ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਹੋਈ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ, 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ, 13 ਅਗਸਤ
15 ਅਗਸਤ ਨੂੰ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਮੌਕੇ ਗੁਰਦਾਸਪੁਰ ਦੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ, ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਸਬੰਧੀ ਅੱਜ ਫੁੱਲ ਡਰੈੱਸ ਰਿਹਰਸਲ ਕੀਤੀ ਗਈ, ਜਿਸ ਦਾ ਨਿਰੀਖਣ ਸ੍ਰੀ ਆਦਿਤਿਆ ਉੱਪਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ ਐੱਸ ਪੀ ਗੁਰਦਾਸਪੁਰ ਸ੍ਰੀ ਆਦਿਤਿਆ, ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵੀ ਮੌਜੂਦ ਸਨ।
ਆਜ਼ਾਦੀ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ, ਉਪਰੰਤ ਉਨ੍ਹਾਂ ਵੱਲੋਂ ਪਰੇਡ ਦਾ ਮੁਆਇਨਾ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਦੋ ਟੁਕੜੀਆਂ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡ, ਐਨ.ਸੀ.ਸੀ. ਕੈਡਿਟਸ, ਪੰਜਾਬ ਪੁਲਿਸ ਅਤੇ ਭਾਰਤੀ ਫ਼ੌਜ ਦੀ ਬੈਂਡ ਟੀਮ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਇਸ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਸ੍ਰੀ ਪਰਦੀਪ ਸਿੰਘ ਡੀ.ਐੱਸ.ਪੀ ਵੱਲੋਂ ਕੀਤੀ ਗਈ।
ਉਪਰੰਤ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ 'ਤੇ ਆਧਾਰਿਤ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਉੱਪਲ ਨੇ ਦੱਸਿਆ ਕਿ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਉਨ੍ਹਾਂ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ।
- Download Babushahi App
-
-