'ਪਾਇਲਟ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ'- ਪੰਜਾਬ ਦੇ ਨਵੇਂ ਇੰਚਾਰਜ ਦੀ ਨਿਯੁਕਤੀ 'ਤੇ ਬੋਲੇ ਚੰਨੀ
ਸਚਿਨ ਪਾਇਲਟ ਦੇ ਪੰਜਾਬ ਕਾਂਗਰਸ ਇੰਚਾਰਜ ਬਣਨ ਨਾਲ ਵਰਕਰਾਂ 'ਚ ਭਰਿਆ ਨਵਾਂ ਜੋਸ਼: ਚਰਨਜੀਤ ਸਿੰਘ ਚੰਨੀ
ਦਿੱਲੀ 'ਚ ਪੰਜਾਬ ਕਾਂਗਰਸ ਦੇ ਦਿੱਗਜਾਂ ਦੀਆਂ ਬੈਠਕਾਂ ਦਾ ਦੌਰ ਜਾਰੀ, ਚੰਨੀ, ਰੰਧਾਵਾ ਤੇ ਪਾੜਾ ਨੇ ਕੀਤੀ ਸਚਿਨ ਪਾਇਲਟ ਨਾਲ ਮੁਲਾਕਾਤ
Babushahi Network
ਨਵੀਂ ਦਿੱਲੀ / ਚੰਡੀਗੜ੍ਹ, 9 ਸਤੰਬਰ 2026- ਪੰਜਾਬ ਕਾਂਗਰਸ ਅੰਦਰ ਸਰਗਰਮੀਆਂ ਕਾਫੀ ਵਧ ਗਈਆਂ ਹਨ। ਭੂਪੇਸ਼ ਬਘੇਲ ਦੀ ਜਗ੍ਹਾ ਹੁਣ ਰਾਜਸਥਾਨ ਦੇ ਦਿੱਗਜ ਨੇਤਾ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਵਾਂ ਜੁੰਮਾ ਸੰਭਾਲਦਿਆਂ ਹੀ ਦਿੱਲੀ ਵਿੱਚ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀਆਂ ਸਚਿਨ ਪਾਇਲਟ ਨਾਲ ਮੁਲਾਕਾਤਾਂ ਦਾ ਦੌਰ ਲਗਾਤਾਰ ਜਾਰੀ ਹੈ। ਪੰਜਾਬ ਕਾਂਗਰਸ ਦੇ ਤਮਾਮ ਵੱਡੇ ਚਿਹਰੇ ਅਤੇ ਦਿੱਗਜ ਆਗੂ ਨਵੇਂ ਇੰਚਾਰਜ ਨਾਲ ਮੁਲਾਕਾਤਾਂ ਕਰਨ ਲਈ ਦਿੱਲੀ ਪਹੁੰਚ ਰਹੇ ਹਨ।
ਇਸੇ ਲੜੀ ਤਹਿਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦਿੱਲੀ ਵਿਖੇ ਸਚਿਨ ਪਾਇਲਟ ਨਾਲ ਅਹਿਮ ਮੁਲਾਕਾਤ ਕੀਤੀ।
ਸਚਿਨ ਪਾਇਲਟ ਦੇ ਆਉਣ ਨਾਲ ਵਰਕਰਾਂ ਵਿੱਚ ਜੋਸ਼: ਚਰਨਜੀਤ ਚੰਨੀ
ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਚਿਨ ਪਾਇਲਟ ਦੀ ਨਿਯੁਕਤੀ ਦਾ ਜ਼ੋਰਦਾਰ ਸਵਾਗਤ ਕੀਤਾ। ਚੰਨੀ ਨੇ ਕਿਹਾ, "ਕਾਂਗਰਸ ਹਾਈਕਮਾਂਡ ਦੁਆਰਾ ਲਏ ਗਏ ਇਸ ਫੈਸਲੇ ਨਾਲ ਪੰਜਾਬ ਵਿੱਚ ਇੱਕ ਬਹੁਤ ਹੀ ਚੰਗਾ ਮਾਹੌਲ ਬਣ ਰਿਹਾ ਹੈ। ਸਚਿਨ ਪਾਇਲਟ ਸਾਡੇ ਗੁਆਂਢੀ ਰਾਜ ਤੋਂ ਹਨ ਅਤੇ ਇੱਕ ਬਹੁਤ ਹੀ ਮਕਬੂਲ ਤੇ ਸੂਝਵਾਨ ਲੀਡਰ ਹਨ। ਉਨ੍ਹਾਂ ਦੇ ਇੰਚਾਰਜ ਬਣਨ ਨਾਲ ਪੰਜਾਬ ਦੇ ਕਾਂਗਰਸੀ ਵਰਕਰਾਂ ਵਿੱਚ ਇੱਕ ਨਵੀਂ ਊਰਜਾ ਅਤੇ ਜੋਸ਼ ਭਰ ਗਿਆ ਹੈ।"
