ਬਹੁਮਤ ਦੇ ਡਰੋਂ ਮਾਨਸਾ ਨਗਰ ਕੌਂਸਲ ਦੀ ਚੋਣ ਮੁਲਤਵੀ ਕਰਨਾ ਸ਼ਰਮਨਾਕ: ਐਡਵੋਕੇਟ ਗੁਰਲਾਭ ਸਿੰਘ ਮਾਹਲ
ਅਸ਼ੋਕ
ਮਾਨਸਾ, 30 ਜੂਨ 2026 :ਅੱਜ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹੋਣੀ ਤੈਅ ਹੋਈ ਸੀ, ਪਰ ਮੌਜੂਦਾ ਸਰਕਾਰ ਵੱਲੋਂ ਆਪਣੀ ਹਾਰ ਦੇ ਡਰੋਂ ਪ੍ਰਸ਼ਾਸਨ 'ਤੇ ਸਿਆਸੀ ਦਬਾਅ ਬਣਾ ਕੇ ਇਸ ਚੋਣ ਪ੍ਰਕਿਰਿਆ ਨੂੰ ਮੁਲਤਵੀ ਕਰਵਾ ਦਿੱਤਾ ਗਿਆ ਹੈ। ਮਾਨਸਾ ਦੇ ਐਡਵੋਕੇਟ ਗੁਰਲਾਲ ਸਿੰਘ ਮਾਹਲ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਇਹ ਮਿਲੀਭੁਗਤ ਅਤਿ ਸ਼ਰਮਨਾਕ ਹੈ ਅਤੇ ਸਿੱਧੇ ਤੌਰ 'ਤੇ ਮਾਨਸਾ ਦੇ ਆਮ ਲੋਕਾਂ ਦੇ ਫਤਵੇ (ਲੋਕ-ਮੱਤ) ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਜੇਕਰ ਸੱਤਾਧਾਰੀ ਧਿਰ ਕੋਲ ਚੋਣ ਜਿੱਤਣ ਲਈ ਲੋੜੀਂਦਾ ਬਹੁਮਤ ਨਹੀਂ ਹੈ, ਤਾਂ ਉਨ੍ਹਾਂ ਨੂੰ ਜਮਹੂਰੀ ਨਿਯਮਾਂ ਦਾ ਸਤਿਕਾਰ ਕਰਦਿਆਂ ਵਿਰੋਧੀ ਧਿਰ ਵਿੱਚ ਬੈਠਣਾ ਸਿੱਖਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਕਿ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਚੋਣਾਂ ਤੋਂ ਭੱਜਣਾ ਗੈਰ ਲੋਕਤੰਤਰੀ ਹੈ। ਅਜਿਹੇ ਗੈਰ-ਸੰਵਿਧਾਨਕ ਹੱਥਕੰਡੇ ਲੋਕਤੰਤਰੀ ਪ੍ਰਣਾਲੀ 'ਤੇ ਇੱਕ ਗੰਭੀਰ ਧੱਬਾ ਹਨ। ਉਹਨਾਂ ਮੰਗ ਕੀਤੀ ਕਕਿ ਇਸ ਸਿਆਸੀ ਡਰਾਮੇਬਾਜ਼ੀ ਨੂੰ ਬੰਦ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਤੁਰੰਤ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇ। ਜੇਕਰ ਲੋਕਤੰਤਰੀ ਹੱਕਾਂ ਨੂੰ ਇਸੇ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਸ਼ਹਿਰ ਦੇ ਸੂਝਵਾਨ ਲੋਕ ਇਸ ਧੱਕੇਸ਼ਾਹੀ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
- Download Babushahi App
-
-