Political Special -ਵਿਧਾਨ ਸਭਾ ਚੋਣਾਂ : ਰੱਬਾ ਰੱਬਾ ਮੀਂਹ ਬਰਸਾ ਅਕਾਲੀ ਦਲ ਦੀ ਝੋਲੀ ਵਿੱਚ ਵੋਟਾਂ ਪਾ
ਅਸ਼ੋਕ ਵਰਮਾ
ਬਠਿੰਡਾ , 9 ਸਤੰਬਰ 2026 : ਸ਼੍ਰੋਮਣੀ ਅਕਾਲੀ ਦਲ ਨੇ ਗੁਰਬਾਣੀ ਦੀ ਤੁਕ ‘ਸਮਰਥ ਗੁਰੂ ਸਿਰਿ ਹਥੁ ਧਰਿਓ’ ਦਾ ਸਹਾਰਾ ਲੈਂਦਿਆਂ ਦੋ ਦੋ ਵੱਖ-ਵੱਖ ਹਮਲਿਆਂ ਵਿੱਚ ਵਾਲ-ਵਾਲ ਬਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਕਸ ਸੁਧਾਰਨ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਹੈ ਜਿਸ ਨੂੰ ਲੋਕਾਂ ਵੱਲੋਂ ਅਗਾਮੀ ਚੋਣਾਂ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਸਿਆਸੀ ਮਾਹਿਰ ਇਸ ਨੂੰ ਚੋਣਾਂ ਦੇ ਮੱਦੇਨਜ਼ਰ ਅਕਸ ਸੁਧਾਰਨ ਅਤੇ ਵੋਟਰਾਂ ਨਾਲ ਦੁਬਾਰਾ ਜੁੜਨ ਦੀ ਕਵਾਇਦ ਮੰਨਦੇ ਹਨ। ਇਸ ਮੁਹਿੰਮ ਤਹਿਤ ਵੱਖ ਵੱਖ ਥਾਈਂ ਸੁਖਬੀਰ ਦੇ ਦੋਵੇਂ ਹੱਥ ਜੋੜਨ ਵਾਲੇ ਪੋਸਟਰ ਲਾਏ ਗਏ ਹਨ । ਅਕਾਲੀ ਵਰਕਰਾਂ ਨੇ ਵੀ ਆਪਣੀਆਂ ਗੱਡੀਆਂ ’ਤੇ ਅਜਿਹੇ ਸਟਿੱਕਰ ਲਾਉਣੇ ਸ਼ੁਰੂ ਕੀਤੇ ਹੋਏੇ ਹਨ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਮੰਨਿਆ ਕਿ ਇਸ ਮੁਹਿੰਮ ਦਾ ਮਕਸਦ ਸੁਖਬੀਰ ਦਾ ਅਕਸ ਅਜਿਹੇ ਨੇਤਾ ਵਜੋਂ ਪੇਸ਼ ਕਰਨਾ ਹੈ, ਜਿਸ ’ਤੇ ਹਮਲਿਆਂ ਦੇ ਬਾਵਜੂਦ ਵਾਹਿਗੁਰੂ ਦੀ ਮਿਹਰ ਬਣੀ ਹੋਈ ਹੈ।
ਇਹ ਸਭ ਉਸ ਵਕਤ ਹੋ ਰਿਹਾ ਹੈ ਜਦੋਂ ਅਕਾਲੀ ਦਲ ਸਾਹਮਣੇ ਵੰਡੇ ਪੰਥਕ ਵੋਟ ਬੈਂਕ ਨੂੰ ਇੱਕਜੁਟ ਕਰਨ ਅਤੇ ਆਪਣੇ ਹੱਕ ’ਚ ਲਿਆਉਣ ਦੀ ਵੱਡੀ ਚੁਣੌਤੀ ਹੈ । ਸਾਲ 2022 ਚੋਣਾਂ ਮੌਕੇ ਅਕਾਲੀ ਦਲ ਬਾਦਲ ਮਸਾਂ 3 ਹਲਕਿਆਂ ਵਿੱਚ ਹੀ ਜਿੱਤ ਸਕਿਆ ਸੀ ਅਤੇ ਇਸ ਤੋਂ ਬਾਅਦ ਵੀ ਕੋਈ ਮਾਅਰਕਾ ਨਹੀਂ ਮਾਰਿਆ ਹੈ। ਸਿਰਫ ਤਰਨਤਾਰਨ ਜਿਮਨੀ ਚੋਣ ਜਾਂ ਕੁੱਝ ਥਾਵਾਂ ’ਤੇ ਪੰਚਾਇਤੀ ਚੋਣਾਂ ਨੇ ਅਕਾਲੀ ਦਲ ਨੂੰ ਅੰਸ਼ਿਕ ਰਾਹਤ ਦਿੱਤੀ ਸੀ। ਤੱਥਾਂ ਅਨੁਸਾਰ ਇਹ ਗਿਰਾਵਟ 2017 ਤੋਂ ਲਗਾਤਾਰ ਜਾਰੀ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਦੀ ਖੇਤਰੀ ਰਾਜਨੀਤੀ ’ਚ ਪਕੜ ਕਮਜੋਰ ਹੋਈ ਹੈ। ਅੰਕੜਿਆਂ ਅਨੁਸਾਰ 2014 ’ਚ ਅਕਾਲੀ ਦਲ ਨੂੰ 26.30 ਫੀਸਦੀ ਵੋਟਾਂ ਪਈਆਂ ਜੋਕਿ 2019 ’ਚ ਵਧਕੇ 27.75 ਹੋ ਗਈਆਂ ਪਰ 2024 ’ਚ ਇਹ ਅੰਕੜਾ ਘਟਕੇ 13.42 ਪ੍ਰਤੀਸ਼ਤ ’ਤੇ ਜਾ ਪੁੱਜਿਆ ਅਤੇ ਪਾਰਟੀ ਸਿਰਫ ਇੱਕ ਸੀਟ ਹੀ ਜਿੱਤ ਸਕੀ ਸੀ।
