Political Special ਬਠਿੰਡਾ ਦਿਹਾਤੀ ਹਲਕਾ : ਕੋਟਫੱਤਿਆਂ ਵਿਚਕਾਰ ਹੋਵੇਗੀ ‘ ਸਿਆਸੀ ਫੀਤੀਆਂ’ ਲਈ ਚੋਣ ਜੰਗ
ਅਸ਼ੋਕ ਵਰਮਾ
ਬਠਿੰਡਾ , 13 ਅਗਸਤ 2026 : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇੱਕੋ ਜਿਹੇ ਨਾਵਾਂ ਵਾਲੇ ਉਮੀਦਵਾਰ ਖੜ੍ਹੇ ਕਰਨ ਦਾ ਰੁਝਾਨ ਕਾਫੀ ਪੁਰਾਣਾ ਹੈ ਪਰ 2027 ’ਚ ਬਠਿੰਡਾ ਜਿਲ੍ਹੇ ਦੇ ਦਿਹਾਤੀ ਹਲਕੇ ਤੋਂ ਕਈ ਉਮੀਦਵਾਰ ਇੱਕੋ ਹੀ ਪਿੰਡ ਨਾਲ ਸਬੰਧਤ ਹੋਣ ਇਹ ਸੰਭਾਵਨਾ ਪਹਿਲੀ ਵਾਰ ਬਣਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਵਕਤੋਂ ਪਹਿਲਾਂ ਦੀ ਗੱਲ ਹੈ ਪਰ ਚਰਚਾ ਮੁਤਾਬਕ ਚੌਥਾ ਉਮੀਦਵਾਰ ਵੀ ਇਸੇ ਪਿੰਡ ਕੋਟਫੱਤਾ ਦਾ ਹੋਵੇ ਤਾਂ ਹੈਰਾਨ ਨਾਂ ਹੋਣਾ। ਇਹ ਅਕਾਲੀ ਦਲ ਦਾ ਹੋਵੇਗਾ ਜਾਂ ਕਾਂਗਰਸੀ ਜਾਂ ਫਿਰ ਕੋਈ ਹੋਰ , ਇਸ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਅਸਲ ’ਚ ਇਹ ਚਰਚਾ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡਕੇ ਭਾਜਪਾ ’ਚ ਸ਼ਮੂਲੀਅਤ ਮਗਰੋਂ ਛਿੜੀ ਹੈ। ਦਰਸ਼ਨ ਸਿੰਘ ਕੋਟਫੱਤਾ ‘ਆਪ ’ ਤਰਫੋਂ ਚੋਣ ਲੜਨ ਦੇ ਚਾਹਵਾਨ ਸਨ ਪਰ ਜਦੋਂ ਪਾਰਟੀ ਨੇ ਪੱਲਾ ਨਾਂ ਫੜਾਇਆ ਤਾਂ ਉਹ ਭਾਜਪਾ ’ਚ ਸ਼ਾਮਲ ਹੋ ਗਏ।
ਦਰਸ਼ਨ ਸਿੰਘ ਕੋਟਫੱਤਾ ਨੇ ਵਿਧਾਨ ਸਭਾ ਚੋਣਾਂ 2012 ਦੌਰਾਨ ਅਕਾਲੀ ਉਮੀਦਵਾਰ ਵਜੋਂ ਤਕਰੀਬਨ 5 ਹਜ਼ਾਰ ਦੇ ਫਰਕ ਨਾਲ ਚੋਣ ਜਿੱਤੀ ਸੀ। ਬੇਸ਼ੱਕ ਫੈਸਲਾ ਪਾਰਟੀ ਵੱਲੋਂ ਕੀਤਾ ਜਾਣਾ ਹੈ ਪਰ ਚਰਚਿਆਂ ਮੁਤਾਬਕ ਦਰਸ਼ਨ ਸਿੰਘ ਕੋਟਫੱਤਾ ਭਾਜਪਾ ਉਮੀਦਵਾਰ ਵਜੋਂ ਚੋਣ ਲੜਨਗੇ। ਇਸੇ ਤਰਾਂ ਹੀ ਕੋਟ ਫੱਤਾ ਵਾਸੀ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵੱਲੋਂ ਦਿਹਾਤੀ ਹਲਕੇ ਤੋਂ ਚੋਣ ਲੜਨ ਦੇ ਅਨੁਮਾਨ ਹਨ ਜਦੋਂਕਿ ਉਨ੍ਹਾਂ ਦੇ ਹਮਾਇਤੀ ਟਿਕਟ ਪੱਕੀ ਹੋਣ ਦਾ ਦਾਅਵਾ ਕਰ ਰਹੇ ਹਨ। ਗੋਪਾਲ ਸਿੰਘ ਸਾਬਕਾ ਪੀਸੀਐਸ ਅਧਿਕਾਰੀ ਹੈ ਅਤੇ ਅਫਸਰ ਬਣਨ ਤੋਂ ਬਠਿੰਡਾ ਵਿੱਚ ਮਾਲ ਵਿਭਾਗ ’ਚ ਤਾਇਨਾਤ ਰਹਿਣ ਕਰਕੇ ਜਿਲ੍ਹੇ ਦੀ ਰਗ ਰਗ ਤੋਂ ਵਾਕਿਫ ਹੈ। ਇਹੋ ਕਾਰਨ ਹੈ ਕਿ ਵਿਧਾਇਕ ਅਮਿਤ ਰਤਨ ਦੇ ਕਥਿਤ ਰਿਸ਼ਵਤ ਕਾਂਡ ’ਚ ਉਲਝਣ ਪਿੱਛੋਂ ਆਮ ਆਦਮੀ ਪਾਰਟੀ ਨੇ ਵਿਵਾਦਾਂ ਤੋਂ ਰਹਿਤ ਅਤੇ ਇਮਾਨਦਾਰ ਸਾਬਕਾ ਅਫਸਰ ਗੋਪਾਲ ਸਿੰਘ ਕੋਟਫੱਤਾ ਨੂੰ ਸਿਆਸੀ ਤੌਰ ’ਤੇ ਸ਼ਿੰਗਾਰਿਆ ਹੈ।
ਕੋਟਫੱਤਿਆਂ ਦੀ ਇਸ ਲੜੀ ’ਚ ਤੀਸਰਾ ਨਾਮ ਮੌਜੂਦਾ ਵਿਧਾਇਕ ਅਮਿਤ ਰਤਨ ਕੋਟਫੱਤਾ ਦਾ ਬੋਲਦਾ ਹੈ ਜਿੰਨ੍ਹਾਂ ਵੱਲੋਂ ਹਾਲੇ ਤੱਕ ਅਜਾਦ ਚੋਣ ਲੜਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਅਮਿਤ ਰਤਨ ਨੇ ਸਾਲ 2017 ’ਚ ਇਸੇ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤਰਫੋਂ ਚੋਣ ਲੜੀ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਮੱਤਭੇਦ ਹੋਣ ਕਾਰਨ ਅਮਿਤ ਰਤਨ ਅਤੇ ਸ਼੍ਰੋੋਮਣੀ ਅਕਾਲੀ ਦਲ ਵਿਚਕਾਰ ਤੋੜ ਵਿਛੋੜਾ ਹੋ ਗਿਆ ਸੀ। ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਅਮਿਤ ਰਤਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਅਤੇ 35 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ। ਕਥਿਤ ਰਿਸ਼ਵਤ ਮਾਮਲੇ ’ਚ ਉਲਝਣ ਕਾਰਨ ‘ਆਪ’ ਨੇ ਟਿਕਟ ਨਾਂ ਦਿੱਤੀ ਤਾਂ ਅਮਿਤ ਰਤਨ ਵੱਲੋਂ ਅਜਾਦ ਚੋਣ ਲੜਨ ਦੀ ਸੰਭਾਵਨਾ ਹੈ। ਅਮਿਤ ਰਤਨ ਨੇ ਚੋਣ ਲੜਨ ਦੀ ਪੁਸ਼ਟੀ ਤਾਂ ਕੀਤੀ ਪਰ ਪਾਰਟੀ ਜਾਂ ਅਜਾਦ ਲੜਨ ਸਬੰਧੀ ਓਹਲਾ ਰੱਖ ਲਿਆ।
ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਹੋਰ ਉਮੀਦਵਾਰ ਪਿੰਡ ਕੋਟਫੱਤਾ ਦਾ ਹੋਣ ਦੀ ਵੱਡੇ ਪੱਧਰ ’ਤੇ ਚਰਚਾ ਹੈ ਪਰ ਪਾਰਟੀ ਕਿਹੜੀ ਹੋਵੇਗੀ ਇਸ ਬਾਰੇ ਹਾਲ ਦੀ ਘੜੀ ਭੇਦ ਬਣਿਆ ਹੋਇਆ ਹੈ। ਪਿੰਡ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਕੋਟਫੱਤਾ ’ਚ ਐਸਸੀ ਵਰਗ ਦੇ ਪੜ੍ਹੇ ਲਿਖੇ ਸਮਰੱਥ ਵਿਅਕਤੀਆਂ ਦੀ ਗਿਣਤੀ ਕਾਫੀ ਵੱਡੀ ਹੈ ਜਿਸ ਕਰਕੇ ਇੰਨ੍ਹਾਂ ਚਰਚਿਆਂ ਨੂੰ ਹਵਾ ਮਿਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਕਾਟੋ ਕਲੇਸ਼ ਅਤੇ ਸ਼ੋਮਣੀ ਅਕਾਲੀ ਦਲ ਦੀ ਤਾਜਾ ਸਥਿਤੀ ਕਾਰਨ ਫਿਲਹਾਲ ਪਿੰਡ ਦੇ ਕਾਫੀ ਲੋਕਾਂ ਨੇ ਚੁੱਪ ਵੱਟੀ ਹੋਈ ਹੈ ਅਤੇ ਤੇਲ ਦੇਖੋ ਤੇਲ ਦੀ ਧਾਰ ਦੇਖੋ ਨੀਤੀ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਨੇ ਇੰਨ੍ਹਾਂ ਲੋਕਾਂ ਤੱਕ ਪਹੁੰਚ ਕੀਤੀ ਤਾਂ ਚੌਥਾ ਉਮੀਦਵਾਰ ਵੀ ਕੋਟ ਫੱਤਾ ਨਾਲ ਸਬੰਧਤ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਦਿਲਚਸਪ ਹੋਣਗੇ ਮੁਕਾਬਲੇ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬਠਿੰਡਾ ਦਿਹਾਤੀ ਹਲਕੇ ਦਾ ਚੋਣ ਗਣਿਤ ਇਹੋ ਬਣਦਾ ਹੈ ਤਾਂ ਚੋਣ ਮੁਕਾਬਲੇ ਦਿਲਚਸਪ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤਰਾਂ ਨਾਲ ਇੱਕ ਹੀ ਪਿੰਡ ਨਾਲ ਸਬੰਧਤ ਵੱਖ ਵੱਖ ਸਿਆਸੀ ਧਿਰਾਂ ਦੀ ਹਲਕੇ ’ਚ ਰਾਜਨੀਤਕ ਪਕੜ ਅਤੇ ਨਿੱਜੀ ਪ੍ਰਭਾਵ ਵੀ ਪਰਖਿਆ ਜਾਏਗਾ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਸ ਮਾਮਲੇ ’ਚ ਪਿੰਡ ਕੋਟ ਫੱਤਾ ਦੇ ਵੋਟਰਾਂ ਲਈ ਵੀ ਪਰਖ ਦੀ ਘੜੀ ਹੋਵੇਗੀ ਕਿਉਂਕਿ ਕਈ ਉਮੀਦਵਾਰਾਂ ਚੋਂ ਇੱਕ ਦੀ ਚੋਣ ਕਰਨੀ ਔਖੀ ਹੋ ਜਾਣੀ ਹੈ। ਹਾਲਾਂਕਿ ਚੋਣ ਲਈ ਅਧਿਕਾਰਤਾ ਉਮੀਦਵਾਰਾਂ ਦਾ ਐਲਾਨ ਹੋਣਾ ਅਜੇ ਦੂਰ ਹੈ ਪਰ ਕੋਟ ਫੱਤੇ ਵਾਲਿਆਂ ਦੀ ਪੈਂਤੜੇਬਾਜੀ ਨੇ ਸਿਆਸੀ ਮੈਦਾਨ ਅਗੇਤਾ ਭਖਾ ਦਿੱਤਾ ਹੈ ਜਿਸ ਸਦਕਾ ਦਿਹਾਤੀ ਹਲਕੇ ਦੀ ਰਾਜਨੀਤੀ ਇੱਕ ਦਿਲਚਸਪ ਮੋੜ ਕੱਟਦੀ ਨਜ਼ਰ ਆ ਰਹੀ ਹੈ।
- Download Babushahi App
-
-