ਇੱਕ ਸਾਲ ਤੋਂ ਮੁਫ਼ਤ ਹਵਾ ਸੇਵਾ ਬੰਦ! ਜੁਗਿਆਣਾ ਦੇ ਜੀਓ ਪੈਟਰੋਲ ਪੰਪ 'ਤੇ ਗਾਹਕ ਹੱਕਾਂ ਦੀ ਉਲੰਘਣਾ ਦੇ ਗੰਭੀਰ ਦੋਸ਼
ਸੁਖਮਿੰਦਰ ਭੰਗੂ
ਲੁਧਿਆਣਾ 26 ਜੂਨ 2026 - ਲੁਧਿਆਣਾ ਦੇ ਜੁਗਿਆਣਾ ਸਥਿਤ ਜੀਓ-ਬੀਪੀ ਪੈਟਰੋਲ ਪੰਪ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਅਖਿਲ ਭਾਰਤੀ ਗ੍ਰਾਹਕ ਪੰਚਾਇਤ (ਪੰਜਾਬ ਇਕਾਈ) ਦੇ ਪ੍ਰੈੱਸ ਸਕੱਤਰ ਰੋਹਿਤ ਅਰੋੜਾ ਵੱਲੋਂ ਕੀਤੀ ਗਈ ਸ਼ਿਕਾਇਤ ਨੇ ਪੈਟਰੋਲ ਪੰਪ ਦੀ ਕਾਰਗੁਜ਼ਾਰੀ ਅਤੇ ਗਾਹਕ ਸੇਵਾਵਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਿਕਾਇਤ ਅਨੁਸਾਰ ਪੈਟਰੋਲ ਪੰਪ 'ਤੇ ਕਰੀਬ ਇੱਕ ਸਾਲ ਤੋਂ ਗਾਹਕਾਂ ਨੂੰ ਲਾਜ਼ਮੀ ਮੁਫ਼ਤ ਹਵਾ ਸੇਵਾ ਨਹੀਂ ਦਿੱਤੀ ਜਾ ਰਹੀ, ਜਦਕਿ ਇਸ ਸਬੰਧੀ ਕਈ ਵਾਰ ਮੌਖਿਕ ਅਤੇ ਲਿਖਤੀ ਸ਼ਿਕਾਇਤਾਂ ਦੇ ਬਾਵਜੂਦ ਕੋਈ ਸੁਧਾਰਾਤਮਕ ਕਦਮ ਨਹੀਂ ਚੁੱਕਿਆ ਗਿਆ।
ਮਾਮਲਾ ਇੱਥੇ ਹੀ ਨਹੀਂ ਰੁਕਦਾ। ਗਾਹਕਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਰੱਖੇ ਗਏ ਕੰਪਲੇਂਟ ਰਜਿਸਟਰ ਦੀ ਕਾਰਵਾਈ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਦੋਸ਼ ਹੈ ਕਿ ਜਦੋਂ ਗਾਹਕ ਸ਼ਿਕਾਇਤ ਰਜਿਸਟਰ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਫੀਡਬੈਕ ਜਾਂ ਸੁਝਾਅ ਬੁੱਕ ਦਿੱਤੀ ਜਾਂਦੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸ਼ਿਕਾਇਤ ਬੁੱਕਾਂ ਵਿੱਚ ਕਾਰਬਨ ਪੇਪਰ ਦੀ ਵਰਤੋਂ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਇੱਕੋ ਸੀਰੀਅਲ ਨੰਬਰ ਵਾਲੀਆਂ ਕਾਪੀਆਂ ਵਿੱਚ ਵੱਖ-ਵੱਖ ਸ਼ਿਕਾਇਤਾਂ ਦਰਜ ਮਿਲੀਆਂ। ਇਸ ਨਾਲ ਸ਼ਿਕਾਇਤਾਂ ਦੀ ਪ੍ਰਮਾਣਿਕਤਾ ਅਤੇ ਨਿਪਟਾਰੇ ਦੀ ਪਾਰਦਰਸ਼ਤਾ 'ਤੇ ਗੰਭੀਰ ਸਵਾਲ ਉੱਠ ਰਹੇ ਹਨ।
ਅਖਿਲ ਭਾਰਤੀ ਗ੍ਰਾਹਕ ਪੰਚਾਇਤ ਨੇ ਇਸ ਮਾਮਲੇ ਨੂੰ ਗਾਹਕ ਅਧਿਕਾਰਾਂ ਨਾਲ ਜੁੜਿਆ ਗੰਭੀਰ ਮਸਲਾ ਕਰਾਰ ਦਿੰਦਿਆਂ ਜੀਓ-ਬੀਪੀ ਦੇ ਖੇਤਰੀ ਪ੍ਰਬੰਧਕ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (DFSC) ਲੁਧਿਆਣਾ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਸੰਸਥਾ ਨੇ ਮੰਗ ਕੀਤੀ ਹੈ ਕਿ ਪੈਟਰੋਲ ਪੰਪ ਦੀ ਤੁਰੰਤ ਜਾਂਚ ਕਰਵਾਈ ਜਾਵੇ, ਮੁਫ਼ਤ ਹਵਾ ਸੇਵਾ ਬਹਾਲ ਕੀਤੀ ਜਾਵੇ, ਪਿਛਲੇ ਇੱਕ ਸਾਲ ਦੇ ਸਾਰੇ ਸ਼ਿਕਾਇਤੀ ਰਿਕਾਰਡ ਦੀ ਪੜਤਾਲ ਕੀਤੀ ਜਾਵੇ ਅਤੇ ਜੇਕਰ ਕੋਈ ਗੜਬੜ ਜਾਂ ਹੇਰਾਫੇਰੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਗਾਹਕ ਸੰਸਥਾ ਦਾ ਕਹਿਣਾ ਹੈ ਕਿ ਪੈਟਰੋਲ ਪੰਪਾਂ 'ਤੇ ਮੁਫ਼ਤ ਹਵਾ, ਸਾਫ਼ ਪੀਣ ਵਾਲਾ ਪਾਣੀ, ਸਾਫ਼-ਸੁਥਰੇ ਸ਼ੌਚਾਲੇ, ਸ਼ਿਕਾਇਤ ਰਜਿਸਟਰ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਕਾਨੂੰਨੀ ਜ਼ਿੰਮੇਵਾਰੀ ਹੈ। ਜੇਕਰ ਕਿਸੇ ਪੈਟਰੋਲ ਪੰਪ 'ਤੇ ਇਹ ਸਹੂਲਤਾਂ ਨਹੀਂ ਮਿਲਦੀਆਂ ਤਾਂ ਇਹ ਸਿੱਧੇ ਤੌਰ 'ਤੇ ਗਾਹਕਾਂ ਦੇ ਹੱਕਾਂ ਦੀ ਉਲੰਘਣਾ ਹੈ।
ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਅਤੇ ਜੀਓ-ਬੀਪੀ ਪ੍ਰਬੰਧਨ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਗਾਹਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਇਹ ਮਾਮਲਾ ਵੀ ਫਾਈਲਾਂ ਵਿੱਚ ਦੱਬ ਕੇ ਰਹਿ ਜਾਂਦਾ ਹੈ।
- Download Babushahi App
-
-