਰਾਣਾ, ਸ੍ਰੀ ਗੁਰਜੀਤ ਸਿੰਘ ਬੀਦੋਵਾਲੀ, ਸ੍ਰੀ ਲਖਵਿੰਦਰ ਸਿੰਘ ਘੜੂਆਂ, ਸ੍ਰੀ ਮਲਕੀਤ ਸਿੰਘ ਗੱਗੜ, ਸ੍ਰੀ ਮਨਜਿੰਦਰ ਸਿੰਘ ਹੁਲਕਾ, ਸ੍ਰੀ ਮਨਜੀਤ ਸਿੰਘ ਲਹਿਰਾਗਾਗਾ ਅਤੇ ਸ੍ਰੀ ਸਵਰਨ ਸਿੰਘ ਤਿਊੜ ਨੇ ਇਸ ਨੀਤੀ ਨੂੰ ਅਮਲੀ ਰੂਪ ਦੇਣ ਅਤੇ ਦਿਹਾੜੀਦਾਰ ਕਰਮਚਾਰੀਆਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਮਸਲੇ ਦੇ ਹੱਲ ਲਈ ਮਾਨਯੋਗ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਅਤੇ ਬੋਰਡ ਦੇ ਮਾਨਯੋਗ ਚੇਅਰਮੈਨ ਡਾ. ਅਮਰਪਾਲ ਸਿੰਘ (ਰਿਟਾਇਰਡ ਆਈ. ਏ.ਐੱਸ) ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਕਰਮਚਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਵਿੱਚ ਵੀ ਖੁਸ਼ੀ ਅਤੇ ਉਮੀਦ ਦੀ ਨਵੀਂ ਲਹਿਰ ਪੈਦਾ ਹੋਈ ਹੈ।
ਰੈਲੀ ਦੌਰਾਨ ਬੋਰਡ ਮੁਲਾਜ਼ਮਾਂ ਦੇ ਹੋਰ ਭਖਦੇ ਮਸਲਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਜਥੇਬੰਦੀ ਨੇ ਮਾਨਯੋਗ ਚੇਅਰਮੈਨ ਨੂੰ ਅਪੀਲ ਕੀਤੀ ਕਿ ਬੋਰਡ ਦੇ ਕਰਮਚਾਰੀਆਂ ਅਤੇ ਆਦਰਸ਼ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਮਕ ਵਿੱਚ ਪਈਆਂ ਤਰੱਕੀਆਂ ਦੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰਕੇ ਤਰੱਕੀ ਦੇ ਹੁਕਮ ਜਾਰੀ ਕੀਤੇ ਜਾਣ, ਤਾਂ ਜੋ ਕਰਮਚਾਰੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲ ਸਕਣ।
ਇਸ ਤੋਂ ਇਲਾਵਾ, ਸਾਲ 2004 ਵਿੱਚ ਰੈਗੂਲਰ ਹੋਏ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਦੇਣ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਬੋਰਡ ਵਿੱਚ ਲਾਗੂ ਕਰਨ ਦੇ ਮਾਮਲੇ ’ਤੇ ਵੀ ਚਰਚਾ ਕੀਤੀ ਗਈ। ਜਥੇਬੰਦੀ ਨੇ ਦੱਸਿਆ ਕਿ ਮਾਨਯੋਗ ਚੇਅਰਮੈਨ ਜੀ ਵੱਲੋਂ ਦਿੱਤੇ ਗਏ ਭਰੋਸੇ ਦੇ ਮੱਦੇਨਜ਼ਰ ਇਸ ਕੇਸ ਸਬੰਧੀ ਲੋੜੀਂਦੇ ਸਪੀਕਿੰਗ ਆਰਡਰ ਜਲਦ ਜਾਰੀ ਹੋਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਕੰਟਰੈਕਟ ਆਧਾਰ ’ਤੇ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ (DA) ਦਾ ਲਾਭ ਦੇਣ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ।
ਅੰਤ ਵਿੱਚ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਕਰਮਚਾਰੀਆਂ ਦੀ ਭਲਾਈ, ਉਨ੍ਹਾਂ ਦੇ ਹੱਕਾਂ ਦੀ ਰਾਖੀ ਅਤੇ ਲੰਮੇ ਸਮੇਂ ਤੋਂ ਲਟਕ ਰਹੇ ਮਸਲਿਆਂ ਦਾ ਹੱਲ ਕਰਵਾਉਣਾ ਹੈ। ਜਥੇਬੰਦੀ ਭਵਿੱਖ ਵਿੱਚ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰੀ ਦ੍ਰਿੜਤਾ ਅਤੇ ਇਕਜੁੱਟਤਾ ਨਾਲ ਉਚਿਤ ਮੰਚਾਂ ’ਤੇ ਉਠਾਉਂਦੀ ਰਹੇਗੀ।
- Download Babushahi App
-
-