ਫਰਾਂਸਿਸ ਪਾਰਕ ’ਚ ਜਗਰੂਪ ਬਰਾੜ ਦਾ ‘ਸਮਰ ਮਿਲਣੀ’ ਸਮਾਗਮ ਬਣਿਆ ਭਾਈਚਾਰਕ ਸਾਂਝ ਦਾ ਮੰਚ
ਸਿਆਸੀ ਆਗੂਆਂ, ਸਮਰਥਕਾਂ ਤੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
ਹਰਦਮ ਮਾਨ
ਸਰੀ, 10 ਅਗਸਤ 2026- ਗਰਮੀ ਦੀ ਖੁਸ਼ਗਵਾਰ ਸ਼ਾਮ ਵਿੱਚ ਆਪਸੀ ਮਿਲਾਪ ਅਤੇ ਭਾਈਚਾਰਕ ਸਾਂਝ ਦਾ ਰੰਗ ਭਰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਮਾਈਨਿੰਗ ਅਤੇ ਖਣਿਜ ਮੰਤਰੀ ਜਗਰੂਪ ਸਿੰਘ ਬਰਾੜ ਵੱਲੋਂ ਸਰੀ ਦੇ ਫਰਾਂਸਿਸ ਪਾਰਕ ਵਿਖੇ ਸਮਰ ਬਾਰਬੀਕਿਊ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਿਆਸੀ ਹਲਕਿਆਂ ਨਾਲ ਸਬੰਧਤ ਆਗੂਆਂ ਤੋਂ ਇਲਾਵਾ ਸ. ਬਰਾੜ ਦੇ ਸਮਰਥਕਾਂ, ਦੋਸਤਾਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਮਿਲਣੀ ਸਮੇਂ ਸਿਆਸਤ, ਭਾਈਚਾਰਕ ਸਾਂਝ, ਸਮਾਜਿਕ ਜ਼ਿੰਮੇਵਾਰੀ ਅਤੇ ਬੱਚਿਆਂ ਦੀ ਸਿਰਜਣਾਤਮਕਤਾ ਦੇ ਕਈ ਰੰਗ ਇੱਕੋ ਮੰਚ ’ਤੇ ਨਜ਼ਰ ਆਏ।
ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਤੇ ਗੁਰਬਖਸ਼ ਸੈਣੀ, ਸਰੀ ਦੀ ਮੇਅਰ ਬਰੇਂਡਾ ਲੌਕ, ਮਾਈਕ ਸਟਾਰਚੁੱਕ, ਲਿੰਡਾ ਐਨਿਸ, ਗੈਰੀ ਬੈੱਗ ਐਮ.ਐਲ.ਏ., ਸੀਨਾ ਵਰਮਾਨੀ, ਆਮਨਾ ਸ਼ਾਹ ਐਮ.ਐਲ.ਏ. ਅਤੇ ਪ੍ਰਿਅੰਕਾ ਸਮੇਤ ਕਈ ਆਗੂਆਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਸੀ ਸਹਿਯੋਗ ਅਤੇ ਭਾਈਚਾਰਕ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਮਹਿਮਾਨਾਂ ਨੇ ਸੁਆਦਲੇ ਪਕਵਾਨਾਂ ਦਾ ਆਨੰਦ ਲੈਂਦਿਆਂ ਇੱਕ-ਦੂਜੇ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਖੁਸ਼ਗਵਾਰ ਮਾਹੌਲ ਵਿੱਚ ਸਮਾਂ ਬਿਤਾਇਆ। ਪਾਰਕ ਦਾ ਮਾਹੌਲ ਆਪਸੀ ਮਿਲਾਪ ਅਤੇ ਹਾਸੇ-ਠੱਠੇ ਨਾਲ ਰੌਣਕਮਈ ਬਣਿਆ ਰਿਹਾ।
ਸਮਾਗਮ ਵਿੱਚ ਸਕੂਲੀ ਬੱਚਿਆਂ ਲਈ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਮੁਕਾਬਲੇ ਵਿੱਚ ਹਿੱਸਾ ਲੈਂਦਿਆਂ ਆਪਣੀ ਕਲਪਨਾ ਅਤੇ ਚਿੱਤਰਕਲਾ ਦੇ ਹੁਨਰ ਨੂੰ ਕੈਨਵਸ ’ਤੇ ਉਤਾਰਿਆ। ਉਨ੍ਹਾਂ ਦੀਆਂ ਰੰਗ-ਬਿਰੰਗੀਆਂ ਰਚਨਾਵਾਂ ਨੇ ਸਮਾਗਮ ਨੂੰ ਇੱਕ ਵੱਖਰੀ ਰਚਨਾਤਮਕ ਛੋਹ ਦਿੱਤੀ।
ਮੈਟਰੋ ਵੈਨ ਹੈਲਥ ਗਰੁੱਪ ਨਾਲ ਜੁੜੇ ਉੱਦਮੀ ਨੌਜਵਾਨਾਂ ਨੇ ਹਸਪਤਾਲਾਂ ਵਿੱਚ ਇਲਾਜ ਲਈ ਜੂਝ ਰਹੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਵਾਸਤੇ ਚਲਾਈ ਜਾ ਰਹੀ ਫੰਡਰੇਜ਼ਿੰਗ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਾਜ਼ਰ ਲੋਕਾਂ ਨੂੰ ਇਸ ਮਨੁੱਖੀ ਕਾਰਜ ਲਈ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਉੱਘੇ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਵੱਲੋਂ ਸਾਬਕਾ ਡੀ.ਜੀ.ਪੀ. ਰਾਜਵੀਰ ਸਿੰਘ ਦੀ ਲਿਖੀ ਕਿਤਾਬ ‘ਐਵਰ ਅਨਵਰਡ’ ਜਗਰੂਪ ਸਿੰਘ ਬਰਾੜ ਨੂੰ ਭੇਂਟ ਕੀਤੀ ਗਈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹਰਚੰਦ ਸਿੰਘ ਭੰਗੂ, ਤਰਕਸ਼ੀਲ ਆਗੂ ਜਸਵਿੰਦਰ ਹੇਅਰ, ਅਜਮੇਰ ਸਿੰਘ ਭਾਗਪੁਰ, ਅਵਤਾਰ ਸਿੰਘ ਢਿੱਲੋਂ, ਪਿਕਸ ਦੇ ਸੀ.ਈ.ਓ. ਸਤਬੀਰ ਚੀਮਾ, ਗੁਰਜੀਤ ਖੁਰਾਣਾ, ਵਿਕਾਸ ਖੁਰਾਣਾ, ਜੈ ਵਿਰਦੀ, ਸੁਰਿੰਦਰ ਸੰਧੂ ਅਤੇ ਰੈਲਿਸ਼ਨੂਰ ਰੰਧਾਵਾ ਸ਼ਾਮਲ ਹੋਏ। ਅੰਤ ਵਿੱਚ ਪੇਂਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਜਗਰੂਪ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਸ. ਬਰਾੜ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ, ਸਮਰਥਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
- Download Babushahi App
-
-