ਇਸ ਮੌਕੇ ਤਕਰੀਬਨ 3.82 ਫੀਸਦੀ ਵੋਟਾਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ’ਚ ਭੁਗਤੀਆਂ ਸਨ। ਵੱਡੀ ਗੱਲ ਇਹ ਹੈ ਕਿ 2024 ’ਚ ਸੰਸਦੀ ਹਲਕੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਪੰਥਕ ਸ਼ਕਤੀ ’ਚ ਬਿਖਰਾਅ ਸਾਹਮਣੇ ਲਿਆਈ। ਨਤੀਜਿਆਂ ਤੋਂ ਸਪਸ਼ਟ ਹੈ ਕਿ ਅਕਾਲੀ ਦਲ (ਬਾਦਲ) ਤੋਂ ਦੂਰ ਹੋਇਆ ਪੰਥਕ ਵੋਟ ਬੈਂਕ ਆਮ ਆਦਮੀ ਪਾਰਟੀ , ਕਾਂਗਰਸ ਜਾਂ ਭਾਜਪਾ ਕੋਲ ਬੇਸ਼ੱਕ ਪੂਰੀ ਤਰਾਂ ਤਾਂ ਨਹੀਂ ਪਰ ਇੱਕ ਵੱਡਾ ਹਿੱਸਾ ਨਵੀਂ ਪੰਥਪ੍ਰਸਤ ਰਾਜਨੀਤੀ ਵੱਲ ਮੁੜ ਗਿਆ ਹੈ। ਖਾਸ ਤੌਰ ’ਤੇ ਨਵੇਂ ਬਣੇ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਨੇ ਪੁਰਾਣੇ ਪੰਥਕ ਹਲਕਿਆਂ ’ਚ ਸੰਨ੍ਹ ਲਾਈ ਹੈ ਅਤੇ ਇਹ ਦੋਵੇਂ ਪਾਰਟੀਆਂ ਆਪਣੀ ਸਿਆਸੀ ਪਛਾਣ ਬਨਾਉਣ ਲਈ ਸਿਰ ਤੋੜ ਯਤਨ ਕਰ ਰਹੀਆਂ ਹਨ ਜਦੋਂਕਿ ਬਾਦਲ ਧੜਾ ਆਪਣੇ ਪੁਰਾਣੇ ਜੱਥੇਬੰਦਕ ਢਾਂਚੇ ਨੂੰ ਬਚਾਉਣ ’ਚ ਲੱਗਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਸੰਕਟ
ਸਾਲ 1966 ’ਚ ਨਵੇਂ ਪੰਜਾਬ ਦੇ ਹੋਂਦ ’ਚ ਆਉਣ ਤੋਂ ਬਾਅਦ ਅਕਾਲੀ ਦਲ ਇੱਕ ਮਜਬੂਤ ਖੇਤਰੀ ਪਾਰਟੀ ਵਜੋਂ ਉੱਭਰਿਆ ਸੀ। ਪਾਰਟੀ ਨੇ 1977, 1985 , 1997 , 2007 ਤੇ 2012 ’ਚ ਸਰਕਾਰਾਂ ਬਣਾਈਆਂ ਸਨ ਪਰ 2017 ਤੋਂ ਬਾਅਦ ਪ੍ਰਦਰਸ਼ਨ ਡਿੱਗਣਾ ਸ਼ੁਰੂ ਹੋ ਗਿਆ ਸੀ। ਸਾਲ 2022 ’ਚ ਅਕਾਲੀ ਦਲ ਸਿਰਫ 3 ਸੀਟਾਂ ’ਤੇ ਸਿਮਟ ਗਿਆ ਜਦੋਂਕਿ 2024 ’ਚ ਵੋਟ ਫੀਸਦੀ ’ਚ ਵੱਡੀ ਕਮੀਂ ਨੇ ਸੰਕਟ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਹੈ। ਇਸ ਮੌਕੇ ਪਾਰਟੀ ਸਿਰਫ ਬਠਿੰਡਾ ਤੋਂ ਜਿੱਤ ਸਕੀ ਸੀ ਅਤੇ ਬਾਕੀ 12 ਉਮੀਦਵਾਰ ਹਾਰ ਗਏ ਸਨ ਜਿੰਨ੍ਹਾਂ ਚੋਂ ਕਈਆਂ ਦੀਆਂ ਜਮਾਨਤਾਂ ਤੱਕ ਜਬਤ ਹੋ ਗਈਆਂ ਸਨ।
