ਦਿੱਲੀ ਵਿੱਚ ਵਿਦਿਆਰਥੀਆਂ 'ਤੇ ਪੈਲਟ ਗਨ ਦੀ ਨਿੰਦਾ ਠੀਕ, ਪਰ ਪੰਜਾਬ ਦੇ ਕਿਸਾਨਾਂ 'ਤੇ ਹੋਈ ਕਾਰਵਾਈ 'ਤੇ ਚੁੱਪੀ ਕਿਉਂ? : ਪਰਗਟ ਸਿੰਘ
ਪੰਜਾਬ ਵਿੱਚ ਕਿਸਾਨਾਂ 'ਤੇ ਚਲਾਈ ਗਈ ਪੈਲਟ ਗਨ ਨਾਲ ਨੌਜਵਾਨ ਕਿਸਾਨ ਦੀ ਮੌਤ ਹੋਈ ਸੀ, ਸਰਕਾਰ ਨੇ ਕਿਉਂ ਨਹੀਂ ਕੀਤੀ ਕੋਈ ਕਾਰਵਾਈ?
ਜੇਕਰ ਵਿਧਾਨ ਸਭਾ ਮਨੁੱਖੀ ਅਧਿਕਾਰਾਂ ਦੇ ਪੱਖ ਵਿੱਚ ਹੈ ਤਾਂ ਹਰ ਪੀੜਤ ਲਈ ਇੱਕੋ ਜਿਹਾ ਇਨਸਾਫ਼ ਯਕੀਨੀ ਬਣਾਏ
ਚੰਡੀਗੜ੍ਹ, 6 ਅਗਸਤ, 2026
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਵਿਧਾਨ ਸਭਾ ਵੱਲੋਂ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਕਥਿਤ ਤੌਰ 'ਤੇ ਪੈਲਟ ਗਨ ਦੀ ਵਰਤੋਂ ਦੀ ਸਰਬਸੰਮਤੀ ਨਾਲ ਨਿੰਦਾ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰੀ ਹੱਕਾਂ ਦੀ ਰੱਖਿਆ ਕਿਸੇ ਇੱਕ ਘਟਨਾ ਜਾਂ ਸਿਆਸੀ ਸਹੂਲਤ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ।
ਪਰਗਟ ਸਿੰਘ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਵਿਦਿਆਰਥੀਆਂ ਖ਼ਿਲਾਫ਼ ਪੈਲਟ ਗਨ ਦੀ ਵਰਤੋਂ ਦੀ ਨਿੰਦਾ ਕਰਦੀ ਹੈ ਤਾਂ ਦੋ ਸਾਲ ਪਹਿਲਾਂ ਪੰਜਾਬ ਦੀ ਧਰਤੀ 'ਤੇ ਕਿਸਾਨਾਂ ਖ਼ਿਲਾਫ਼ ਹੋਈ ਪੈਲਟ ਗਨ ਦੀ ਵਰਤੋਂ 'ਤੇ ਚੁੱਪੀ ਕਿਉਂ ਧਾਰੀ ਹੋਈ ਹੈ? ਸਰਕਾਰ ਨੂੰ ਹਰ ਪੀੜਤ ਪ੍ਰਤੀ ਇੱਕੋ ਜਿਹੀ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਸ ਘਟਨਾ ਵਿੱਚ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਸੀ, ਜਦਕਿ ਕਈ ਹੋਰ ਕਿਸਾਨ ਸਥਾਈ ਤੌਰ 'ਤੇ ਜ਼ਖ਼ਮੀ ਹੋਏ ਅਤੇ ਅੱਜ ਵੀ ਉਸ ਦੇ ਗੰਭੀਰ ਨਤੀਜੇ ਭੁਗਤ ਰਹੇ ਹਨ।
ਉਨ੍ਹਾਂ ਸਵਾਲ ਕੀਤਾ ਕਿ ਕਿਸਾਨਾਂ 'ਤੇ ਪੈਲਟ ਗਨ ਚਲਾਉਣ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਅੱਜ ਤੱਕ ਕਾਰਵਾਈ ਕਿਉਂ ਨਹੀਂ ਹੋਈ? ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਅਜੇ ਤੱਕ ਐਫ਼ਆਈਆਰ ਦਰਜ ਨਾ ਹੋਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਅਤੇ ਪੀੜਤ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਧਾਨ ਸਭਾ ਸੱਚਮੁੱਚ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧ ਹੈ ਤਾਂ ਉਸ ਨੂੰ ਹਰ ਉਸ ਘਟਨਾ 'ਤੇ ਇੱਕੋ ਜਿਹੀ ਆਵਾਜ਼ ਉਠਾਉਣੀ ਚਾਹੀਦੀ ਹੈ ਜਿੱਥੇ ਨਾਗਰਿਕਾਂ ਦੇ ਅਧਿਕਾਰਾਂ ਦਾ ਉਲੰਘਣ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ 'ਤੇ ਹੋਈ ਕਾਰਵਾਈ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ, ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ।
- Download Babushahi App
-
-