ਚੰਨੀ ਨੇ ਅੱਗੇ ਕਿਹਾ ਕਿ ਉਹ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ (ਟਵਿੱਟਰ ਤੇ ਫੇਸਬੁੱਕ) 'ਤੇ ਵੀ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਚੰਨੀ ਮੁਤਾਬਕ, ਸਚਿਨ ਪਾਇਲਟ ਕੋਲ ਸਾਰੇ ਨੇਤਾਵਾਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦੀ ਅਦਭੁਤ ਸਮਰੱਥਾ ਹੈ। ਜਦੋਂ ਚੰਨੀ ਤੋਂ ਪੁੱਛਿਆ ਗਿਆ ਕਿ ਕੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦੇ ਸਾਰੇ ਨੇਤਾ ਇੱਕ ਮੰਚ 'ਤੇ ਦਿਖਾਈ ਦੇਣਗੇ, ਤਾਂ ਉਨ੍ਹਾਂ ਨੇ ਕਿਹਾ, "ਰਾਹੁਲ ਗਾਂਧੀ ਜੀ ਅਤੇ ਪਾਰਟੀ ਹਾਈਕਮਾਂਡ ਦੇ ਜੋ ਵੀ ਆਦੇਸ਼ ਹੋਣਗੇ, ਅਸੀਂ ਉਨ੍ਹਾਂ 'ਤੇ ਪੂਰੀ ਤਰ੍ਹਾਂ ਅਮਲ ਕਰਾਂਗੇ। ਸਚਿਨ ਪਾਇਲਟ ਦੇ ਮਾਰਗਦਰਸ਼ਨ ਵਿੱਚ ਅਸੀਂ ਸਾਰੇ ਇਕਜੁੱਟ ਹੋ ਕੇ ਕੰਮ ਕਰਾਂਗੇ। ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਮਜ਼ਬੂਤ ਅਤੇ ਚੰਗੀ ਸਰਕਾਰ ਦੇਣ ਵਿੱਚ ਸਫਲ ਹੋਵਾਂਗੇ।"
ਪਾਰਟੀ ਅੰਦਰੂਨੀ ਸੂਤਰਾਂ ਦਾ ਮੰਨਣਾ ਹੈ ਕਿ ਸਚਿਨ ਪਾਇਲਟ ਦੇ ਆਉਣ ਨਾਲ ਪੰਜਾਬ ਕਾਂਗਰਸ ਵਿਚਲੀ ਗੁੱਟਬੰਦੀ ਨੂੰ ਠੱਲ੍ਹ ਪਵੇਗੀ ਅਤੇ ਪਾਰਟੀ ਆਉਣ ਵਾਲੀਆਂ ਚੋਣਾਂ ਲਈ ਨਵੇਂ ਉਤਸ਼ਾਹ ਨਾਲ ਮੈਦਾਨ ਵਿੱਚ ਉਤਰੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪ੍ਰਤਾਪ ਸਿੰਘ ਬਾਜਵਾ ਅਤੇ ਕੁਲਬੀਰ ਸਿੰਘ ਜ਼ੀਰਾ ਸਮੇਤ ਕਈ ਹੋਰ ਆਗੂ ਵੀ ਸਚਿਨ ਪਾਇਲਟ ਨਾਲ ਮੁਲਾਕਾਤ ਕਰ ਚੁੱਕੇ ਹਨ। ਰੋਜ਼ਾਨਾ ਦਿੱਲੀ ਤੋਂ ਅਜਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਪੰਜਾਬ ਕਾਂਗਰਸ ਵਿੱਚ ਇੱਕ ਨਵੀਂ ਊਰਜਾ ਦਾ ਸੰਕੇਤ ਦੇ ਰਹੀਆਂ ਹਨ।
- Download Babushahi App
-
-