ਦੋ ਵਾਰ ਹੋਇਆ ਹਮਲਾ
ਦੱਸਣਯੋਗ ਹੈ ਕਿ ਲੰਘੀ 13 ਅਗਸਤ ਨੂੰ ਮਹਾਂਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਸੁਖਬੀਰ ਬਾਦਲ ’ਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਤੋਂ ਪਹਿਲਾਂ ਦਸੰਬਰ 2024 ਵਿੱਚ ਵੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਾਲ 2015 ਵਿੱਚ ਗਠਜੋੜ ਸਰਕਾਰ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਪਿਛੋਂ ਸੁਖਬੀਰ ਅਤੇ ਉਨ੍ਹਾਂ ਦਾ ਪਰਿਵਾਰ ਕਈ ਸਿੱਖ ਜਥੇਬੰਦੀਆਂ ਅਤੇ ਵਿਰੋਧੀ ਸਿਆਸੀ ਧਿਰਾਂ ਦੇ ਨਿਸ਼ਾਨੇ ’ਤੇ ਹੈ। ਅਗਸਤ 2024 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਬਰਗਾੜੀ ਬੇਅਦਬੀ ਅਤੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਵਿਵਾਦਪੂਰਨ ਮੁਆਫ਼ੀ ਦੇ ਮਾਮਲੇ ਵਿੱਚ ‘ਤਨਖ਼ਾਹੀਆ’ ਕਰਾਰ ਦਿੱਤਾ ਸੀ।
ਪਹਿਲ ਚੰਗੀ ਸਿਆਸੀ ਲਾਹਾ ਭੁੱਲ
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ 2027 ਚੋਣਾਂ ਵਿੱਚ ਉੱਤਰਨ ਤੋਂ ਪਹਿਲਾਂ ਆਪਣੀ ਖਿੰਡੀ ਪੁੰੰਡੀ ਰਿਵਾਇਤੀ ਪੰਥਕ ਸ਼ਕਤੀ ਮਜਬੂਤ ਕਰਨੀ ਹੋਵੇਗੀ ਨਹੀਂ ਤਾਂ ਨਮੋਸ਼ੀ ਪੱਲੇ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਤਾਜਾ ਮੁਹਿੰਮ ਚੰਗੀ ਪਹਿਲਕਦਮੀ ਹੈ ਪਰ ਇਸ ਨੂੰ ਸਿਰਫ ਸਿਆਸੀ ਲਾਹੇ ਲਈ ਲਾਗੂ ਕਰਨਾ ਭੁੱਲ ਹੋਵੇਗੀ ।
ਗੁਰੂ ਦਾ ਸ਼ੁਕਰਾਨਾ : ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਗੂਰੂ ਨੇ ਸਿਰ ’ਤੇ ਹੱਥ ਰੱਖਮੇ ਸੁਖਬੀਰ ਸਿੰਘ ਬਾਦਲ ਦੀ ਰੱਖਿਆ ਕੀਤੀ ਹੈ ਜਿਸ ਕਰਕੇ ਪਾਰਟੀ ਵਰਕਰਾਂ ਨੇ ਗੁਰੂ ਦਾ ਸ਼ਕਰਾਨਾ ਕਰਨ ਲਈ ਪੋਸਟਰ ਲਾਏ ਹੋ ਸਕਦੇ ਹਨ। ਮੁਹਿੰਮ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਸਬੰਧੀ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪੋਸਟਰ ਲਾਉਣ ਵਾਲੇ ਵਰਕਰ ਵੀ ਤਾਂ ਪਾਰਟੀ ਦੇ ਹੀ ਹਨ।
- Download Babushahi App
-
-