ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਰਹਿਣ, CJI ਸੂਰਿਆ ਕਾਂਤ ਨੇ ਇਵੇਂ ਕਿਉਂ ਕਿਹਾ ?
ਨਵੀਂ ਦਿੱਲੀ, 16 ਅਗਸਤ, 2026
ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸੂਰਿਆ ਕਾਂਤ ਨੇ ਸ਼ਨੀਵਾਰ ਨੂੰ ਇੱਕ ਸਮਾਗਮ ਦੌਰਾਨ ਨੌਜਵਾਨ ਕਾਨੂੰਨ ਗ੍ਰੈਜੂਏਟਾਂ ਅਤੇ ਵਕੀਲਾਂ ਨੂੰ ਨਿਆਂ ਪ੍ਰਣਾਲੀ ਅਤੇ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਦੇ ਸਮੇਂ ਤੋਂ ਹੀ ਕਾਨੂੰਨੀ ਖੇਤਰ (ਬਾਰ) ਨੇ ਅਹਿਮ ਜ਼ਿੰਮੇਵਾਰੀ ਨਿਭਾਈ ਹੈ, ਜੋ ਹੁਣ ਨਵੀਂ ਪੀੜ੍ਹੀ ਦੇ ਮੋਢਿਆਂ 'ਤੇ ਆ ਰਹੀ ਹੈ। ਉਨ੍ਹਾਂ ਨੌਜਵਾਨ ਵਕੀਲਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਫ਼ਰਜ਼ ਹੈ ਕਿ ਉਹ ਪਿਛਲੀਆਂ ਪੀੜ੍ਹੀਆਂ ਵੱਲੋਂ ਬਣਾਏ ਨਿਆਂ ਦੇ ਸੰਸਥਾਨਾਂ ਨੂੰ ਸੁਰੱਖਿਅਤ ਰੱਖਣ ਅਤੇ ਅੱਗੇ ਵਧਾਉਣ।
ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਸੀਜੇਆਈ ਨੇ ਮੰਨਿਆ ਕਿ ਅੱਜ ਵਕਾਲਤ ਦੇ ਖੇਤਰ ਵਿੱਚ ਮੁਕਾਬਲਾ ਅਤੇ ਦਬਾਅ ਵਧ ਗਿਆ ਹੈ, ਪਰ ਉਨ੍ਹਾਂ ਨੂੰ ਨਵੀਂ ਪੀੜ੍ਹੀ ਦੀ ਬੁੱਧੀ, ਯੋਗਤਾ ਅਤੇ ਸਮਰਪਣ 'ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਤਕਨਾਲੋਜੀ ਦੀ ਬਹਤੁਰੀਨ ਵਰਤੋਂ ਕਰ ਰਹੀ ਹੈ ਅਤੇ ਸਮਾਨਤਾ, ਸਮਾਵੇਸ਼ ਤੇ ਨਿਆਂ ਵਰਗੇ ਸਮਾਜਿਕ ਮੁੱਦਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੈ।
ਇਸ ਦੇ ਨਾਲ ਹੀ ਆਜ਼ਾਦੀ ਸੰਗਰਾਮ ਵਿੱਚ ਵਕੀਲਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਮਹਾਤਮਾ ਗਾਂਧੀ, ਡਾ. ਬੀ.ਆਰ. ਅੰਬੇਡਕਰ, ਸਰਦਾਰ ਪਟੇਲ ਅਤੇ ਲਾਲਾ ਲਾਜਪਤ ਰਾਏ ਵਰਗੀਆਂ ਮਹਾਨ ਸ਼ਖਸੀਅਤਾਂ ਦੀ ਉਦਾਹਰਨ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦਾ ਆਜ਼ਾਦੀ ਸੰਗਰਾਮ ਸਿਰਫ਼ ਹਥਿਆਰਬੰਦ ਵਿਦਰੋਹ ਨਹੀਂ ਸੀ, ਸਗੋਂ ਕਾਨੂੰਨ ਦੀ ਭਾਸ਼ਾ ਅਤੇ ਬਹਿਸ ਰਾਹੀਂ ਬਸਤੀਵਾਦੀ ਸ਼ਾਸਨ ਨੂੰ ਚੁਣੌਤੀ ਸੀ। ਉਨ੍ਹਾਂ ਜ਼ੋਰ ਦਿੱਤਾ ਕਿ ਕਾਨੂੰਨ ਦਾ ਮੁੱਖ ਉਦੇਸ਼ ਨਿਆਂ ਪ੍ਰਦਾਨ ਕਰਨਾ, ਆਜ਼ਾਦੀ ਦੀ ਰੱਖਿਆ ਕਰਨਾ ਅਤੇ ਮਨੁੱਖੀ ਸਨਮਾਨ ਨੂੰ ਬਰਕਰਾਰ ਰੱਖਣਾ ਹੈ।
- Download Babushahi App
-
-