ਰਮਨ ਬਹਿਲ ਵੱਲੋਂ 66 ਕੇਵੀ ਚੱਕ ਅਰਾਈਆਂ ਸਬ-ਸਟੇਸ਼ਨ ਲੋਕਾਂ ਨੂੰ ਸਮਰਪਿਤ
20 ਪਿੰਡਾਂ ਨੂੰ ਮਿਲੇਗਾ ਭਰੋਸੇਯੋਗ ਬਿਜਲੀ ਸਪਲਾਈ ਦਾ ਲਾਭ
ਰੋਹਿਤ ਗੁਪਤਾ
ਗੁਰਦਾਸਪੁਰ, 30 ਜੂਨ
ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਲਈ ਅੱਜ ਬਹੁਤ ਹੀ ਖੁਸ਼ੀ ਅਤੇ ਮਾਣ ਦਾ ਦਿਨ ਹੈ। ਬਿਜਲੀ ਖੇਤਰ ਵਿੱਚ ਅੱਜ ਇੱਕ ਵੱਡੀ ਪ੍ਰਾਪਤੀ ਹੋਈ ਹੈ, ਜਿਸ ਤਹਿਤ ਕਰੀਬ 20 ਪਿੰਡਾਂ ਨੂੰ 66 ਕੇਵੀ ਚੱਕ ਅਰਾਈਆਂ ਸਬ-ਸਟੇਸ਼ਨ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ।
ਚੱਕ ਅਰਾਈਆਂ ਵਿਖੇ ਨਵੇਂ ਬਣੇ 66 ਕੇਵੀ ਸਬ-ਸਟੇਸ਼ਨ ਦਾ ਜ਼ਿਕਰ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਨਵੰਬਰ 2023 ਵਿੱਚ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਪ੍ਰੋਜੈਕਟ ਮੁਕੰਮਲ ਹੋ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ 66 ਕੇਵੀ ਸਬ-ਸਟੇਸ਼ਨ ਦੇ ਨਿਰਮਾਣ ’ਤੇ ਲਗਭਗ 5 ਕਰੋੜ 25 ਲੱਖ ਰੁਪਏ ਦੀ ਲਾਗਤ ਆਈ ਹੈ। ਪਹਿਲਾਂ ਇਨ੍ਹਾਂ ਪਿੰਡਾਂ ਨੂੰ ਬਿਜਲੀ ਹਰਦੋਛੰਨੀਆਂ ਸਬ-ਸਟੇਸ਼ਨ ਤੋਂ ਮਿਲਦੀ ਸੀ, ਜੋ ਇੱਥੋਂ ਕਰੀਬ 14 ਕਿਲੋਮੀਟਰ ਦੂਰ ਸਥਿਤ ਹੈ। ਲੰਮੀ ਲਾਈਨ ਹੋਣ ਕਾਰਨ ਰਸਤੇ ਵਿੱਚ ਦਰੱਖਤਾਂ ਅਤੇ ਤੇਜ਼ ਹਵਾਵਾਂ ਕਾਰਨ ਅਕਸਰ ਬਿਜਲੀ ਦੀਆਂ ਤਾਰਾਂ ਵਿੱਚ ਨੁਕਸ ਪੈ ਜਾਂਦਾ ਸੀ ਅਤੇ ਲੋਕਾਂ ਨੂੰ ਵਾਰ-ਵਾਰ ਬਿਜਲੀ ਬੰਦ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਇਲਾਕੇ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।
ਰਮਨ ਬਹਿਲ ਨੇ ਦੱਸਿਆ ਕਿ ਇਸ ਨਵੇਂ ਸਬ-ਸਟੇਸ਼ਨ ਨਾਲ ਹੇਮਰਾਜਪੁਰ, ਮੁਸਤਫ਼ਾਬਾਦ, ਲੱਖੋਵਾਲ, ਮਸੀਤ, ਚੱਕ ਅਰਾਈਆਂ, ਵਰਸੋਲਾ, ਸਰਾਵਾਂ, ਦਾਖਲਾ, ਪਰਸੋ ਕਾ ਪਿੰਡ, ਪੂਰੋਵਾਲ ਬਾਹਮਣਾ, ਸਿੰਘੋਵਾਲਾ, ਚੌੜ ਸਿੱਧਵਾਂ, ਕੋਟਲੀ, ਨਰਪੁਰ, ਤੁੰਗ ਸਮੇਤ ਕਰੀਬ 20 ਪਿੰਡਾਂ ਦੇ ਲੋਕਾਂ ਨੂੰ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਸਪਲਾਈ ਦਾ ਲਾਭ ਮਿਲੇਗਾ।
ਉਨ੍ਹਾਂ ਇਸ ਮੌਕੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸਮੁੱਚੀ ਪਾਰਟੀ ਲੀਡਰਸ਼ਿਪ ਅਤੇ ਵਿਸ਼ੇਸ਼ ਤੌਰ ’ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਦਿਨ-ਰਾਤ ਮਿਹਨਤ ਕੀਤੀ। ਉਨ੍ਹਾਂ ਸਾਰੇ ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਇਸ ਮੌਕੇ ਸ਼੍ਰੀ ਐਸ.ਕੇ. ਬੈਂਸ (ਚੀਫ਼ ਇੰਜੀਨੀਅਰ), ਸ਼੍ਰੀ ਅਮਿਤ ਸ਼ਰਮਾ (ਸੁਪਰਡੈਂਟ ਇੰਜੀਨੀਅਰ), ਸ਼੍ਰੀ ਕੁਲਦੀਪ ਸਿੰਘ (ਕਾਰਜਕਾਰੀ ਇੰਜੀਨੀਅਰ), ਹਨੀ ਬਹਿਲ, ਬਾਵਾ ਬਹਿਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ, ਬਲਾਕ ਸੰਮਤੀ ਮੈਂਬਰ ਰਣਜੋਧ ਸਿੰਘ (ਸਿੰਘੋਵਾਲ), ਪ੍ਰਗਟ ਸਿੰਘ ਗੁਣੀਆ, ਬਿਕਰਮ ਸਿੰਘ ਕਾਦੀਆਂਵਾਲੀ, ਸਿਮਰਨਜੀਤ ਸਿੰਘ ਲੱਖੋਵਾਲ, ਪ੍ਰਭੂ ਮਸੀਹ (ਹਯਾਤ ਨਗਰ), ਪਿੰਡ ਕਾਲਾ ਨੰਗਲ ਦੇ ਸਰਪੰਚ ਅਤੇ ਕਿਸਾਨ ਵਿੰਗ ਦੇ ਹਲਕਾ ਕੋਆਰਡੀਨੇਟਰ ਸੁੱਖਵਿੰਦਰ ਸਿੰਘ, ਸਰਪੰਚ ਹਰਦੀਪ ਸਿੰਘ (ਚੱਕ ਅਰਾਈਆਂ) ਸਮੇਤ ਵੱਡੀ ਗਿਣਤੀ ਵਿੱਚ ਸਰਪੰਚ, ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।
- Download Babushahi App
-
-