BIG BREAKING: ED ਦੀ ਕਾਰਵਾਈ 'ਤੇ AAP ਨੇ ਚੁੱਕੇ ਸਵਾਲ; ਕਿਹਾ- CM ਮਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸਿਸ਼
Babushahi Network
ਚੰਡੀਗੜ੍ਹ, 4 ਅਗਸਤ 2026- ਆਮ ਆਦਮੀ ਪਾਰਟੀ (AAP Punjab) ਨੇ 'ਪੰਜਾਬ ਸਟੇਟ ਇੰਡਸਟ੍ਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ' (PSIDC) ਦੇ ਅਧਿਕਾਰੀਆਂ ਦੇ ਘਰਾਂ 'ਤੇ ਈ.ਡੀ. ਵੱਲੋਂ ਮਾਰੇ ਗਏ ਛਾਪਿਆਂ ਨੂੰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਅਤੇ ਸਿਆਸੀ ਬਦਲਾਖੋਰੀ ਦੀ ਸਿਖਰ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਅਤੇ ਭਾਜਪਾ ਨੂੰ 'ਈ.ਡੀ. ਪਾਰਟੀ' ਤੱਕ ਕਹਿ ਦਿੱਤਾ ਹੈ। AAP ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੰਤਰ-ਮੰਤਰ ਵਿਖੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ (ਈ.ਡੀ. ਪਾਰਟੀ) ਦੇ ਖ਼ਿਲਾਫ਼ ਲੋਕਾਂ ਦਾ ਗੁੱਸਾ ਫੁੱਟਿਆ ਸੀ, ਉਸ ਨੇ PM Modi ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਲੋਕਾਂ ਦੇ ਇਸ ਵਧ ਰਹੇ ਗੁੱਸੇ ਦਾ ਸਾਹਮਣਾ ਕਰਨ ਅਤੇ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ, ਕੇਂਦਰੀ ਤਫ਼ਤੀਸ਼ੀ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾਉਣ ਦਾ ਕੋਸ਼ਿਸ਼ ਕਰ ਰਹੀ ਹੈ।
'ਆਪ' ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਖ਼ਿਲਾਫ਼ ਈ.ਡੀ., ਸੀ.ਬੀ.ਆਈ. ਅਤੇ ਇਨਕਮ ਟੈਕਸ ਵਿਭਾਗ ਵਰਗੀਆਂ ਤਮਾਮ ਵੱਡੀਆਂ ਏਜੰਸੀਆਂ ਨੂੰ ਝੋਕ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਜਾਂਚ ਕੀਤੀ ਗਈ, ਪਰ ਬਾਰ-ਬਾਰ ਦੀਆਂ ਜਾਂਚਾਂ ਅਤੇ ਛਾਪੇਮਾਰੀਆਂ ਦੇ ਬਾਵਜੂਦ ਕੇਂਦਰੀ ਏਜੰਸੀਆਂ ਨੂੰ CM ਮਾਨ ਦੇ ਖ਼ਿਲਾਫ਼ ਕੋਈ ਵੀ ਸਬੂਤ ਜਾਂ ਠੋਸ ਤੱਥ ਨਹੀਂ ਮਿਲ ਸਕੇ। AAP ਨੇ ਕਿਹਾ ਕਿ ਜਦੋਂ ਭਾਜਪਾ ਅਤੇ ਕੇਂਦਰੀ ਏਜੰਸੀਆਂ ਮੁੱਖ ਮੰਤਰੀ 'ਤੇ ਕੋਈ ਵੀ ਝੂਠਾ ਇਲਜ਼ਾਮ ਲਗਾਉਣ ਵਿੱਚ ਨਾਕਾਮ ਰਹੀਆਂ, ਤਾਂ ਹੁਣ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਜੁੜੇ ਅਧਿਕਾਰੀਆਂ ਅਤੇ ਹੋਰ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। PSIDC ਦੇ ਅਧਿਕਾਰੀਆਂ 'ਤੇ ਕੀਤੀ ਗਈ ਛਾਪੇਮਾਰੀ ਇਸੇ ਬੌਖਲਾਹਟ ਦਾ ਸਿੱਧਾ ਨਤੀਜਾ ਹੈ। ਇਸ ਦਾ ਮਕਸਦ ਸਿਰਫ਼ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਬਦਨਾਮ ਕਰਨਾ ਅਤੇ ਬਿਨਾਂ ਕਿਸੇ ਤੱਥ ਜਾਂ ਸਬੂਤ ਦੇ ਝੂਠੀਆਂ ਅਫ਼ਵਾਹਾਂ ਫੈਲਾਉਣਾ ਹੈ।
ਆਮ ਆਦਮੀ ਪਾਰਟੀ ਨੇ ਸਪੱਸ਼ਟ ਕੀਤਾ ਕਿ ਭਾਜਪਾ ਜਾਂਚ ਦੇ ਜ਼ਰੀਏ ਤਾਂ ਕੁਝ ਹਾਸਲ ਨਹੀਂ ਕਰ ਸਕੀ, ਇਸ ਲਈ ਹੁਣ ਉਹ ਝੂਠੇ ਪ੍ਰਚਾਰ ਅਤੇ ਪ੍ਰੋਪੈਗੰਡਾ ਦਾ ਸਹਾਰਾ ਲੈ ਕੇ ਆਪਣਾ ਸਿਆਸੀ ਏਜੰਡਾ ਚਲਾਉਣਾ ਚਾਹੁੰਦੀ ਹੈ। 'ਆਪ' ਨੇ ਕੇਂਦਰ ਸਰਕਾਰ ਦੀ ਇਸ ਡਰਾਉਣ-ਧਮਕਾਉਣ ਅਤੇ ਬਦਲਾਖੋਰੀ ਵਾਲੀ ਰਾਜਨੀਤੀ ਦੀ ਪੂਰੇ ਜ਼ੋਰ ਨਾਲ ਨਿੰਦਾ ਕੀਤੀ ਹੈ। ਬਿਆਨ ਦੇ ਅਖੀਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਸਮਝਦਾਰ ਲੋਕ ਅਤੇ ਪੂਰੇ ਦੇਸ਼ ਦੀ ਜਨਤਾ ਕੇਂਦਰ ਸਰਕਾਰ ਦੀ ਇਸ ਚਾਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਲੋਕ ਜਾਣਦੇ ਹਨ ਕਿ ਇਹ ਕਾਰਵਾਈਆਂ ਕਿਸੇ ਕਾਨੂੰਨ ਜਾਂ ਤੱਥਾਂ ਦੇ ਆਧਾਰ 'ਤੇ ਨਹੀਂ, ਸਗੋਂ ਸਿਆਸੀ ਨਿਰਾਸ਼ਾ ਅਤੇ ਡਰ ਕਾਰਨ ਕੀਤੀਆਂ ਜਾ ਰਹੀਆਂ ਹਨ। ਕੇਂਦਰ ਦੀ ਸਰਕਾਰ ਉਨ੍ਹਾਂ ਲੋਕਾਂ ਨੂੰ ਚੁੱਪ ਕਰਵਾਉਣਾ ਚਾਹੁੰਦੀ ਹੈ ਜੋ ਇਮਾਨਦਾਰੀ ਨਾਲ ਜਨਤਾ ਦੀ ਸੇਵਾ ਕਰ ਰਹੇ ਹਨ, ਪਰ ਪੰਜਾਬ ਦੇ ਲੋਕ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।
- Download Babushahi App
-
-