ਡਾ. ਪਰਮਜੀਤ ਕੌਰ ਸਿੱਧੂ ਨੇ ਯੂ.ਕੇ. ਵਿੱਚ ਹੋਈ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਪੰਜਾਬ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ
ਚੰਡੀਗੜ੍ਹ, 17 ਅਗਸਤ 2026: ਡਾ. ਪਰਮਜੀਤ ਕੌਰ ਸਿੱਧੂ, ਮੁਖੀ ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 8–9 ਅਗਸਤ 2026 ਨੂੰ ਯੂਨੀਵਰਸਿਟੀ ਕਾਲਜ ਲੰਡਨ (UCL), ਯੂ. ਕੇ. ਵਿਖੇ ਸਿੱਖ ਐਜੂਕੇਸ਼ਨ ਕੌਂਸਲ ਯੂ. ਕੇ. ਵੱਲੋਂ ਆਯੋਜਿਤ ਪੰਜਾਬੀ ਕਾਨਫਰੰਸ ਯੂ. ਕੇ. 2026 ਵਿੱਚ ਭਾਗ ਲਿਆ।
ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੰਜਾਬ, ਲਾਹੌਰ, ਡੈਨਮਾਰਕ, ਕੈਨੇਡਾ, ਯੂ. ਕੇ. ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਵਿਦਵਾਨਾਂ ਅਤੇ ਖੋਜਕਰਤਾਵਾਂ ਨੇ ਸ਼ਿਰਕਤ ਕੀਤੀ। ਕਾਨਫਰੰਸ ਦੌਰਾਨ ਪੰਜਾਬੀ ਭਾਸ਼ਾ, ਸਾਹਿਤ, ਸਿੱਖਿਆ ਅਤੇ ਸੱਭਿਆਚਾਰ ਨਾਲ ਸਬੰਧਤ ਸਮਕਾਲੀ ਮੁੱਦਿਆਂ ’ਤੇ ਗੰਭੀਰ ਅਕਾਦਮਿਕ ਵਿਚਾਰ-ਵਟਾਂਦਰਾ ਹੋਇਆ। ਇਸ ਕਾਨਫਰੰਸ ਦੀ ਵਿਸ਼ੇਸ਼ ਮਹੱਤਤਾ ਇਸ ਗੱਲ ਵਿੱਚ ਰਹੀ ਕਿ ਇੱਕ ਪ੍ਰਮੁੱਖ ਬ੍ਰਿਟਿਸ਼ ਯੂਨੀਵਰਸਿਟੀ ਵਿੱਚ ਗੁਰਮੁਖੀ ਲਿਪੀ ਵਿੱਚ ਖੋਜ-ਪੱਤਰ ਪੇਸ਼ ਕੀਤੇ ਗਏ, ਜਿਸ ਨਾਲ ਅੰਤਰਰਾਸ਼ਟਰੀ ਅਕਾਦਮਿਕ ਮੰਚ ’ਤੇ ਪੰਜਾਬੀ ਭਾਸ਼ਾ ਦੀ ਮੌਜੂਦਗੀ ਨੂੰ ਮਜ਼ਬੂਤੀ ਮਿਲੀ।
ਡਾ. ਪਰਮਜੀਤ ਕੌਰ ਸਿੱਧੂ ਨੇ “ਵਿਸ਼ਵੀਕਰਨ ਅਤੇ ਡਿਜੀਟਲ ਯੁਗ ਵਿਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਪਛਾਣ: ਚੁਣੌਤੀਆਂ ਅਤੇ ਸੰਭਾਵਨਾਵਾਂ” ਵਿਸ਼ੇ ’ਤੇ ਆਪਣਾ ਖੋਜ-ਪੱਤਰ ਪੇਸ਼ ਕੀਤਾ। ਉਨ੍ਹਾਂ ਨੇ ਵਿਸ਼ਵੀਕਰਨ ਅਤੇ ਤੇਜ਼ੀ ਨਾਲ ਹੋ ਰਹੇ ਡਿਜੀਟਲ ਪਰਿਵਰਤਨ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਪਛਾਣ ਸਾਹਮਣੇ ਮੌਜੂਦ ਚੁਣੌਤੀਆਂ ਦੇ ਨਾਲ-ਨਾਲ ਡਿਜੀਟਲ ਤਕਨਾਲੋਜੀ ਰਾਹੀਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਸੰਭਾਲ, ਪ੍ਰਸਾਰ ਅਤੇ ਵਿਸ਼ਵ ਪੱਧਰੀ ਪਹੁੰਚ ਲਈ ਉਪਲਬਧ ਸੰਭਾਵਨਾਵਾਂ ’ਤੇ ਚਾਨਣਾ ਪਾਇਆ।
ਕਾਨਫਰੰਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਪੰਜਾਬੀ ਦੀਆਂ ਸੰਭਾਵਨਾਵਾਂ, ਪ੍ਰਵਾਸੀ ਸਮਾਜ ਵਿੱਚ ਪੰਜਾਬੀ ਸਿੱਖਿਆ, ਪੰਜਾਬੀ ਕੋਸ਼ਕਾਰੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਦੇ ਜੀਵਨ ਤੇ ਯੋਗਦਾਨ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਾਲ 2030 ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੂੰ ਸਮਰਪਿਤ ਇੱਕ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਵਾਉਣ ਦੀ ਮਹੱਤਵਪੂਰਨ ਅਕਾਦਮਿਕ ਪਹਿਲ ਦਾ ਵੀ ਐਲਾਨ ਕੀਤਾ ਗਿਆ।
ਕਾਨਫਰੰਸ ਵਿੱਚ ਭਾਗੀਦਾਰੀ ਅਤੇ ਅਕਾਦਮਿਕ ਯੋਗਦਾਨ ਲਈ ਡਾ. ਸਿੱਧੂ ਨੂੰ ਪ੍ਰਬੰਧਕਾਂ ਵੱਲੋਂ ‘ਸਨਮਾਨ ਪੱਤਰ’ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਅੰਤਰਰਾਸ਼ਟਰੀ ਅਕਾਦਮਿਕ ਮੰਚ ’ਤੇ ਸਥਾਪਿਤ ਕਰਨ ਲਈ ਪ੍ਰਬੰਧਕਾਂ ਵੱਲੋਂ ਪ੍ਰਦਾਨ ਕੀਤੇ ਇਸ ਮਹੱਤਵਪੂਰਨ ਮੌਕੇ ਲਈ ਧੰਨਵਾਦ ਪ੍ਰਗਟ ਕੀਤਾ।
- Download Babushahi App
-
-